ਡਿਪਟੀ ਕਮਿਸ਼ਨਰ ਅਤੇ ਕੌਸਲਰ ਮਮਤਾ ਆਸ਼ੂ ਵੱਲੋਂ ਕੈਪ ਦਾ ਉਦਘਾਟਨ
ਦਵਿੰਦਰ ਡੀ ਕੇ , ਲੁਧਿਆਣਾ, 06 ਜੂਨ 2021
ਅੱਜ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਿਖੇ ਦਿਵਿਆਂਗ ਵਿਅਕਤੀਆਂ ਅਤੇ ਕਿੰਨਰਾਂ ਲਈ ਵਿਸ਼ੇਸ਼ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕੀਤਾ।
ਇਹ ਮੁਫਤ ਟੀਕਾਕਰਨ ਕੈਂਪ ਐਨ.ਜੀ.ਓ ਸਿਟੀ ਨੀਡਜ਼ ਦੇ ਯਤਨਾਂ ਸਦਕਾ ਲਗਾਇਆ ਗਿਆ, ਜਦਕਿ ਮੁਫਤ ਵੈਕਸੀਨ ਵਰਧਮਾਨ ਸਪੈਸ਼ਲ ਸਟੀਲਜ਼ ਦੇ ਸ੍ਰੀ ਸਚਿਤ ਜੈਨ ਅਤੇ ਡੀ.ਐਮ.ਸੀ.ਐਚ. ਮੈਨੇਜਮੈਂਟ ਦੇ ਸਕੱਤਰ ਸ੍ਰੀ ਪ੍ਰੇਮ ਗੁਪਤਾ ਦੁਆਰਾ ਦਾਨ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਹਿਰ ਦੇ ਉਦਯੋਗਪਤੀਆਂ ਨੂੰ ਲੁਧਿਆਣਾ ਦੇ ਦਿਵਿਆਂਗ ਅਤੇ ਕਿੰਨਰਾਂ ਲਈ ਮੁਫਤ ਵੈਕਸੀਨ ਦਾਨ ਕਰਕੇ ‘ਲੰਗਰ’ ਲਗਾਉਣ ਲਈ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੀ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਆਪਣੇ ਜਨਮਦਿਨ ਅਤੇ ਵਰ੍ਹੇਗੰਢ ਨੂੰ ਵੈਕਸੀਨ ਭੇਟ ਕਰਕੇ ਮਨਾਇਆ ਜਾਵੇ, ਜੋ ਮਨੁੱਖਤਾ ਦੀ ਸੱਚੀ ਸੇਵਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਲੋੜਵੰਦ ਯੋਗ ਵਿਅਕਤੀਆਂ ਲਈ ਸੱਚੀ ਅਤੇ ਨਾ ਭੁੱਲਣਯੋਗ ਸੇਵਾ ਹੋਵੇਗੀ ਕਿਉਂਕਿ ਟੀਕਾਕਰਨ ਉਨ੍ਹਾਂ ਦੀਆਂ ਕੀਮਤੀ ਜਾਨਾਂ ਦੀ ਰੱਖਿਆ ਕਰੇਗਾ।
ਡਿਪਟੀ ਕਮਿਸ਼ਨਰ ਨੇ ਸ੍ਰੀਮਤੀ ਮਮਤਾ ਆਸ਼ੂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ, ਜਿਹੜੇ ਪਹਿਲੇ ਦਿਨ ਤੋਂ ਚੱਲ ਰਹੀ ਟੀਕਾਕਰਨ ਮੁਹਿੰਮ ਨਾਲ ਜੁੜੇ ਹੋਏ ਹਨ।
ਸ੍ਰੀਮਤੀ ਮਮਤਾ ਆਸ਼ੂ ਨੇ 18 ਸਾਲ ਤੋਂ ਵੱਧ ਉਮਰ ਦੇ ਕਿੰਨਰਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਇਹ ਵਿਸ਼ੇਸ਼ ਮੁਫਤ ਟੀਕਾਕਰਨ ਕੈਂਪ ਲਗਾਉਣ ਲਈ ਐਨ.ਜੀ.ਓ ਸਿਟੀ ਨੀਡਜ਼ ਦਾ ਧੰਨਵਾਦ ਕੀਤਾ। ਉਨ੍ਹਾਂ ਡੀ.ਐਮ.ਸੀ.ਐਚ. ਦੇ ਪ੍ਰਬੰਧਕਾਂ ਦਾ ਇਸ ਨੇਕ ਕੰਮ ਲਈ ਮੁਫਤ ਟੀਕਾ ਪ੍ਰਦਾਨ ਕਰਨ ਲਈ ਵੀ ਧੰਨਵਾਦ ਕੀਤਾ।
ਸ੍ਰੀ ਪ੍ਰੇਮ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਡੀ.ਐਮ.ਸੀ.ਐਚ. ਵਿਖੇ 75 ਹਜ਼ਾਰ ਦੇ ਕਰੀਬ ਲੋਕਾਂ ਨੂੰ ਪਹਿਲਾਂ ਹੀ ਟੀਕਾਕਰਣ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਯੋਜਨਾ ਹੈ ਕਿ ਅਗਲੇ ਇੱਕ ਮਹੀਨੇ ਵਿੱਚ 1 ਲੱਖ ਦੇ ਕਰੀਬ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ। ਸ੍ਰੀ ਸਚਿਤ ਜੈਨ ਨੇ ਸਾਰੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਵਿਚ ਯੋਗਦਾਨ ਪਾਉਣ ਅਤੇ ਲੋੜਵੰਦਾਂ ਨੂੰ ਵੈਕਸੀਨ ਦਾ ਦਾਨ ਦੇਣ।
ਟੀਕਾਕਰਨ ਕਰਵਾਉਣ ਤੋਂ ਬਾਅਦ, ਕਿੰਨਰ ਅਤੇ ਸਮਾਜ ਸੇਵੀ ਮੋਹਿਨੀ ਮਹੰਤ ਨੇ ਹੋਰ ਕਿੰਨਰਾਂ ਨੂੰ ਵੀ ਮੁਫਤ ਟੀਕਾਕਰਨ ਦਾ ਪੂਰਾ ਲਾਭ ਲੈਂਦਿਆਂ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।
ਬਾਅਦ ਵਿਚ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਅਤੇ ਸੰਯੁਕਤ ਪੁਲਿਸ ਕਮਿਸ਼ਨਰ ਸ੍ਰੀ ਦੀਪਕ ਪਾਰੀਕ ਵੀ ਕੈਂਪ ਦਾ ਦੌਰਾ ਕਰਨ ਗਏ। ਇਸ ਮੌਕੇ ਸਿਟੀ ਨੀਡਜ਼ ਤੋਂ ਐਸ.ਬੀ.ਪਾਂਧੀ, ਡਾ. ਰਾਜੇਸ਼ ਮਹਾਜਨ ਅਤੇ ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਵੀ ਮੌਜੂਦ ਸਨ।