ਪੰਜਾਬ ਸਰਕਾਰ ਨੇ ਐਨਪੀਏ ਦਾ ਕੱਟ ਲਾਇਆ ਹੈ ਜੋ ਬਿਲਕੁੱਲ ਬੇਇਨਸਾਫੀ – ਜੁਆਇੰਟ ਗੌਰਮਿੰਟ ਡਾਕਟਰਜ ਕੌਆਰਡੀਨੇਸ਼ਨ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 16 ਜੁਲਾਈ 2021
ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਰੋਸ ਪ੍ਰਗਟ ਕਰਦਿਆਂ ਬਲਾਕ ਮਹਿਲ ਕਲਾਂ ਦੇ ਸਮੂਹ ਵੈਟਨਰੀ ਡਾਕਟਰਾਂ ਨੇ ਮੁਫਤ ਓਪੀਡੀ ਚਲਾਈ ਅਤੇ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ।ਜੁਆਇੰਟ ਗੌਰਮਿੰਟ ਡਾਕਟਰਜ ਕੌਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ਤਹਿਤ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਮੁਲਾਜ਼ਮ ਵਿਰੋਧੀ ਦੱਸਦਿਆਂ ਡਾਕਟਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਨਪੀਏ ਦਾ ਕੱਟ ਲਾਇਆ ਹੈ ਜੋ ਬਿਲਕੁੱਲ ਬੇਇਨਸਾਫੀ ਹੈ।ਅੱਜ ਡਾਕਟਰਾਂ ਨੇ ਹਸਪਤਾਲਾਂ ਦੇ ਪਾਰਕਾਂ ਵਿਚ ਬੈਠ ਕੇ ਸਰਕਾਰੀ ਪਰਚੀ ਫੀਸ ਦਾ ਬਾਈਕਾਟ ਕਰਦੇ ਹੋਏ ਸਮਾਂਤਰ ਓਪੀਡੀ ਚਲਾਈ ਅਤੇ ਬਿਮਾਰ ਪਸ਼ੂਆ ਦਾ ਮੁਫ਼ਤ ਇਲਾਜ ਕੀਤਾ।
ਇਸ ਮੌਕੇ ਡਾ. ਸੁਖਹਰਮਨਦੀਪ ਸਿੰਘ,ਡਾ.ਜਤਿੰਦਰਪਾਲ ਸਿੰਘ ਸਿੱਧੂ,ਡਾ. ਮਿਸ਼ਰ ਸਿੰਘ ਚੁਹਾਣਕੇ,ਡਾ.ਮਨਦੀਪ ਸਿੰਘ ਨਾਈਵਾਲਾ,ਡਾ. ਚਰਨਜੀਤ ਸਿੰਘ,ਡਾ. ਵਰਿੰਦਰ ਸਿੰਘ ਆਦਿ ਨੇ ਕਿਹਾ ਕਿ ਤਿੰਨ ਰੋਜ਼ਾ ਹੜਤਾਲ ਨੂੰ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਹੈ ਤੇ ਜੇਕਰ ਅਜੇ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆ ਤਾਂ ਇਸ ਹੜਤਾਲ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੰਤਰੀਆਂ,ਵਿਧਾਇਕਾਂ ਨੇ ਜਦ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਾਉਣੇ ਹੁੰਦੇ ਹਨ ਤਾਂ ਚੁੱਪ ਚਾਪ ਵਧਾ ਲੈਂਦੇ ਹਨ । ਪਰ 24 ਘੰਟੇ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਪਹਿਲਾਂ ਮਿਲੇ ਹੱਕਾਂ ‘ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੌਰਾਨ ਡਾਕਟਰਾਂ ਨੇ ਸੇਵਾਵਾਂ ਦਿੱਤੀਆ ਪਰ ਹੁਣ ਸਰਕਾਰ ਇਸ ਨੂੰ ਅਣਗੌਲਿਆਂ ਕਰਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।ਮਹਿਲ ਕਲਾਂ ਖੇਤਰ ਦੀਆਂ ਕਿਸਾਨ,ਮਜਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਡਾਕਟਰਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਣ ਕਰਦਿਆਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ।