ਪਿਛਲੇ ਤਕਰੀਬਨ 20 ਸਾਲਾਂ ਤੋਂ ਕਾਗਜਾਂ ਦੀ ਝੋਪੜੀ ’ਚ ਕੱਟ ਰਿਹਾ ਸੀ ਜਿੰਦਗੀ ਦੇ ਦਿਨ
ਰਘਵੀਰ ਹੈਪੀ, ਬਰਨਾਲਾ, 6 ਜੂਨ -2021
ਡੇਰਾ ਸੱਚਾ ਸੌਦਾ ਸਿਰਸਾ ਦੇ ਡੇਰਾ ਸਰਧਾਲੂਆਂ ਨੇ ਪੂਯਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਇੱਕ ਦੋਵਾਂ ਬਾਹਵਾਂ ਤੋਂ ਅਪਾਹਜ ਲੋੜਵੰਦ ਨੂੰ ਲੱਕੜ ਦਾ ਮਕਾਨ ਬਣਾ ਕੇ ਦਿੱਤਾ ਜੋ ਦੋਵੇਂ ਬਾਹਵਾਂ ਨਾ ਹੋਣ ਕਾਰਨ ਕੱਖ ਕਾਨਿਆਂ ਤੇ ਕਾਗਜਾਂ ਦੀ ਬਣੀ ਇੱਕ ਝੋਪੜੀ ’ਚ ਦਿਨ ਕੱਟ ਰਿਹਾ ਸੀ।
ਪੂਯਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪੇ੍ਰਰਣਾਵਾਂ ਸਦਕਾ ਮਾਨਵਤਾ ਭਲਾਈ ਨੂੰ ਮਕਸਦ ਬਣਾ ਕੇ ਆਪਣੀ ਜਿੰਦਗੀ ਬਤੀਤ ਕਰ ਰਹੇ ਕਰੋੜਾਂ ਡੇਰਾ ਸਰਧਾਲੂ ਅਕਸਰ ਹੀ ਅਜਿਹੇ ਕਾਰਜ਼ਾਂ ਕਰਕੇ ਚਰਚਾ ’ਚ ਰਹਿੰਦੇ ਹਨ ਜੋ ਨਾ ਸਿਰਫ਼ ਆਪਸੀ ਭਾਈਚਾਰੇ ਨੂੰ ਵੜਾਵਾ ਦਿੰਦੇ ਹਨ ਸਗੋਂ ਇਸ ਸਵਾਰਥੀ ਯੁੱਗ ’ਚ ਇਨਸਾਨੀਅਤ ਦੇ ਜਿੰਦਾ ਹੋਣ ਦਾ ਵੀ ਗਵਾਹ ਬਣਦੇ ਹਨ। ਜਾਣਕਾਰੀ ਮੁਤਾਬਕ ਜ਼ਿਲੇ ਦੇ ਪਿੰਡ ਕੈਰੇ ਦਾ ਬਜ਼ੁਰਗ ਸਾਧੂ ਸਿੰਘ ਪਿਛਲੇ ਵੀਹ ਸਾਲਾਂ ਤੋਂ ਸਥਾਨਕ ਸ਼ਬਜੀ ਮੰਡੀ ਦੇ ਸਾਹਮਣੇ ਰਿਲਾਇਸ ਮਾਲ ਦੇ ਲਾਗੇ ਹੀ ਮੇਨ ਰੋਡ ’ਤੇ ਕੱਖ-ਕਾਨਿਆਂ ਤੇ ਕਾਗਜਾਂ ਦੀ ਝੁੱਗੀ ’ਚ ਰਹਿੰਦੀ ਜਿੰਦਗੀ ਟਪਾ ਰਿਹਾ ਸੀ। ਜਿਸਦੀਆਂ ਦੋਵੇਂ ਬਾਹਵਾਂ ਕਾਫ਼ੀ ਸਮਾਂ ਪਹਿਲਾਂ ਕਣਕ ਕੱਢਦੇ ਸਮੇਂ ਹੜੰਬੇ ’ਚ ਆਉਣ ਕਾਰਨ ਕੱਟੀਆਂ ਗਈਆਂ ਸਨ ਜੋ ਸਮੇਂ ਸਿਰ ਇਲਾਜ਼ ਨਾ ਹੋਣ ਕਾਰਨ ਬਜ਼ੁਰਗ ਦੇ ਅਪਾਹਜ਼ ਹੋਣ ਦਾ ਕਾਰਨ ਬਣ ਗਈਆਂ।
ਬਜ਼ੁਰਗ ਦੇ ਇੱਥੇ ਰਹਿਣ ਦਾ ਕੁੱਝ ਦਿਨ ਪਹਿਲਾਂ ਹੀ ਜਿਉਂ ਹੀ ਡੇਰਾ ਸੱਚਾ ਸੌਦਾ ਦੇ ਸਰਧਾਲੂ ਤੇ ਪਿੰਡ ਪੱਖੋ ਦੇ ਰਾਜਵਿੰਦਰ ਇੰਸਾਂ ਉਰਫ਼ ਰਾਜੂ ਇੰਸਾਂ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣੇ ਸਹਿਯੋਗੀ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਦੇ ਰਹਿਣ ਦਾ ਪ੍ਰਬੰਧ ਕਰਨ ਦਾ ਪ੍ਰੋਗਰਾਮ ਉਲੀਕਿਆ। ਜਿਸ ਪਿੱਛੋਂ ਅੱਜ ਸਿਰਫ਼ ਤਿੰਨ ਘੰਟਿਆਂ ਵਿੱਚ ਹੀ ਸਬੰਧਿਤ ਬਜ਼ੁਰਗ ਨੂੰ ਲੱਕੜ ਦਾ ਮਕਾਨ ਬਣਾ ਕੇ ਸੌਂਪ ਦਿੱਤਾ। ਜਿੰਮੇਵਾਰਾਂ ਮੁਤਾਬਕ ਇਸ ਲੱਕੜ ਦੇ ਘਰ ਨੂੰ ਬਣਾਉਣ ’ਚ ਤਕਰੀਬਨ 20 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ਜੋ ਡੇਰਾ ਸਰਧਾਲੂ ਨੌਜਵਾਨਾਂ ਨੇ ਆਪਣੀ ਨੇਕ ਕਮਾਈ ’ਚ ਦਸਵੰਧ ਦੇ ਰੂਪ ਵਿੱਚ ਕੱਢ ਕੇ ਇਸ ਮਹਾਨ ਕਾਰਜ਼ ’ਤੇ ਲਗਾਇਆ ਹੈ।
ਇਸ ਮੌਕੇ ਜਗਦੀਸ ਸਿੰਘ ਇੰਸਾਂ, ਮਾ. ਗੁਰਚਰਨ ਸਿੰਘ ਇੰਸਾਂ, ਲਛਮਣ ਸਿੰਘ ਇੰਸਾਂ (ਤਿੰਨੇ ਪੰਦਰਾਂ ਮੈਂਬਰ), ਗ੍ਰੀਨ ਐਸ ਜਿੰਮੇਵਾਰ ਹਰਦੇਵ ਸਿੰਘ ਇੰਸਾਂ ਨਾਈਵਾਲਾ, ਜਗਦੇਵ ਇੰਸਾਂ ਬਰਨਾਲਾ, ਏਜੰਸੀ ਹੋਲਡਰ ਭੋਲਾ ਇੰਸਾਂ, ਜੱਗਾ ਸਿੰਘ ਇੰਸਾਂ, ਮੇਜਰ ਇੰਸਾਂ ਪੱਖੋ, ਨਿਰਮਲ ਸਿੰਘ, ਮਨਦੀਪ ਸਿੰਘ, ਤਰਨਵੀਰ ਸਿੰਘ, ਸੁਰਜੀਤ ਸਿੰਘ ਫੌਜੀ, ਗੁਰਚਰਨ ਸਿੰਘ ਤੇ ਬਲਵੀਰ ਸਿੰਘ ਇੰਸਾਂ ਆਦਿ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।
ਪੂਯਨੀਕ ਗੁਰੂ ਜੀ ਦੀ ਪ੍ਰੇਰਣਾ ਦਾ ਕਮਾਲ
ਰਾਜਵਿੰਦਰ ਇੰਸਾਂ ਪੱਖੋ, ਹਰਦੇਵ ਇੰਸਾਂ ਨਾਈਵਾਲਾ ਤੇ ਜਗਦੀਸ ਸਿੰਘ ਇੰਸਾਂ ਆਦਿ ਨੇ ਦੱਸਿਆ ਕਿ ਮਾਨਵਤਾ ਦੀ ਬਿਹਤਰੀ ਦੇ ਕਾਰਜ਼ ਕਰਨ ਦੀ ਮਹਾਨ ਪ੍ਰੇਰਣਾ ਉਨਾਂ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲੀ ਹੈ। ਜਿਸ ਦੀ ਬਦੌਲਤ ਉਹ ਇਸ ਤੋਂ ਪਹਿਲਾਂ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ’ਚ ਅਣਗਿਣਤ ਲੋੜਵੰਦਾਂ ਦੀ ਵੱਖ ਵੱਖ ਰੂਪ ’ਚ ਨਿਰਸਵਾਰਥ ਭਾਵਨਾ ਨਾਲ ਮੱਦਦ ਕਰ ਚੁੱਕੇ ਹਨ।
ਰਹਿੰਦੀ ਜਿੰਦਗੀ ਸੁਖਾਲੀ ਹੋ ਜਾਏਗੀ
ਬਜ਼ੁਰਗ ਸਾਧੂ ਸਿੰਘ ਨੇ ਕਿਹਾ ਕਿ ਉਹ ਬੇਹੱਦ ਮੰਦੇ ਹਾਲਾਤਾਂ ’ਚ ਜਿੰਦਗੀ ਬਤੀਤ ਕਰ ਰਿਹਾ ਸੀ ਪਰ ਉਸ ਸਮੇਂ ਉਸਦੀ ਖੁਸ਼ੀ ਦੁੱਗਣੀ ਹੋ ਗਈ ਜਦੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਕੁੱਝ ਦਿਨ ਪਹਿਲਾਂ ਮਿਲ ਕੇ ਗਏ ਸੇਵਾਦਾਰਾਂ ਨੇ ਅੱਜ ਸਿਰਫ਼ ਤਿੰਨ ਘੰਟਿਆਂ ’ਚ ਹੀ ਉਸਨੂੰ ਲੱਕੜ ਦਾ ਇੱਕ ਸ਼ਾਨਦਾਰ ਕਮਰਾ ਬਣਾ ਕੇ ਦੇ ਦਿੱਤਾ। ਬਜ਼ੁਰਗ ਮੁਤਾਬਕ ਆਮ ਦਿਨਾਂ ’ਚ ਹੀ ਉਸਦੀ ਜਿੰਦਗੀ ਬਦ ਤੋਂ ਬਦਤਰ ਸੀ ਜੋ ਮੀਂਹ- ਕਣੀ ’ਚ ਨਰਕ ਤੋਂ ਵੀ ਭੈੜੀ ਹੋ ਜਾਂਦੀ ਸੀ ਪਰ ਹੁਣ ਉਸਦੀ ਰਹਿੰਦੀ ਜਿੰਦਗੀ ਕੁੱਝ ਕੁ ਸੁਖਾਲੀ ਕੱਟ ਜਾਵੇਗੀ। ਉਨਾਂ ਕਿਹਾ ਕਿ ਡੇਰਾ ਪੇ੍ਰਮੀਆਂ ਦਾ ਧੰਨਵਾਦ ਕਰਨ ਲਈ ਉਸ ਕੋਲ ਸ਼ਬਦ ਨਹੀ ਹਨ, ਉਸ ਦੇ ਮੰਨਣ ਮੁਤਾਬਕ ਰੱਬ ਖੁਦ ਉਸਦੀ ਝੋਪੜੀ ’ਚ ਆਇਆ ਹੈ, ਜਿਸ ਨੇ ਉਸ ਦੇ ਦਿਨ ਬਦਲ ਦਿੱਤੇ ਹਨ।
——————————————–————