ਲੋਕਾਂ ਦਾ ਦੋਸ਼ -ਟ੍ਰਾਈਡੈਂਟ ਤੇ ਆਈ ਓ ਐੱਲ ਫੈਕਟਰੀ ਨੇ ਲੁੱਟਿਆ ਪਾਣੀ, ਹਵਾ ਤੇ ਬਿਜਲੀ
ਨਵਦੀਪ ਗਰਗ / ਕੁਲਦੀਪ ਰਾਜੂ, 10 ਜੂਨ 2021
ਧੌਲਾ ਗਰਿੱਡ ਤੋਂ ਆਈ ਓ ਐੱਲ ਫੈਕਟਰੀ ਨੂੰ ਕੱਢੀ ਜਾ ਰਹੀ ਬਿਜਲੀ ਸਪਲਾਈ ਲਾਈਨ ਤੋਂ ਪਿੰਡ ਧੌਲਾ ਅਤੇ ਇਲਾਕੇ ਦੇ ਹੋਰ ਪਿੰਡਾਂ ਦੇ ਲੋਕ ਭੜਕ ਉੱਠੇ । ਪਿੰਡ ਵਾਸੀਆਂ ਨੇ ਗੁਰੂ ਘਰ ਇਕੱਤਰ ਹੋ ਕੇ ਮੀਟਿੰਗ ਕੀਤੀ।ਮੀਟਿੰਗ ਉਪਰੰਤ ਪਿੰਡ ਵਾਸੀਆਂ ਨੇ ਬਿਜਲੀ ਗਰਿੱਡ ਧੌਲਾ ਵਿਖੇ ਧਰਨਾ ਮਾਰ ਦਿੱਤਾ ਅਤੇ ਆਈ ਓ ਐੱਲ ਫੈਕਟਰੀ ਨੂੰ ਜਾ ਰਹੀ ਪਹਿਲੀ ਵਾਲੀ ਸਪਲਾਈ ਦੀ ਸਵਿੱਚ ਬੰਦ ਕਰਕੇ ਜ਼ਿੰਦਾ ਜੜ੍ਹ ਦਿੱਤਾ।ਇਸ ਮੌਕੇ ਪਿੰਡ ਵਾਸੀਆਂ ਨੇ ਉਕਤ ਫੈਕਟਰੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਆਈ ਓ ਫੈਕਟਰੀ ਧੌਲਾ ਨੇ, ਧੌਲਾ ਬਿਜਲੀ ਗਰਿੱਡ ਤੋਂ ਕਈ ਮਹੀਨੇ ਪਹਿਲਾਂ ਬਿਜਲੀ ਸਪਲਾਈ ਲੈ ਲਈ ਸੀ। ਉਦੋਂ ਪਿੰਡ ਵਾਸੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ।ਉਸ ਵਕਤ ਪਾਵਰਕੌਮ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਸੀ ਕਿ ਪਿੰਡ ਨੂੰ ਬਿਜਲੀ ਨਿਰਵਿਘਨ ਮਿਲੇਗੀ।ਪਰ ਬਿਜਲੀ ਕਦੇ ਨਿਰਵਿਘਨ ਨਹੀਂ ਚੱਲੀ।ਬੀਤੀ ਰਾਤ ਵੀ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੇ ਗਰਿੱਡ ਵਿਚ ਧਰਨਾ ਦਿੱਤਾ ਸੀ।ਪਿਛਲੇ ਦਿਨਾਂ ਤੋਂ ਪਾਵਰਕੌਮ ਦੇ ਐੱਸ ਡੀ ਓ ਤਪਾ ਮੰਡਲ-2 ਦੇ ਅਨੁਸਾਰ ਉਕਤ ਫੈਕਟਰੀ ਨੇ ਲੋਡ ਵਧਾਇਆ ਹੈ।ਜਿਸ ਲਈ ਇੱਕ ਹੋਰ ਸਪਲਾਈ ਲਾਈਨ 500 ਮੈਗਾ ਅਤੇ 2000 ਮੈਗਾਵਟ ਪਾਉਣ ਦੀ ਪ੍ਰਵਾਨਗੀ ਸ਼ਰਤਾਂ ਅਨੁਸਾਰ ਦਿੱਤੀ ਗਈ ਸੀ।ਜਦੋਂ ਇਸ ਨਵੀਂ ਸਪਲਾਈ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਨਤਕ ਤੌਰ `ਤੇ ਸੂਚਨਾ ਦੇ ਕੇ ਇਸ ਦਾ ਵਿਰੋਧ ਕੀਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪਰਮਜੀਤ ਸਿੰਘ ਰਤਨ, ਗੁਰਜੀਤ ਸਿੰਘ, ਤਰਸੇਮ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਧੌਲਾ, ਕਿਸਾਨ ਆਗੂ, ਰੂਪ ਸਿੰਘ ਧੌਲਾ ਅਤੇ ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਕਤ ਫੈਕਟਰੀ ਨੂੰ ਬਿਜਲੀ ਦੇ ਕੇ ਵਿਭਾਗ ਉਨ੍ਹਾਂ ਦੇ ਹੱਕਾਂ `ਤੇ ਡਾਕਾ ਮਾਰ ਰਿਹਾ ਹੈ।ਜਿਸ ਨੂੰ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ। ਧਰਨੇ ਦੀ ਖਬਰ ਮਿਲਦਿਆਂ ਮੌਕੇ `ਤੇ ਹੀ ਥਾਣਾ ਰੂੜੇਕੇ ਕਲਾਂ ਦੇ ਮੁਖੀ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ।
ਪਾਵਰਕਾਮ ਤਪਾ ਮੰਡਲ 2 ਦੇ ਐਸ ਡੀ ਓ ਸ੍ਰੀ ਸ਼ਤੀਸ ਕੁਮਾਰ ਵੀ ਮੌਕੇ `ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ।ਪਰ ਧਰਨਾਕਾਰੀ ਲਾਈਨ ਦਾ ਕੰਮ ਰੋਕਣ `ਤੇ ਹੀ ਅੜੇ ਰਹੇ।ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਸਮਾਂ ਕੋਈ ਠੋਸ ਹੱਲ ਨਹੀਂ ਨਿਕਲਦਾ ਧਰਨਾ ਜਾਰੀ ਰੱਖਿਆ ਜਾਵੇਗਾ।ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਲੋਕ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।