ਭਾਜਪਾ ਆਗੂ ਦੇ ਕਦਮਾਂ ਦੀ ਭਿਣਕ ਲੱਗੀ ਤਾਂ ਕਿਸਾਨਾਂ ਨੇ ਲਾਇਆ ਸਾਬਕਾ ਮੁੱਖ ਮੰਤਰੀ ਦੀ ਕੋਠੀ ਨੇੜੇ ਧਰਨਾ
ਹਰਿੰਦਰ ਨਿੱਕਾ , ਬਰਨਾਲਾ 8 ਜੂਨ 2021
ਖੇਤੀ ਅਤੇ ਕਿਸਾਨ ਵਿਰੋਧੀ ਤਿੰਨ ਕੇਂਦਰੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਹਰ ਦਿਨ ਬੈਕਫੁੱਟ ਤੇ ਜਾ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਹੁਣ ਪੰਜਾਬ ਅੰਦਰ ਰਾਜਸੀ ਤੌਰ ਤੇ ਦਮ ਤੋੜ ਰਹੀ ਭਾਜਪਾ ਵਿੱਚ ਫਿਰ ਤੋਂ ਨਵੀਂ ਜਾਨ ਪਾਉਣ ਦੀ ੳਮੀਦ ਨਾਲ ਆਪਣੀਆਂ ਰਾਜਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਇਸੇ ਕੜੀ ਦੇ ਤੌਰ ਤੇ ਭਾਜਪਾ ਦੀ ਸੂਬਾਈ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਤੇ ਬਰਨਾਲਾ ਜਿਲ੍ਹੇ ਦੇ ਭਾਜਪਾ ਇੰਚਾਰਜ ਗੁਰਤੇਜ ਸਿੰਘ ਢਿੱਲੋਂ ਕੱਲ੍ਹ ਦੇਰ ਸ਼ਾਮ ਦੱਬੇ ਪੈਰੀਂ ਸਾਬਕਾ ਮੁੱਖ ਮੰਤਰੀ ਸਵ: ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਪਹੁੰਚ ਗਏ।
ਕਿਸਾਨਾਂ ਨੂੰ ਭਾਜਪਾ ਆਗੂ ਦੀ ਆਮਦ ਬਾਰੇ ਅੱਜ ਸਵੱਖਤੇ ਹੀ ਪਤਾ ਲੱਗਿਆ। ਕਿਸਾਨਾਂ ਦੇ ਸੰਘਰਸ਼ੀ ਕਦਮਾਂ ਦੀ ਆਹਟ ਸੁਣਦਿਆਂ ਹੀ ਸਾਬਕਾ ਮੁੱਖ ਮੰਤਰੀ ਦੀ ਕੋਠੀ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਜਦੋਂ ਤੱਕ ਕਿਸਾਨਾਂ ਦੇ ਕਾਫਿਲੇ ਕੋਠੀ ਬਾਹਰ ਪਹੁੰਚਣੇ ਸ਼ੁਰੂ ਹੋਏ ਤਾਂ ਉਦੋਂ ਤੱਕ ਭਾਜਪਾ ਆਗੂ ਉੱਥੋਂ ਖਿਸਕ ਚੁੱਕੇ ਸਨ। ਪਰੰਤੂ ਪੁਲਿਸ ਬਲ ਹਾਲੇ ਤੱਕ ਵੀ ਇੱਥੇ ਤਾਇਨਾਤ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਤੇ ਸਾਬਕਾ ਵਿਧਾਇਕ ਬੀਬੀ ਸੁਰਜੀਤ ਕੌਰ ਬਰਨਾਲਾ ਨਾਲ ਭਾਜਪਾ ਦੇ ਸੂਬਾਈ ਆਗੂ ਗੁਰਤੇਜ ਸਿੰਘ ਢਿੱਲੋਂ ਦੀ ਲੰਬਾ ਸਮਾਂ ਬੰਦ ਕਮਰਾ ਮੀਟਿੰਗ ਚੱਲੀ। ਮੀਟਿੰਗ ਵਿੱਚ ਕਿਸ ਮੁੱਦੇ ਤੇ ਚਰਚਾ ਹੋਈ, ਇਹ ਗੱਲ ਹਾਲੇ ਤੱਕ ਬਾਹਰ ਨਿੱਕਲ ਕੇ ਨਹੀਂ ਆਈ।
ਕਈ ਵਾਰ ਸੰਪਰਕ ਕਰਨ ਤੇ ਵੀ ਬੀਬੀ ਬਰਨਾਲਾ ਨਾਲ ਸੰਪਰਕ ਨਹੀਂ ਹੋਇਆ। ਪਰੰਤੂ ਉਨਾਂ ਦੇ ਰਾਜਸੀ ਸਲਾਹਕਾਰ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ਨੇ ਗੁਰਤੇਜ ਸਿੰਘ ਢਿੱਲੋਂ ਦੇ ਬਰਨਾਲਾ ਪਰਿਵਾਰ ਦੀ ਕੋਠੀ ਵਿੱਚ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮੁਲਾਕਾਤ ਦਾ ਰਾਜਨੀਤੀ ਨਾਲ ਕੋਈ ਸਰੋਕਾਰ ਨਹੀਂ ਹੈ। ਉਨਾਂ ਦੱਸਿਆ ਕਿ ਗੁਰਤੇਜ ਸਿੰਘ ਢਿੱਲੋਂ ,ਬੀਬੀ ਬਰਨਾਲਾ ਦੇ ਪੇਕੇ ਪਰਿਵਾਰ ਦੇ ਮੈਂਬਰ ਹਨ। ਉਨਾਂ ਰਿਸ਼ਤੇਦਾਰੀ ਪੁੱਛਣ ਤੇ ਕਿਹਾ ਕਿ ਗੁਰਤੇਜ ਸਿੰਘ ਢਿੱਲੋਂ , ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੇ ਮਾਮੇ ਦੇ ਪੁੱਤਰ ਹਨ। ਜਥੇਦਾਰ ਛੀਨੀਵਾਲ ਨੇ ਕਿਹਾ ਕਿ ਗੁਰਤੇਜ ਸਿੰਘ ਢਿੱਲੋਂ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਹਨ। ਪਰੰਤੂ ਬਰਨਾਲਾ ਪਰਿਵਾਰ ਨਾਲ ਉਹ ਰਿਸ਼ਤੇਦਾਰ ਦੇ ਤੌਰ ਤੇ ਪਹਿਲਾਂ ਵੀ ਸਮੇਂ ਸਮੇਂ ਤੇ ਆਉਂਦੇ ਰਹਿੰਦੇ ਹਨ। ਉਨਾਂ ਕਿਹਾ ਕਿ ਪਰਿਵਾਰਿਕ ਮਿਲਣੀ ਦੇ ਕੋਈ ਰਾਜਸੀ ਮਾਇਨੇ ਨਹੀਂ ਕੱਢਣੇ ਚਾਹੀਦੇ।