ਮੈਡੀਕਲ ਬੋਰਡ ਨੇ ਕੱਢੀ ਭਗਵੰਤ ਦੀ ਖੋਪੜੀ ‘ ਚੋਂ ਰਿਵਾਲਵਰ ਦੀ ਗੋਲੀ
ਹਰਿੰਦਰ ਨਿੱਕਾ , ਬਰਨਾਲਾ 9 ਜੁਲਾਈ 2021
ਲੰਘੀ ਕੱਲ੍ਹ ਸ਼ਹਿਰ ਦੇ 22 ਏਕੜ ਖੇਤਰ ਵਿਖੇ ਸਥਿਤ ਹੋਟਲ ਸੋਲੀਟੇਅਰ ‘ਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਵਾਲੇ ਪ੍ਰਸਿੱਧ ਆਈਲੈਟਸ ਸੰਸਥਾ ਗ੍ਰੇ ਮੈਟਰਸ ਦੇ ਮਾਲਿਕ ਭਗਵੰਤ ਰਾਜ ਦੀ ਲਾਸ਼ ਕੋਲੋਂ ਲੱਖਾਂ ਰੁਪਏ ਮਿਲਣ ਦੀ ਚਰਚਾ ਹਰ ਕਿਸੇ ਦੀ ਜੁਬਾਨ ਤੇ ਹੈ। ਨੋਟਾਂ ਦੀ ਚਰਚਾ ਬੇਸ਼ੱਕ ਹਰ ਕੋਈ ਕਰ ਰਿਹਾ ਹੈ। ਪਰ ਨੋਟਾਂ ਦੀ ਸੰਖਿਆ ਮਿਲਣ ਦਾ ਫਰਕ ਜਰੂਰ ਹੈ। ਕੋਈ ਕਹਿ ਰਿਹਾ ਹੈ,18 ਲੱਖ,ਕੋਈ 10 “ਕੋਈ 5 ਤੇ ਕੋਈ 2 ਲੱਖ ਦੱਸਦਾ ਹੈ। ਯਾਨੀ ਜਿੰਨੇ ਮੂੰਹ ,ਉਨ੍ਹੀਆਂ ਗੱਲਾਂ। ਨੋਟ ਮਿਲਣ ਦੀ ਪੁਸ਼ਟੀ ਪੁਲਿਸ ਨੇ ਵੀ ਕਰ ਦਿੱਤੀ ਹੈ। ਪਰੰਤੂ ਪੁਲਿਸ ਵੱਲੋਂ ਦੱਸੀ ਨਗਦੀ, ਲੋਕਾਂ ਵੱਲੋਂ ਕਹੀਆਂ ਗੱਲਾਂ ਨਾਲ ਮੈਚ ਨਹੀਂ ਕਰ ਰਹੀ। ਦਰਅਸਲ ਨੋਟ ਮਿਲਣ ਦੀ ਚਰਚਾ ਦਾ ਮੁੱਢ ,ਉਦੋਂ ਸ਼ੁਰੂ ਹੋਇਆ, ਜਦੋਂ ਮ੍ਰਿਤਕ ਦੇ ਬੱਧਨੀ ਕਲਾਂ ਤੋਂ ਆਏ,ਭਗਵੰਤ ਦੇ ਇੱਕ ਕਰੀਬੀ ਵਿਅਕਤੀ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਇਹ ਵੀ ਚੈੱਕ ਕਰ ਲਿਉ,ਭਗਵੰਤ ਕੋਲ ਕਾਫੀ ਕੈਸ਼ ਵੀ ਸੀ,ਕਿਤੇ ਕਿਸੇ ਲੁਟੇਰੇ ਨੇ ਲੁੱਟ ਲਈ ਤਾਂ ਭਗਵੰਤ ਦੀ ਹੱਤਿਆ ਕਰ ਦਿੱਤੀ। ਇਹ ਗੱਲ ਸੁਣਦਿਆਂ ਪੁਲਿਸ ਤੇ ਹੋਰ ਲੋਕਾਂ ਵਿੱਚ ਖੁਸਰ ਫੁਸਰ ਸ਼ੁਰੂ ਹੋ ਗਈ। ਪੁਲਿਸ ਨੇ ਭਗਵੰਤ ਦੇ ਡਰਾਈਵਰ ਸਤਨਾਮ ਤੋਂ ਫਾਰਚੂਨਰ ਗੱਡੀ ਦੀ ਚਾਬੀ ਵੀ ਫੜ੍ਹ ਲਈ। ਪੁਲਿਸ ਨੇ ਹੋਟਲ ਦੇ ਕਮਰੇ ਤੇ ਪਹਿਰਾ ਕਰੜਾ ਕਰ ਦਿੱਤਾ। ਭਾਵੇਂ ਇਹ ਸਭ ਕੁਝ ਜਾਂਚ ਦੇ ਮੱਦੇਨਜ਼ਰ ਕੀਤਾ ਗਿਆ ਦੱਸਿਆ ਗਿਆ, ਪਰੰਤੂ ਲੋਕਾਂ ‘ਚ ਚਰਚਾ ਇਹ ਛਿੜ ਗਈ ਕਿ ਪੁਲਿਸ ਲਾਸ਼ ਕੋਲੋਂ ਬਰਾਮਦ ਹੋਏ ਨੋਟ ਗਿਣ ਰਹੀ ਹੈ। ਉੱਧਰ ਮ੍ਰਿਤਕ ਦੇਹ ਦਾ ਅੱਜ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕਰਕੇ ਲਾਸ਼ ਵਾਰਿਸਾਂ ਹਵਾਲੇ ਵੀ ਕਰ ਦਿੱਤੀ ਹੈ। ਆਤਮ ਹੱਤਿਆ ਦੇ ਇਸ ਹਾਈਪ੍ਰੋਫਾਈਲ ਕੇਸ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ। ਜਿਸ ਵਿੱਚ ਡਾਕਟਰ ਰਾਜ ਕੁਮਾਰ , ਡਾਕਟਰ ਦੇਵਨ ਮਿੱਤਲ ਅਤੇ ਡਾਕਟਰ ਅੰਸ਼ੁਲ ਸ਼ਾਮਿਲ ਸਨ। ਪੋਸਟਮਾਰਟਮ ਦੌਰਾਨ ਮੈਡੀਕਲ ਬੋਰਡ ਦੇ ਡਾਕਟਰਾਂ ਨੇ OT ਇੰਸਟਰੂਮੈਂਟਸ ਦੀ ਮੱਦਦ ਨਾਲ ਮ੍ਰਿਤਕ ਦੀ ਖੋਪੜੀ ਵਿੱਚ ਫਸੀ ਗੋਲੀ ਬਾਹਰ ਕੱਢ ਕੇ ਕਾਨੂੰਨੀ ਪ੍ਰਕਿਰਿਆ ਉਪਰੰਤ ਪੁਲਿਸ ਨੂੰ ਸੌਂਪ ਦਿੱਤੀ।
ਲਾਸ਼ ਨੇੜਿਉਂ ਬਰਾਮਦ ਹੋਇਆ ਨੋਟਾਂ ਦਾ ਢੇਰ!
ਹੋਟਲ ਸੋਲੀਟੇਅਰ ਦੇ ਕਮਰਾ ਨੰਬਰ 12,ਜਿੱਥੇ ਭਗਵੰਤ ਰਾਜ ਆ ਕੇ ਠਹਿਰਿਆ ਹੋਇਆ ਸੀ, ਉੱਥੋਂ ਵੱਡੀ ਸੰਖਿਆ ਵਿੱਚ ਕਰੰਸੀ ਨੋਟ ਵੀ ਮਿਲੇ। ਮ੍ਰਿਤਕ ਦੇ ਕਰੀਬੀਆਂ ਅਨੁਸਾਰ ਭਗਵੰਤ ਕੋਲ ਆਤਮ ਹੱਤਿਆ ਸਮੇਂ ਕਾਫੀ ਨਗਦੀ ਕੈਸ਼ ਵੀ ਸੀ, ਜਿਹੜਾ ਕਮਰੇ ਅੰਦਰ ਹੀ ਪਿਆ ਮਿਲਿਆ। ਲੋਕਾਂ ਅੰਦਰ ਨਗਦ ਕੈਸ਼ ਮਿਲਣ ਦੀ ਚਰਚਾ, ਅੱਜ ਵੀ ਦਿਨ ਭਰ ਚੱਲਦੀ ਰਹੀ। ਜਦੋਂ ਇਸ ਸਬੰਧੀ ਤਫਤੀਸ਼ ਅਧਿਕਾਰੀ ਏਐਸਆਈ ਚਮਕੌਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਲਾਸ਼ ਵਾਲੀ ਥਾਂ ਤੋਂ ਨਗਦੀ ਮਿਲਣ ਦੀ ਪੁਸ਼ਟੀ ਕੀਤੀ। ਉਨਾਂ ਦੱਸਿਆ ਕਿ ਭਗਵੰਤ ਰਾਜ ਦੇ ਕਮਰੇ ਵਿੱਚੋਂ 1 ਲੱਖ 83 ਹਜਾਰ 400 ਰੁਪਏ ਮਿਲੇ ਸਨ। ਇਹ ਨਗਦੀ, ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇ ਵਾਰਿਸਾਂ ਨੂੰ ਵੀਡੀਉਗ੍ਰਾਫੀ ਦਰਮਿਆਨ ਸੌਂਪ ਕੇ, ਉਨਾਂ ਤੋਂ ਰਕਮ ਵਸੂਲੀ ਦੀ ਰਸੀਦ ਵੀ ਲਈ ਗਈ ਹੈ।
ਮ੍ਰਿਤਕ ਦਾ ਬੇਟੇ ਦੇ ਬਿਆਨ ਤੇ ਕੀਤੀ ਕਾਨੂੰਨੀ ਕਾਰਵਾਈ
ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਅਮਨਦੀਪ ਸ਼ਰਮਾ ਨੇ ਫਿਲਹਾਲ 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਕਰਵਾਈ ਹੈ। ਉਨਾਂ ਕਿਹਾ ਕਿ ਸੰਗਰੂਰ ਤੋਂ ਪਹੁੰਚੀ ਮੋਬਾਇਲ ਫੋਰੈਂਸਿਕ ਟੀਮ ਦੇ ਹਿੰਚਾਰਜ ਐਸਆਈ ਨਿਰਮਲ ਸਿੰਘ ਨੇ ਮੋਬਾਇਲ ਕਬਜ਼ੇ ਵਿੱਚ ਲੈ ਲਿਆ, ਜਦੋਂਕਿ ਪਟਿਆਲਾ ਤੋਂ ਪਹੁੰਚੀ ਫੋਰੈਂਸਿਕ ਟੀਮ ਦੇ ਮੈਂਬਰਾਂ ਨੇ ਹੋਟਲ ਦੇ ਕਮਰੇ ਅੰਦਰੋਂ ਜਰੂਰੀ ਸਮਾਨ ਤੋਂ ਫਿੰਗਰ ਪ੍ਰਿੰਟ ਵੀ ਲੈ ਲਏ ਹਨ। ਦੋਵੇਂ ਰਿਪੋਰਟਾਂ ਦੇ ਅਧਾਰ ਤੇ ਜਿਹੋ ਜਿਹੇ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।