ਚਿੱਟੇ ਦੀ ਕਥਿਤ ਓਵਰਡੋਜ਼ ਨਾਲ ਧੌਲਾ ਦੇ ਨੌਜਵਾਨ ਦੀ ਮੌਤ
ਅੱਧੀ ਦਰਜਨ ਤੋਂ ਵੱਧ ਪਿੰਡ ਦੇ ਨੌਜਵਾਨ ਚਿੱਟੇ ਦੇ ਵਪਾਰ ‘ਚ ਸ਼ਾਮਲ
ਬਰਨਾਲਾ 9 ਜੁਲਾਈ 2021 (ਬੇਅੰਤ ਬਾਜਵਾ/ਕੁਲਦੀਪ ਰਾਜੂ)-
ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਦਿਆਂ ਸ੍ਰੀ ਗੁਟਕਾ ਸਾਬ ਜੀ ਸਹੁੰ ਖਾਧੀ ਸੀ ਕਿ ਪੰਜਾਬ ਚੋਂ ਨਸ਼ਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ।ਪਰ ਪੰਜਾਬ ਸਰਕਾਰ ਦਾ ਕਾਰਜਕਾਲ ਪੂਰਾ ਹੋਣ ‘ਤੇ ਵੀ ਆ ਗਿਆ ਹੈ, ਪਰ ਨਸ਼ਿਆਂ ਦਾ ਦੈਂਤ ਪਿੰਡ ਪਿੰਡ ਪੁੱਜ ਚੁੱਕਾ ਹੈ।ਪੰਜਾਬ ਕਾਂਗਰਸ ਦਾ ਨਸ਼ਿਆਂ ਨੂੰ ਖਤਮ ਕਰਨ ਵਾਲਾ ਬਿਆਨ ਤੇ ਸਹੁੰ ਸ਼ਾਇਦ ਵੋਟਾਂ ਵਟੋਰਨ ਲਈ ਹੀ ਸੀ।ਪੰਜਾਬ ਦੇ ਪਿੰਡਾਂ ਵਿਚ ਚਿੱਟੇ ਵਰਗਾ ਮਹਿੰਗਾ ਨਸ਼ਾ ਆਮ ਹੋ ਗਿਆ ਹੈ।ਜਿਸ ਦੀ ਤਾਜ਼ਾ ਮਿਸ਼ਾਲ ਪਿੰਡ ਧੌਲਾ ‘ਚ ਕਥਿਤ ਤੌਰ ਪਰ ਚਿੱਟੇ ਦੀ ਓਵਰਡੋਜ ਨਾਲ ਹੋਈ ਮੌਤ ਹੈ।ਬੀਤੀ ਰਾਤ ਪਿੰਡ ਧੌਲਾ ਦਾ ਨੌਜਵਾਨ ਗਗਨਦੀਪ ਸਿੰਘ (23 ਸਾਲ) ਪੁੱਤਰ ਬਲਵੰਤ ਸਿੰਘ ਵਾਸੀ ਸਲੇਮਾ ਪੱਤੀ ਧੌਲਾ ਪਿੰਡ ਦੀ ਹੀ ਸੱਥ ਵਿਚ ਬਣੇ ਇੱਕ ਪੁਰਾਣੇ ਖੂਹ ਕੋਲ ਨਸ਼ੀਲੇ ਪਦਾਰਥ ਦਾ ਟੀਕਾ ਲਗਾ ਰਿਹਾ ਸੀ।ਜਿਸ ਤੋਂ ਬਾਅਦ ਲੰਘ ਰਹੇ ਰਾਹਗੀਰ ਨੇ ਉਸ ਨੂੰ ਬੇਹੋਸ਼ੀ ਹਾਲਤ ਵਿਚ ਦੇਖਿਆ ਤੇ ਗਗਨਦੀਪ ਸਿੰਘ ਦੇ ਘਰ ਵਾਲਿਆਂ ਨੂੰ ਸੂਚਨਾ ਦਿੱਤੀ।
ਜਦੋਂ ਘਰ ਵਾਲੇ ਉਸ ਨੂੰ ਘਰ ਲੈ ਕੇ ਆਏ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ।ਪੁਲਿਸ ਕਾਰਵਾਈ ਤੋਂ ਡਰਦਿਆਂ ਘਰ ਵਾਲਿਆਂ ਤੇ ਨਜਦੀਕੀਆਂ ਨੇ ਗਗਨਦੀਪ ਸਿੰਘ ਦਾ ਪੋਸਟਮਾਰਟਮ ਕਰਵਾਏ ਬਿਨਾਂ ਹੀ ਸਸਕਾਰ ਕਰ ਦਿੱਤਾ।ਹਾਲਾਂਕਿ ਗਗਨਦੀਪ ਸਿੰਘ ਦੀ ਮੌਤ ਨੂੰ ਕਿਸੇ ਹੋਰ ਬਿਮਾਰੀ ਦਾ ਕਾਰਨ ਦੱਸ ਕੇ ਅਸਲੀ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ।ਪਰ ਭਰੋਸੇਯੋਗ ਸੂਤਰਾਂ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ।ਜਦੋਂ ਇਸ ਸੰਬੰਧੀ ਥਾਣਾ ਰੂੜੇਕੇ ਕਲਾਂ ਮੁਖੀ ਪਰਮਜੀਤ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਨੇ ਥਾਣੇ ਸੂਚਨਾ ਦਿੱਤੀ ਹੈ।ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮ੍ਰਿਤਕ ਦੇ ਪਿਤਾ ਬਲਵੰਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਉਕਤ ਘਟਨਾ ਦੀ ਸੂਚਨਾ ਮਿਲਦਿਆਂ ਪੂਰੇ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ।ਪਿੰਡ ਵਾਸੀਆਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਪਿੰਡ ਦੇ ਹੀ ਅੱਧੀ ਦਰਜਨ ਤੋਂ ਵੱਧ ਨੌਜਵਾਨ ਚਿੱਟੇ ਦਾ ਵਪਾਰ ਕਰਦੇ ਹਨ।ਉਨ੍ਹਾਂ ਦੱਸਿਆ ਕਿ ਨੇੜੇ ਪੈਂਦੇ ਕਸਬਾ ਹੰਡਿਆਇਆ ਅਤੇ ਰਾਮਪੁਰਾ ਫੂਲ ਤੋਂ ਵੀ ਕਈ ਨੌਜਵਾਨ ਚਿੱਟਾ ਵੇਚਣ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਉਹ ਪੁਲਿਸ ਨੂੰ ਇਸ ਸੰਬੰਧੀ ਨਹੀਂ ਦੱਸਦੇ ਕਿ ਇੱਕ ਤਾਂ ਪੁਲਿਸ ਕਾਰਵਾਈ ਨਹੀਂ ਕਰਦੀ ਅਤੇ ਦੂਜਾ ਉਲਟਾ ਉਨ੍ਹਾਂ ਲੋਕਾਂ ਨਾਲ ਵੈਰ ਪੈ ਜਾਂਦਾ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੇਚਣ ਵਾਲਿਆਂ ਤੋਂ ਵੱਧ ਗਿਣਤੀ ਚਿੱਟਾ ਪੀਣ ਵਾਲੇ ਨੌਜਵਾਨਾਂ ਦੀ ਹੈ।ਪਰ ਪੁਲਿਸ ਪ੍ਰਸ਼ਾਸ਼ਨ ਦਾ ਸਮੇਂ ਸਿਰ ਕਾਰਵਾਈ ਨਾ ਕਰਨਾ ਕਈ ਸੁਆਲ ਖੜ੍ਹੇ ਕਰਦਾ ਹੈ।