ਖੇਤੀ ਮੰਤਰੀ ਤੋਮਰ ਦੇ ਘਰਾਟ ਰਾਗ ਦੀ ਸੂਈ ‘ ਰੱਦ ਤੋਂ ਇਲਾਵਾ ਕਿਸੇ ਹੋਰ ਤਜਵੀਜ਼ ‘ਤੇ ਅਟਕੀ।
ਪਰਦੀਪ ਕਸਬਾ ਬਰਨਾਲਾ: 10 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 253 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ਵਾਲੇ ਏਰੀਏ ਦੀ ਬਿਜਲੀ ਸਲਪਾਈ, ਵਰਕ ਪਰਮਿਟ ਲਏ ਜਾਣ ਕਾਰਨ ਕਈ ਘੰਟਿਆਂ ਲਈ ਬੰਦ ਕੀਤੀ ਹੋਈ ਸੀ। ਬਿਜਲੀ ਸਲਪਾਈ ਤੋਂ ਬਗੈਰ ਅਤੇ ਅੱਤ ਦੀ ਗਰਮੀ ਤੇ ਹੁੰਮਸ ਭਰੇ ਮਾਹੌਲ ਵਿੱਚ ਵੀ ਧਰਨਾ ਜਾਰੀ ਰੱਖਣਾ ਆਪਣੀ ਸਿੱਦਕਦਿਲੀ ਦਾ ਇਮਤਿਹਾਨ ਦੇਣ ਤੋਂ ਘੱਟ ਨਹੀਂ ਸੀ। ਪਰ ਧਰਨਾਕਾਰੀ ਆਪਣੇ ਇਸ ਇਮਤਿਹਾਨ ਵਿੱਚ ਵੀ ਪੂਰੇ ਨੰਬਰ ਲੈ ਕੇ ਪਾਸ ਹੋਏ। ਧਰਨਾ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਗੁਰਦੇਵ ਮਾਂਗੇਵਾਲ, ਪ੍ਰੇਮਪਾਲ ਕੌਰ,ਅਮਰਜੀਤ ਕੌਰ, ਬਿੱਕਰ ਸਿੰਘ ਔਲਖ,ਮਨਜੀਤ ਕੌਰ ਖੁੱਡੀ ਕਲਾਂ,ਮੇਲਾ ਸਿੰਘ ਕੱਟੂ, ਗੋਰਾ ਸਿੰਘ ਢਿੱਲਵਾਂ, ਹਰਚਰਨ ਸਿੰਘ ਚੰਨਾ ਤੇ ਗੁਰਮੇਲ ਸ਼ਰਮਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਖੇਤੀਬਾੜੀ ਮੰਤਰੀ ਨੇ ਇੱਕ ਵਾਰ ਆਪਣਾ ਉਹੀ ਪੁਰਾਣਾ ਘਰਾਟ ਰਾਗ ਛੇੜਿਆ। ਉਹ ਇੱਕੋ ਗੱਲ ਕਈ ਵਾਰ ਦੁਹਰਾ ਚੁੱਕਾ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਕਿਸਾਨ ਕਾਨੂੰਨ ਰੱਦ ਕਰਵਾਉਣ ਵਾਲੀ ਆਪਣੀ ਮੰਗ ਛੱਡ ਕੇ ਕੋਈ ਹੋਰ ਠੋਸ ਤਜਵੀਜ਼ ਲੈ ਕੇ ਸਾਹਮਣੇ ਆਉਣ। ਪਰ ਕਿਸਾਨ ਵੀ ਆਪਣੀ ਸਥਿਤੀ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ।
ਇਹ ਕਾਨੂੰਨ ਮੁੱਢੋਂ-ਸੁੱਢੋਂ ਰੱਦ ਕਰਨੇ ਪੈਣੇ ਹਨ ਕਿਉਂਕਿ ਇਹ ਕਾਨੂੰਨ ਗੈਰ- ਸੰਵਿਧਾਨਕ ਹਨ। ਖੇਤੀ ਦੇ ਵਿਸ਼ੇ ‘ਤੇ ਸਿਰਫ ਰਾਜ ਸਰਕਾਰ ਕਾਨੂੰਨ ਬਣਾ ਸਕਦੀ ਹੈ, ਕੇਂਦਰ ਸਰਕਾਰ ਨਹੀਂ ।ਇਸ ਲਈ ਗੈਰ-ਸੰਵਿਧਾਨਕ ਕਾਨੂੰਨਾਂ ਨੂੰ ਰੱਦ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਅਤੇ ਕਿਸਾਨ ਆਪਣੀ ਇਸ ਵਾਜਬ ਮੰਗ ਮਨਵਾਉਣ ਦੇ ਸਟੈਂਡ ਤੋਂ ਪਿਛੇ ਨਹੀਂ ਹਟਣਗੇ।
ਅੱਜ ਨਰਿੰਦਰ ਪਾਲ ਸਿੰਗਲਾ ਤੇ ਦਰਸ਼ਨ ਸਿੰਘ ਕੱਟੂ ਨੇ ਇਨਕਲਾਬੀ ਕਵਿਤਾ ਤੇ ਗੀਤ ਸੁਣਾਏ।