ਲੋਕ, ਕੋਵਿਡ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ-ਪ੍ਰਨੀਤ ਕੌਰ
ਪ੍ਰਨੀਤ ਕੌਰ ਵੱਲੋਂ ਕੋਵਿਡ ਮਹਾਂਮਾਰੀ ਦੀ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਹਿਯੋਗ ਦੇਣ ਲਈ ਭਾਰਤੀ ਫ਼ੌਜ ਦਾ ਧੰਨਵਾਦ
ਰਿਚਾ ਨਾਗਪਾਲ , ਪਟਿਆਲਾ, 12 ਮਈ 2021
ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸੁਪਰ-ਸਪੈਸ਼ਲਿਟੀ ਬਲਾਕ ਵਿੱਚ ਸਥਾਪਤ ਕੀਤਾ 100 ਬਿਸਤਰਿਆਂ ਦਾ ਕੋਵਿਡ ਹਸਪਤਾਲ ਅੱਜ ਰਸਮੀ ਤੌਰ ‘ਤੇ ਚਾਲੂ ਹੋ ਗਿਆ। ਭਾਵੇਂ ਕਿ ਇਥੇ ਕੋਵਿਡ ਦੇ ਲੈਵਲ-2 ਮਰੀਜਾਂ ਨੂੰ ਸੰਭਾਲਣ ਦਾ ਕੰਮ 10 ਮਈ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰੰਤੂ ਇਸ ਨੂੰ ਰਸਮੀ ਤੌਰ ‘ਤੇ ਲੋਕਾਂ ਨੂੰ ਸਮਰਪਿਤ ਕਰਨ ਦੀ ਰਸਮ ਅੱਜ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਭਾਰਤੀ ਫ਼ੌਜ ਦੀ ਅਰਾਵਤ ਡਿਵੀਜ਼ਨ ਦੇ ਜੀ.ਓ.ਸੀ. ਮੇਜਰ ਜਨਰਲ ਮੋਹਿਤ ਮਲਹੋਤਰਾ, ਸੈਨਾ ਮੈਡਲ, ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ।
ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਭਾਰਤੀ ਫ਼ੌਜ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਮਹਾਂਮਾਰੀ ਦੀ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀ.ਓ.ਸੀ.-ਇਨ-ਸੀ ਲੈਫਟੀਨੈਂਟ ਜਨਰਲ ਆਰ.ਪੀ. ਸਿੰਘ, ਏ.ਵੀ.ਐਸ.ਐਮ., ਵੀ.ਐਸ.ਐਮ., ਨਾਲ ਵਰਚੂਅਲ ਮੀਟਿੰਗ ਤੋਂ ਬਾਅਦ ਫ਼ੌਜ ਵੱਲੋ ਇਹ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਸ਼ੁਰੂ ਕੀਤੇ ਇਸ ਕੋਵਿਡ ਹਸਪਤਾਲ ਦੀ ਮਦਦ ਨਾਲ ਹੁਣ ਰਾਜਿੰਦਰਾ ਹਸਪਤਾਲ ਦੇ ਡਾਕਟਰ ਆਪਣਾ ਪੂਰਾ ਧਿਆਨ ਕੋਵਿਡ ਦੇ ਲੈਵਲ-3 ਮਰੀਜਾਂ ਦੀ ਸੰਭਾਂਲ ਲਈ ਲਗਾਉਣਗੇ, ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਉਣਗੇ।
ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਲੋਕਾਂ ਨੂੰ ਕੋਵਿਡ ਸਬੰਧੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਰੁੱਧ ਫੈਲਾਈਆਂ ਜਾ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਿੱਲੀ ‘ਚ ਵੀ ਨਹੀਂ ਮਿਲ ਰਹੀਆਂ, ਜਿਸ ਕਰਕੇ ਉਥੋਂ ਦੇ ਮਰੀਜ ਵੀ ਇੱਥੇ ਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇੱਥੇ 25 ਫੀਸਦੀ ਬੈਡ ਸਮਰੱਥਾ ਹੋਰ ਵਧਾਏ ਜਾਣ ਨਾਲ ਬਿਸਤਰਿਆਂ ਦੀ ਗਿਣਤੀ 720 ਹੋ ਜਾਵੇਗੀ। ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼ ਤੇ ਹੋਰ ਅਮਲੇ ਦੀ ਪ੍ਰਸ਼ੰਸਾ ਕਰਦਿਆਂ ਆਸ ਪ੍ਰਗਟਾਈ ਕਿ ਇਨ੍ਹਾਂ ਦੇ ਯਤਨਾਂ ਨੂੰ ਬੂਰ ਪਵੇਗਾ ਅਤੇ ਅਸੀਂ ਕੋਵਿਡ ਖ਼ਿਲਾਫ਼ ਜੰਗ ਨੂੰ ਜਰੂਰ ਜਿੱਤਾਂਗੇ।
ਸ ਮੌਕੇ ਮੁੱਖ ਮੰਤਰੀ ਤੇ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ, ਐਸ.ਐਸ.ਪੀ. ਡਾ. ਸੰਦੀਪ ਗਰਗ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਰਾਜੇਸ਼ ਸ਼ਰਮਾ, ਕਰਨਲ ਤਰੁਣ ਕੌਸ਼ਿਕ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਡਾ. ਵਿਨੋਦ ਡੰਗਵਾਲ, ਡਾ. ਅਮਨਦੀਪ ਬਖ਼ਸ਼ੀ, ਨਰਸਿੰਗ ਸੁਪਰਡੈਂਟ ਗੁਰਕਿਰਨ ਕੌਰ ਆਦਿ ਵੀ ਮੌਜੂਦ ਸਨ।