ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਤੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ 13 ਜੂਨ ਨੂੰ ਦਿੱਲੀ ਮੋਰਚੇ  ‘ਤੇ ਵਿਸ਼ੇਸ਼  ਇਕੱਤਰਤਾ  

Advertisement
Spread information

ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਤੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ 13 ਜੂਨ ਨੂੰ ਦਿੱਲੀ ਮੋਰਚੇ  ‘ਤੇ ਵਿਸ਼ੇਸ਼  ਇਕੱਤਰਤਾ  

ਹਰਪ੍ਰੀਤ ਕੌਰ ਬਬਲੀ , ਸੰਗਰੂਰ, 10 ਜੂਨ  2021

           13 ਜੂਨ ਨੂੰ ਦਿੱਲੀ ਮੋਰਚੇ ਉੱਪਰ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਨੂੰ ਬੁਲੰਦ ਕਰਦਿਆਂ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕਰਨ ਦੀ ਮੰਗ ਲਈ ਵਿਸ਼ੇਸ਼ ਇਕੱਤਰਤਾ ਕੀਤੀ ਜਾਵੇਗੀ। ਨਾਲ ਹੀ ਜਮਹੂਰੀ ਹੱਕਾਂ ਦਾ ਦਮਨ ਕਰਨ ਵਾਲੇ ਯੂ ਏ ਪੀ ਏ , ਐਨ ਐਸ ਏ ਤੇ ਦੇਸ਼ ਧ੍ਰੋਹ ਵਰਗੇ ਕਾਲੇ ਕਾਨੂੰਨਾਂ ਖ਼ਿਲਾਫ਼ ਵੀ ਆਵਾਜ਼ ਉਠਾਈ ਜਾਵੇਗੀ। ਇਹ ਆਵਾਜ਼ ਕੌਮੀ ਪੱਧਰ ‘ਤੇ ਜਮਹੂਰੀ ਜਥੇਬੰਦੀਆਂ ਵੱਲੋਂ ਦਿੱਤੇ ਪੰਦਰਵਾੜਾ ਮਨਾਉਣ ਸੱਦੇ ਨਾਲ ਯਕਜਹਿਤੀ ਵੀ ਦਰਸਾਏਗੀ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਲਿਖਣ ਤੇ ਬੋਲਣ ਵਾਲੇ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਦਰਜਨਾਂ ਕਾਰਕੁੰਨਾਂ ਨੂੰ ਮੋਦੀ ਹਕੂਮਤ ਨੇ ਦੇਸ਼ ਧ੍ਰੋਹ ਵਰਗੇ ਝੂਠੇ ਕੇਸਾਂ ਤਹਿਤ ਜੇਲ੍ਹੀਂ ਡੱਕਿਆ ਹੋਇਆ ਹੈ। ਭੀਮਾ ਕੋਰੇਗਾਓਂ ਦੇ ਝੂਠੇ ਕੇਸ ਅੰਦਰ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਨੂੰ ਤਿੰਨ ਸਾਲ ਹੋ ਚੁੱਕੇ ਹਨ। ਇਨ੍ਹਾਂ ‘ਚ ਕਈ ਬਜ਼ੁਰਗ ਤੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਲੋਕ ਵੀ ਹਨ ਜਿਨ੍ਹਾਂ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ।

Advertisement

 

       ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਦਰਮਿਆਨ ਵੀ ਸਰਕਾਰ ਕੋਈ ਪ੍ਰਵਾਹ ਨਹੀਂ ਕਰ ਰਹੀ ਕਿਉਂਕਿ ਉਸ ਵੱਲੋਂ ਇਨ੍ਹਾਂ ਲੋਕਾਂ ਨੂੰ ਜੇਲ੍ਹਾਂ ‘ਚ ਹੀ ਮਰ ਜਾਣ ਲਈ ਸੁੱਟ ਦਿੱਤਾ ਗਿਆ ਹੈ। ਜੇਲ੍ਹੀਂ ਡੱਕੇ ਇਨ੍ਹਾਂ ਲੋਕਾਂ ‘ਚ ਨਤਾਸ਼ਾ ਨਰਵਾਲ ਵਰਗੀਆਂ ਨੌਜਵਾਨ ਕੁੜੀਆਂ ਤੋਂ ਲੈ ਕੇ ਸਟੇਨ ਸਵਾਮੀ ਵਰਗੇ ਬਜ਼ੁਰਗ ਪਾਦਰੀ ਤੱਕ ਸ਼ਾਮਲ ਹਨ। 13 ਜੂਨ ਨੂੰ ਹੋਣ ਵਾਲੀ ਇਸ ਇਕੱਤਰਤਾ ‘ਚ ਪੰਜਾਬ ਤੋਂ ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਲੋਕ ਪੱਖੀ ਸਾਹਿਤਕਾਰ ਕਲਾਕਾਰ ਵੀ ਸ਼ਾਮਲ ਹੋਣਗੇ। ਇਨ੍ਹਾਂ ‘ਚ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸੁਖਦੇਵ ਸਿੰਘ ਸਿਰਸਾ, ਡਾ ਨਵਸ਼ਰਨ , ਨਾਟਕਕਾਰ ਡਾ ਸਾਹਿਬ ਸਿੰਘ ,ਉੱਘੇ ਕਵੀ ਸੁਰਜੀਤ ਜੱਜ , ਕਹਾਣੀਕਾਰ ਜਸਪਾਲ ਮਾਨਖੇੜਾ, ਐਡਵੋਕੇਟ ਐਨ ਕੇ ਜੀਤ ਤੇ ਰੰਗ ਕਰਮੀ ਕਮਲ ਬਰਨਾਲਾ ਪੁੱਜ ਰਹੇ ਹਨ।

        ਕਿਸਾਨ ਆਗੂ ਨੇ ਕਿਹਾ ਕਿ ਇਨ੍ਹਾਂ ਰੌਸ਼ਨ ਦਿਮਾਗ ਲੋਕਾਂ ਨੂੰ ਜੇਲ੍ਹੀਂ ਡੱਕਣ ਦਾ ਕਾਰਨ ਇਨ੍ਹਾਂ ਵੱਲੋਂ ਮੋਦੀ ਹਕੂਮਤ ਦੀਆਂ ਫਿਰਕੂ ਫਾਸ਼ੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਤੇ ਚੇਤਨ ਕਰਨਾ ਹੈ। ਇਹ ਦਹਾਕਿਆਂ ਤੋਂ ਆਦਿਵਾਸੀਆਂ, ਗ਼ਰੀਬ ਕਿਸਾਨਾਂ, ਦਲਿਤਾਂ, ਔਰਤਾਂ ਤੇ ਸਮਾਜ ਤੇ ਹੋਰ ਮਿਹਨਤਕਸ਼ ਤਬਕਿਆਂ ਦੇ ਹੱਕਾਂ ਲਈ ਬੋਲਦੇ, ਲਿਖਦੇ ਤੇ ਡਟਦੇ ਆ ਰਹੇ ਹਨ। ਇਨ੍ਹਾਂ ਨੂੰ ਜੇਲ੍ਹੀਂ ਡੱਕ ਕੇ ਹਕੂਮਤ ਸਮਾਜ ਦੇ ਇਸ ਤਬਕੇ ਦੇ ਮਨਾਂ ‘ਚ ਖ਼ੌਫ਼ ਬਿਠਾਉਣਾ ਚਾਹੁੰਦੀ ਹੈ ਤੇ ਲੋਕਾਂ ਦੇ ਹੱਕਾਂ ਦੀ ਲਹਿਰ ਨੂੰ ਇਨ੍ਹਾਂ ਜ਼ਹੀਨ ਲੋਕਾਂ ਦੇ ਸਾਥ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਇਨ੍ਹਾਂ ਦੀ ਰਿਹਾਈ ਲਈ ਉੱਠਦੀ ਹਰ ਆਵਾਜ਼ ‘ਤੇ ਵੀ ਮਾਓਵਾਦੀ ਜਾਂ ਦੇਸ਼ ਧ੍ਰੋਹੀ ਹੋਣ ਦਾ ਲੇਬਲ ਚਿਪਕਾ ਦਿੱਤਾ ਜਾਂਦਾ ਹੈ। ਉਨ੍ਹਾਂ ਲੋਕਾਂ ਦੀਆਂ ਸਭਨਾਂ ਲੋਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਲਈ ਅਤੇ ਵਿਚਾਰ ਪ੍ਰਗਟਾਵੇ ਦੇ ਜਮਹੂਰੀ ਹੱਕ ਦੀ ਰਾਖੀ ਲਈ ਡਟ ਕੇ ਆਵਾਜ਼ ਉਠਾਉਣ।

Advertisement
Advertisement
Advertisement
Advertisement
Advertisement
error: Content is protected !!