ਸਰਕਾਰ ਵਸਨੀਕਾਂ ਲਈ ਵੱਧ ਤੋਂ ਵੱਧ ਵੈਕਸੀਨ ਮੁਹੱਈਆਂ ਕਰਵਾਉਣ ਲਈ ਯਤਨਸ਼ੀਲ – ਐਮ.ਪੀ
-ਜ਼ਿਲ੍ਹੇ ‘ਚ 24 ਥਾਵਾਂ ‘ਤੇ ਲਗਾਏ ਗਏ ਕੈਂਪ – ਡਿਪਟੀ ਕਮਿਸ਼ਨਰ
ਦਵਿੰਦਰ ਡੀ ਕੇ ‘ ਲੁਧਿਆਣਾ, 15 ਮਈ 2021
ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 18 ਤੋਂ 44 ਸਾਲ ਦੀ ਉਮਰ ਵਰਗ ਦੇ ਸਹਿ ਰੋਗਾਂ ਵਾਲੇ ਅਤੇ ਸਿਹਤ ਕਾਮਿਆਂ ਦੇ ਪਰਿਵਾਰਾਂ ਲਈ ਟੀਕਾਕਰਣ ਦੀ ਸੁਰੂਆਤ ਕੀਤੀ ਗਈ। ਇਸ ਟੀਕਾਕਰਨ ਮੁਹਿੰਮ ਦਾ ਉਦਘਾਟਨ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਥਾਨਕ ਖੁੱਡ ਮੁਹੱਲਾ ਦੇ ਪੋਠੋਹਾਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰਕੇ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਟੀਕਾਕਰਣ ਮੁਹਿੰਮ ਇਸ ਵਾਇਰਸ ਨਾਲ ਲੜਨ ਅਤੇ ਇਸ ਦਾ ਜਲਦ ਖਾਤਮਾ ਕਰਨ ਦਾ ਇਕੋ-ਇਕ ਰਸਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਬਿੱਲਕੁਲ ਲੋੜ ਨਹੀਂ ਹੈ ਅਤੇ ਜਲਦ ਹੀ ਲੁਧਿਆਣਾ ਜ਼ਿਲ੍ਹੇ ਵਿੱਚ ਸਾਰੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੀਕੇ ਦੀ ਸਪਲਾਈ ਦੇ ਅਧਾਰ ‘ਤੇ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਹੋਰ ਅਜਿਹੇ ਕੈਂਪ ਲਗਾਏ ਜਾਣਗੇ।
ਸੰਸਦ ਮੈਂਬਰ ਸ. ਬਿੱਟੂ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਬੈਡਾਂ ਅਤੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਦਿੱਲੀ ਵਿਖੇ ਮਿਲੇ ਅਤੇ ਪੰਜਾਬ ਲਈ 4 ਹੋਰ ਆਕਸੀਜਨ ਟੈਂਕਰ ਲੈਣ ਵਿਚ ਕਾਮਯਾਬ ਹੋਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਲੋਕ ਕੋਵਿਡ ਸੰਬੰਧੀ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦੇ ਹਨ, ਤਾਂ ਇਹ ਆਕਸੀਜਨ ਟੈਂਕਰ ਕਾਫ਼ੀ ਨਹੀਂ ਹੋਣਗੇ ਕਿਉਂਕਿ ਕੇਸਾਂ ਦੀ ਗਿਣਤੀ ਵਧਦੀ ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਪਹਿਲੀ ਤੋਂ ਵੀ ਘਾਤਕ ਹੈ ਅਤੇ ਇਸੇ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਪੈਣ ‘ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
ਉਨ੍ਹਾਂ ਕੁਝ ਨਿੱਜੀ ਹਸਪਤਾਲਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਮਰੀਜ਼ਾਂ ਤੋਂ ਨਾਜਾਇਜ਼ ਪੈਸੇ ਨਾ ਵਸੂਲਣ ਅਤੇ ਉਨ੍ਹਾਂ ਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਆਪਣੇ ਜ਼ਮੀਰ ਨੂੰ ਜਿਉਂਦਾ ਰੱਖਦਿਆਂ ਵਿੱਤੀ ਲਾਭ ਦੀ ਬਜਾਏ ਮਰੀਜ਼ਾਂ ਦੇ ਇਲਾਜ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਡਾਕਟਰ ਪੰਜਾਬ ਸਰਕਾਰ ਨੂੰ ਕੁਝ ਸਖ਼ਤ ਫੈਸਲੇ ਲੈਣ ਲਈ ਮਜਬੂਰ ਨਾ ਕਰਨ।