ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗੇ ਧਰਨੇ ਚ 226 ਵੇਂ ਦਿਨ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਡਟੇ ਕਿਸਾਨ

Advertisement
Spread information

ਖੇਤੀ ਲਾਗਤਾਂ ‘ਚ ਅਥਾਹ ਵਾਧੇ ਦੇ ਮੱਦੇਨਜ਼ਰ ਕਿਸਾਨ ਨਿਧੀ ਸਕੀਮ ਮਹਿਜ਼ ਸ਼ੋਸ਼ੇਬਾਜੀ ਤੇ ਕੋਝਾ ਮਜਾਕ : ਕਿਸਾਨ ਆਗੂ

ਪਰਦੀਪ ਕਸਬਾ  , ਬਰਨਾਲਾ:  14 ਮਈ, 2021

                 ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 226ਵੇਂ ਦਿਨ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ।                ਧਰਨੇ ਵਿੱਚ  ਪ੍ਰਧਾਨ ਮੰਤਰੀ ਵੱਲੋਂ  ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਿਸਾਨ ਨਿਧੀ ਸਕੀਮ ਅਧੀਨ ਦੋ ਹਜਾਰ ਰੁਪਏ ਕਰੈਡਿਟ ਕਰਨ ਦੀ ਅਸਲੀਅਤ ਦਾ ਮੁੱਦਾ ਚਰਚਾ ਅਧੀਨ ਰਿਹਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,  ਨਰੈਣ ਦੱਤ,ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਮਨਜੀਤ ਕੌਰ ਖੁੱਡੀ ਕਲਾਂ, ਕਾਕਾ ਸਿੰਘ ਫਰਵਾਹੀ, ਨਛੱਤਰ ਸਿੰਘ ਸਾਹੌਰ, ਨੇਕਦਰਸ਼ਨ ਸਿੰਘ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਖਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਅੱਜ ਕਿਸਾਨ ਨਿਧੀ ਸਕੀਮ ਅਧੀਨ 9.5 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਦੋ ਦੋ ਹਜਾਰ ਰੁਪਏ ਕਰੈਡਿਟ ਕਰਨਗੇ। ਅਸਲ ਵਿੱਚ ਇਹ ਸਕੀਮ ਕਿਸਾਨਾਂ ਨੂੰ ਬੇਵਕੂਫ਼ ਬਣਾਉਣ ਅਤੇ ਉਨ੍ਹਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੈ। ਇਸ ਦੋ ਹਜਾਰ ਰੁਪਏ ਦੀ ਰਕਮ ਨੂੰ ਪਿਛਲੇ ਸਾਲਾਂ ਦੌਰਾਨ ਡੀਜਲ, ਖਾਦਾਂ, ਕੀੜੇਮਾਰ ਦਵਾਈਆਂ, ਬੀਜਾਂ ਤੇ ਹੋਰ ਖੇਤੀ ਲਾਗਤਾਂ ਵਿੱਚ ਹੋਏ ਅਥਾਹ ਵਾਧੇ ਨਾਲ ਮੇਲ ਕੇ ਦੇਖਣ ਦੀ ਜਰੂਰਤ ਹੈ। ਲਾਗਤਾਂ ਵਿੱਚ ਹੋਏ ਇਸ ਅਥਾਹ ਵਾਧੇ ਦੇ ਮੁਕਾਬਲੇ ਫਸਲਾਂ ਦੀ  ਐਮਐਸਪੀ ਵਿੱਚ ਬਿਲਕੁੱਲ ਨਿਗੂਣਾ ਵਾਧਾ ਕੀਤਾ ਗਿਆ ਹੈ। ਡੀਜਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਛੂਹ ਰਹੀ ਹੈ। ਖਾਦਾਂ  ਦੀਆਂ ਕੀਮਤਾਂ ਵਿੱਚ ਪਿਛਲੇ ਦਿਨੀਂ ਡੇਢ ਗੁਣਾਂ ਤੱਕ ਵਾਧਾ ਕਰ ਦਿੱਤਾ ਹੈ। ਖੇਤੀ ਲਾਗਤਾਂ ਵਿੱਚ ਇੰਨੇ ਵੱਡੇ ਵਾਧੇ ਦੇ ਮੁਕਾਬਲੇ ਆਉਂਦੇ ਸੀਜਨ ਲਈ ਝੋਨੇ ਦੀ ਐਮਐਸਪੀ ਵਿੱਚ ਮਹਿਜ਼ 72 ਰੁਪਏ ਦਾ ਵਾਧਾ ਕੀਤਾ ਹੈ ਜੋ ਇਕੱਲੇ ਡੀਜਲ ਦੀ ਕੀਮਤ ਵਿੱਚ ਹੋਏ ਵਾਧੇ ਦੀ ਵੀ ਪੂਰਤੀ ਨਹੀਂ ਕਰਦਾ।
ਬੁਲਾਰਿਆਂ ਨੇ ਕਿਹਾ ਕਿ ਕਿਸਾਨ ਨਿਧੀ ਵਰਗੀਆਂ ਇਹ ਸਕੀਮਾਂ ਲੋਕਾਂ ਦਾ ਧਿਆਨ ਅਸਲੀ ਮੱਦਿਆਂ ਤੋਂ ਲਾਂਭੇ ਲਿਜਾਣ ਲਈ ਚਲਾਈਆਂ ਜਾਂਦੀਆਂ ਹਨ। ਜੇਕਰ ਪ੍ਰਧਾਨ ਮੰਤਰੀ ਸਚਮੁੱਚ ਹੀ ਕਿਸਾਨ ਦਾ ਭਲਾ ਕਰਨਾ ਚਾਹੁੰਦਾ ਹੈ ਤਾਂ ਇਹ ਕਾਲੇ ਕਾਨੂੰਨ ਰੱਦ ਕਿਉਂ ਨਹੀਂ ਕਰ ਦਿੰਦਾ। ਜਦੋਂ ਇਨ੍ਹਾਂ ਕਾਨੂੰਨਾਂ ਦੀ ਮੰਗ ਕਿਸੇ ਕਿਸਾਨ ਜਥੇਬੰਦੀ ਨੇ ਨਹੀਂ ਕੀਤੀ ਸੀ ਤਾਂ ਇਹ ਕਿਸ ਦੇ ਕਹਿਣ ‘ਤੇ ਬਣਾਏ ਗਏ ਹਨ? ਅਸਲ ਵਿੱਚ ਦੋ ਹਜਾਰ ਰੁਪਏ ਦੇਣ ਦੀ ਇਹ ਸ਼ੋਸ਼ੇਬਾਜੀ ਖੇਤੀ ਕਾਨੂੰਨਾਂ ਵਿਰੁੱਧ ਉਠੇ ਲੋਕ ਰੋਹ ਨੂੰ ਮੱਠਾ ਕਰਨ ਦਾ ਇੱਕ ਢਕਵੰਜ ਮਾਤਰ ਹੈ। ਕਿਸਾਨ ਸਰਕਾਰ ਦੇ ਅਜਿਹੇ ਝਾਂਸਿਆਂ ਵਿੱਚ ਨਹੀਂ ਆਉਣਗੇ ਅਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ  ਆਪਣਾ ਅੰਦੋਲਨ ਜਾਰੀ ਰੱਖਣਗੇ। ਬਲਵੀਰ ਸੇਖਾ ਤੇ ਰੁਲਦੂ ਸਿੰਘ ਸੇਰੋਂ ਨੇ ਗੀਤ ਸੁਣਾਏ।

Advertisement
Advertisement
Advertisement
Advertisement
Advertisement
Advertisement
error: Content is protected !!