ਪ੍ਰਸ਼ਾਸ਼ਨ ਦੀ ਸ਼ਹਿ ਤੇ ਕੁੱਝ ਲੋਕਾਂ ਵੱਲੋਂ ਕੱਲ੍ਹ ਢਾਹੀ ਕੰਧ, ਲੋਕਾਂ ਨੇ ਅੱਜ ਫਿਰ ਉਸਾਰੀ
ਕਿਹਾ ਕੁੱਝ ਵੀ ਹੋਵੇ, ਸਕੂਲ ਦੀ ਇੱਕ ਇੰਚ ਜਗ੍ਹਾ ਵੀ ਸਿਵਿਆਂ ਲਈ ਨਹੀਂ ਦਿਆਂਗੇ
ਪ੍ਰਦੀਪ ਕਸਬਾ , ਬਰਨਾਲਾ 11 ਜੁਲਾਈ 2021
ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਥਿਤ ਹੱਲਾਸ਼ੇਰੀ ਤੋਂ ਬਾਅਦ ਕੁੱਝਾਂ ਲੋਕਾਂ ਵੱਲੋਂ ਨਗਰ ਪੰਚਾਇਤ ਹੰਡਿਆਇਆ ਦੀ ਹੱਦ ਅੰਦਰ-ਹੰਡਿਆਇਆ-ਖੁੱਡੀ ਕਲਾਂ ਸੜ੍ਹਕ ਤੇ ਪੈਂਦੇ ਗੁਰੂ ਤੇਗ ਬਹਾਦਰ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੀ ਜਗ੍ਹਾ ਵਿੱਚ ਸ਼ਮਸ਼ਾਨਘਾਟ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਲੁੱਧੜ ਪੱਤੀ ਹੰਡਿਆਇਆ ਅਤੇ ਗ੍ਰਾਮ ਪੰਚਾਇਤ ਬੀਕਾ ਸੂਚ ਪੱਤੀ ਦੇ ਲੋਕ ਆਹਮੋ-ਸਾਹਮਣੇ ਹੋ ਗਏ ਹਨ। ਲੰਘੀ ਕੱਲ੍ਹ ਬੀਕਾ ਸੂਚ ਪੱਤੀ ਦੇ ਲੋਕਾਂ ਨੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਦੀ ਹਾਜ਼ਰੀ ਵਿੱਚ ਸਕੂਲ ਦੀ ਚਾਰਦੀਵਾਰੀ ਤੋੜ ਕੇ, ਉੱਥੇ ਸ਼ਮਸ਼ਾਨਘਾਟ ਦਾ ਬੋਰਡ ਆਰਜੀ ਤੌਰ ਤੇ ਲਗਾਉਣ ਉਪਰੰਤ ਲੁੱਧੜ ਪੱਤੀ ਦੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਜਾ ਚੜ੍ਹਿਆ। ਅੱਜ ਲੁੱਧੜ ਪੱਤੀ ਇਲਾਕੇ ਵਾਲਿਆਂ ਨੇ ਢਾਹੀ ਚਾਰਦੀਵਾਰੀ ਫਿਰ ਤੋਂ ਬਣਾ ਦਿੱਤੀ। ਹੁਣ ਲੁੱਧੜ ਪੱਤੀ ਇਲਾਕੇ ਦੇ ਲੋਕਾਂ ਨੇ ਦੋ ਟੁੱਕ ਸ਼ਬਦਾਂ ਵਿੱਚ ਐਲਾਨ ਕਰ ਦਿੱਤਾ ਕਿ ਉਹ ਆਪਣੇ ਇਲਾਕੇ ਦੇ ਗਰੀਬ ਬੱਚਿਆਂ ਲਈ ਕਰੀਬ 13 ਵਰ੍ਹੇ ਪਹਿਲਾਂ ਬਣਾਏ ਗੁਰੂ ਤੇਗ ਬਹਾਦਰ ਸਰਕਾਰੀ ਪ੍ਰਾਇਮਰੀ ਸਕੂਲ ਦੀ ਇੱਕ ਇੰਚ ਜਗ੍ਹਾ ਤੇ ਵੀ ਸ਼ਮਸ਼ਾਨ ਘਾਟ ਨਹੀਂ ਬਣਨ ਦੇਣਗੇ। ਉੱਧਰ ਸ਼ਮਸ਼ਾਨਘਾਟ ਬਣਾਉਣ ਵਾਲੀ ਧਿਰ ਦਾ ਕਹਿਣਾ ਹੈ ਕਿ ਉਨਾਂ ਨੂੰ ਇਹ ਉਨ੍ਹਾਂ ਦੇ ਸ਼ਮਸ਼ਾਨ ਘਾਟ ਦੀ ਜਗ੍ਹਾ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਵਿੱਚ ਚਲੀ ਜਾਣ ਕਾਰਣ ਪ੍ਰਸ਼ਾਸ਼ਨ ਨੇ ਸਕੂਲ ਵਾਲੀ ਜਗ੍ਹਾ ਦੇ ਐਨ ਨਾਲ ਸ਼ਮਸ਼ਾਨਘਾਟ ਬਣਾਉਣ ਲਈ ਕਿਹਾ ਗਿਆ ਹੈ।
ਕੀ ਹੈ ਸਕੂਲ ਦੀ ਥਾਂ ਤੇ ਸ਼ਮਸ਼ਾਨਘਾਟ ਬਣਾਉਣ ਦਾ ਮਾਮਲਾ
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਰਨਾਲਾ ਅੰਦਰ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਬਣਾਉਣ ਦਾ ਫੈਸਲਾ ਪਿਛਲੇ ਦਿਨੀਂ ਕੀਤਾ ਗਿਆ ਹੈ। ਜਿਸ ਲਈ ਨਗਰ ਕੌਂਸਲ ਬਰਨਾਲਾ ਨੇ ਕਰੀਬ ਸਾਢੇ ਸੱਤ ਏਕੜ ਜਮੀਨ ਹਸਪਤਾਲ ਲਈ ਦੇਣ ਦਾ ਨਿਰਣਾ ਕੀਤਾ ਗਿਆ ਹੈ। ਇਸ ਜਗ੍ਹਾ ਤੇ ਗ੍ਰਾਮ ਪੰਚਾਇਤ ਬੀਕਾ ਸੂਚ ਪੱਤੀ/ਬੀਕਾ ਪੱਤੀ /ਸਲਾਣੀ ਪੱਤੀ ਹੰਡਿਆਇਆ ਦਾ ਸ਼ਮਸ਼ਾਨਘਾਟ ਵੀ ਬਣਿਆ ਹੋਇਆ ਸੀ। ਪੰਚਾਇਤ ਬੀਕਾ ਸੂਚ ਪੱਤੀ ਨੇ ਸ਼ਮਸ਼ਾਨਘਾਟ ਦੀ ਜਗ੍ਹਾ ਹਸਪਤਾਲ ਲਈ ਛੱਡਣ ਦਾ ਫੈਸਲਾ ਕੀਤਾ ਗਿਆ ਅਤੇ ਪ੍ਰਸ਼ਾਸ਼ਨ ਤੋਂ ਉਸ ਦੇ ਇਵਜ ਵਿੱਚ ਸ਼ਮਸ਼ਾਨਘਾਟ ਲਈ ਬਦਲਵੀਂ ਜਗ੍ਹਾ ਦੇਣ ਦੀ ਮੰਗ ਰੱਖੀ ਗਈ। ਬਕੌਲ ਗ੍ਰਾਮ ਪੰਚਾਇਤ ਬੀਕਾ ਸੂਚ ਪੱਤੀ ਦੇ ਮੋਹਤਬਰ, ਪ੍ਰਸ਼ਾਸ਼ਨ ਨੇ ਹੰਡਿਆਇਆ ਦੇ ਸਰਕਾਰੀ ਸਕੂਲ ਦੀ ਕੁੱਝ ਜਗ੍ਹਾ ਸ਼ਮਸ਼ਾਨਘਾਟ ਲਈ ਦੇਣ ਲਈ ਕਿਹਾ,ਜਿਸ ਤੋਂ ਬਾਅਦ ਉਨਾਂ ਸ਼ਮਸ਼ਾਨਘਾਟ ਲਈ ਸਕੂਲ ਦੀ ਚਾਰਦੀਵਾਰੀ ਤੋੜ ਕੇ ਗੇਟ ਲਾਉਣਾ ਸ਼ੁਰੂ ਕਰ ਦਿੱਤਾ।
ਬੀਕਾ ਸੂਚ ਪੱਤੀ ਸ਼ਮਸ਼ਾਨਘਾਟ ਦੀ ਪ੍ਰਬੰਧਕ ਕਮੇਟੀ ਦੇ ਮੋਹਰੀ ਮੈਂਬਰ ਬੰਧਨਤੋੜ ਸਿੰਘ ਖਾਲਸਾ ਨੇ ਕਿਹਾ ਕਿ ਜੋ ਜਗ੍ਹਾ ਸ਼ਮਸ਼ਾਨਘਾਟ ਲਈ ਦਿੱਤੀ ਜਾ ਰਹੀ ਹੈ, ਉਹ ਸਕੂਲ ਤੋਂ ਅਲੱਗ ਹੈ ਤੇ ਇਸ ਦੀ ਮਾਲਕੀ ਨਗਰ ਪੰਚਾਇਤ ਦੇਹ ਦੇ ਨਾਮ ਤੇ ਮਾਲ ਵਿਭਾਗ ਦੇ ਰਿਕਾਰੜ ਵਿੱਚ ਦਰਜ਼ ਹੈ। ਉਨਾਂ ਕਿਹਾ ਕਿ ਅਸੀਂ ਪ੍ਰਸ਼ਾਸ਼ਨ /ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਤੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਹਾਜ਼ਰੀ ਵਿੱਚ ਹੀ ਸ਼ਮਸ਼ਾਨਘਾਟ ਦਾ ਗੇਟ ਬਣਾਉਣ ਲਈ ਚਾਰਦੀਵਾਰੀ ਤੋੜੀ ਸੀ। ਜਿਹੜੀ ਥਾਂ ਤੇ ਅੱਜ ਫਿਰ ਲੁੱਧੜ ਪੱਤੀ ਇਲਾਕੇ ਦੇ ਲੋਕਾਂ ਨੇ ਕੰਧ ਕਰ ਦਿੱਤੀ ਹੈ। ਉਨਾਂ ਕਿਹਾ ਕਿ ਅਸੀਂ ਕੋਈ ਲੜਾਈ ਝਗੜਾ ਜਾਂ ਜਬਰਦਸਤੀ ਨਹੀਂ ਕਰ ਰਹੇ, ਪ੍ਰਸ਼ਾਸ਼ਨ ਦੀ ਹੁਕਮ ਤੇ ਹੀ ਸ਼ਮਸ਼ਾਨਘਾਟ ਬਣਾਉਣਾ ਹੈ।
ਨਗਰ ਕੌਂਸਲ ਆਪਣੀ ਥਾਂ ਦੇਵੇ, ਹੰਡਿਆਇਆ ਦੇ ਸਕੂਲ ਦੀ ਜਗ੍ਹਾ ਕਿਉਂ ਦੇ ਰਹੀ ਹੈ-ਮੱਖਣ ਮਹਿਰਮੀਆਂ
ਨਗਰ ਪੰਚਾਇਤ ਹੰਡਿਆਇਆ ਦੀ ਸਾਬਕਾ ਪ੍ਰਧਾਨ ਹਰਜਿੰਦਰ ਕੌਰ ਦੇ ਪਤੀ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਉਰਫ ਮੱਖਣ ਮਹਿਰਮੀਆਂ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪ੍ਰਸ਼ੋਤਮ ਸਿੰਘ ਮਠਾੜੂ ਨੇ ਕਿਹਾ ਕਿ ਸਾਨੂੰ ਹਸਪਤਾਲ ਬਣਨ ਦੀ ਖੁਸ਼ੀ ਹੈ, ਪਰੰਤੂ ਜਦੋਂ ਨਗਰ ਕੌਂਸਲ ਬਰਨਾਲਾ ਨੇ ਹਸਪਤਾਲ ਲਈ ਗ੍ਰਾਮ ਪੰਚਾਇਤ ਬੀਕਾ ਸੂਚ ਪੱਤੀ ਦੇ ਸਿਵਿਆਂ ਦੀ ਜਗ੍ਹਾ ਲਈ ਹੈ, ਤਾਂ ਫਿਰ ਕੌਂਸਲ ਆਪਣੀ ਮਾਲਕੀ ਦੀ ਕੋਈ ਜਗ੍ਹਾ ਸ਼ਮਸ਼ਾਨਘਾਟ ਬਣਾਉਣ ਲਈ ਦੇਵੇ। ਉਨਾਂ ਕਿਹਾ ਕਿ ਕਿੰਨ੍ਹੀ ਸ਼ਰਮ ਦੀ ਗੱਲ ਹੈ ਕਿ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਕਾਂਗਰਸੀ ਆਗੂ ਦੇ ਕਰੀਬੀ ਵਿਅਕਤੀ ਸਕੂਲ ਦੀ ਥਾਂ ਤੇ ਸ਼ਮਸ਼ਾਨਘਾਟ ਬਣਾ ਕੇ ਕਿਹੜੇ ਵਿਕਾਸ ਦਾ ਨਵਾਂ ਰਾਹ ਦਿਖਾ ਰਹੇ ਹਨ। ਉਨਾਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਸਕੂਲ ਦੀ ਜਗ੍ਹਾ ਤੇ ਸ਼ਮਸ਼ਾਨਘਾਟ ਨਹੀਂ ਬਣਾਉਣ ਦਿਆਂਗੇ। ਭਾਂਵੇ ਇਸ ਲਈ ਕਿੰਨਾਂ ਵੀ ਤਿੱਖਾ ਸੰਘਰਸ਼ ਕਿਉਂ ਨਾ ਕਰਨਾ ਪਵੇ।
ਨਗਰ ਪੰਚਾਇਤ ਦੇ ਪ੍ਰਧਾਨ ਆਸ਼ੂ ਨੇ ਲਿਆ ਯੂਟਰਨ
ਬੇਸ਼ੱਕ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਸਕੂਲ ਦੀ ਚਾਰਦੀਵਾਰੀ ਢਹਾ ਕੇ ਸ਼ਮਸ਼ਾਨ ਘਾਟ ਬਣਾਉਣ ਦੇ ਪੱਖ ਵਿੱਚ ਸਨ। ਪਰੰਤੂ ਉਨਾਂ ਲੁੱਧੜ ਪੱਤੀ ਇਲਾਕੇ ਦੇ ਲੋਕਾਂ ਦਾ ਰੋਹ ਵੇਖ ਕੇ ਯੂਟਰਨ ਲੈ ਲਿਆ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਪਿੰਡ ਵਾਸੀਆਂ ਦੇ ਨਾਲ ਹਨ, ਸਕੂਲ ਦੀ ਜਗ੍ਹਾ ਤੇ ਸ਼ਮਸ਼ਾਨਘਾਟ ਨਹੀਂ ਬਣਨ ਦੇਣਗੇ। ਉਨਾਂ ਕਿਹਾ ਕਿ ਉਹ ਸ਼ਮਸ਼ਾਨਘਾਟ ਬਣਾਉਣ ਦਾ ਵਿਰੋਧ ਕਰਨ ਵਾਲਿਆਂ ਦਾ ਪੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਾਹਮਣੇ ਖੁਦ ਵੀ ਰੱਖਣਗੇ। ਉਨਾਂ ਕਿਹਾ ਕਿ ਮੈਂ ਪਿੰਡ ਵਾਸੀਆਂ ਦੇ ਪੂਰੀ ਤਰਾਂ ਨਾਲ ਹਾਂ।
ਮੈਂ ਕਦੇ ਨਹੀਂ ਕਿਹਾ, ਸਕੂਲ ਦੀ ਜਗ੍ਹਾ ਤੇ ਸ਼ਮਸ਼ਾਨਘਾਟ ਬਣਾਉਣ ਲਈ-ਐਸਡੀਐਮ ਵਾਲੀਆ
ਐਸਡੀਐਮ ਵਰਜੀਤ ਵਾਲੀਆ ਨੇ ਪੁੱਛਣ ਤੇ ਕਿਹਾ ਕਿ ਸਕੂਲ ਦੀ ਜਗ੍ਹਾ ਤੇ ਸ਼ਮਸ਼ਾਨਘਾਟ ਬਣਾਉਣ ਲਈ ਮੈਂ ਕਦੇ ਵੀ ਨਹੀਂ ਕਿਹਾ। ਉਨਾਂ ਕਿਹਾ ਕਿ ਕੁੱਝ ਲੋਕ ਬਿਨਾਂ ਵਜ੍ਹਾ ਹੀ ਮੇਰਾ ਨਾਮ ਇਸ ਘਟਨਾ ਨਾਲ ਜੋੜ ਰਹੇ ਹਨ। ਉਨਾਂ ਕਿਹਾ ਕਿ ਫਿਰ ਵੀ ਮੈਂ ਹਿਸ ਪੂਰੇ ਮਾਮਲੇ ਸਬੰਧੀ ਸੋਮਵਾਰ ਨੂੰ ਜਾਣਕਾਰੀ ਹਾਸਿਲ ਕਰਨ ਉਪਰੰਤ ਹੀ ਕੁਝ ਕਹਿ ਸਕਦਾ ਹਾਂ।