ਬੰਦਾ ਸਿੰਘ ਬਹਾਦਰ ਵੱਲੋਂ ਮਿਲੀਆਂ ਜਮੀਨਾਂ ਫਿਰ ‘ਵੱਡਿਆਂ’ ਦੇ ਹਵਾਲੇ ਕਰਨ ਦੀ ਤਿਆਰੀ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ, 12 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 224ਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਅੱਜ ਦੇ ਦਿਨ ਸੰਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਲੜਾਈ ਦੇ ਮੈਦਾਨ ਵਿੱਚ ਸਰਹਿੰਦ ਦੇ ਗਵਰਨਰ ਵਜ਼ੀਰ ਖਾਨ ਨੂੰ ਮਾਰ ਕੇ ਸਰਹਿੰਦ ‘ਤੇ ਫਤਹਿ ਪਾਈ ਸੀ। ਬਾਬਾ ਬੰਦਾ ਸਿੰਘ ਬਹਾਦਰ ਉਹ ਪਹਿਲੇ ਸਾਸ਼ਕ ਸਨ ਜਿਸ ਨੇ ਜਾਗੀਰਦਾਰਾਂ ਤੋਂ ਜਮੀਨਾਂ ਕੇ ਹਲਵਾਹਕ ਕਿਸਾਨਾਂ ਵਿੱਚ ਵੰਡੀਆਂ। ਇਸੇ ਕਰਕੇ ਪੰਜਾਬ ਦੇ ਕਿਸਾਨਾਂ ਵਿੱਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ ਅਤੇ ਕਿਸਾਨ ਉਸ ਨੂੰ ਆਪਣਾ ਪਹਿਲਾ ਤਹਿਸੀਲਦਾਰ ਆਖਦੇ ਹਨ। ਅੱਜ ਧਰਨੇ ਵਿੱਚ ਉਨ੍ਹਾਂ ਦੇ ਯੋਗਦਾਨ ਤੇ ਕੁਰਬਾਨੀ ਨੂੰ ਬਹੁਤ ਸਤਿਕਾਰ ਨਾਲ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਬੀ਼.ਕੇ.ਗੁੰਮਟੀ ਦੀ ਨਿਰਦੇਸ਼ਨਾ ਹੇਠ ‘ਵੱਖਰਾ ਜਾਨੂੰਨ ਨਾਟਕ ਗਰੁੱਪ ਨੇ’ ਕੁੱਤੀ ਰਲ ਗਈ ਚੋਰਾਂ ਨਾਲ’ ਨਾਟਕ ਪੇਸ਼ ਕੀਤਾ। ਸਾਡੇ ਸਿਆਸੀ ਨੇਤਾਵਾਂ ਦੇ ਦੰਭੀ ਕਿਰਦਾਰ ਦਾ ਨੰਗੇਜ਼ ਉਘੇੜਦੇ ਨਾਟਕ ਨੂੰ ਸਰੋਤਿਆਂ ਨੇ ਇਕਾਗਰਚਿੱਤ ਹੋ ਕੇ ਦੇਖਿਆ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਨਰੈਣ ਦੱਤ,ਗੁਰਦੇਵ ਸਿੰਘ ਮਾਂਗੇਵਾਲ, ਗੁਰਨਾਮ ਸਿੰਘ ਠੀਕਰੀਵਾਲਾ, ਮਨਜੀਤ ਰਾਜ,ਗੁਰਮੀਤ ਸੁਖਪੁਰ ਜਿਲ੍ਹਾ ਪ੍ਰਧਾਨ ਡੀਟੀਐਫ, ਮਾਹਣ ਸਿੰਘ ਚੌਹਾਨਕੇ, ਨਿਰੰਜਨ ਸਿੰਘ ਬਰਨਾਲਾ, ਹਰਚਰਨ ਸਿੰਘ ਚੰਨਾ, ਕਾਕਾ ਸਿੰਘ ਫਰਵਾਹੀ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਸਾਡੇ ਨੇਤਾਵਾਂ ਦੀਆਂ ਤਰਜੀਹਾਂ ਆਮ ਲੋਕਾਂ ਦੀਆਂ ਲੋੜਾਂ ਨਾਲ ਮੇਲ ਨਹੀਂ ਖਾਂਦੀਆਂ। ਕਰੋਨਾ ਬਿਮਾਰੀ ਦੇ ਦੌਰ ਵਿੱਚ ਹੁਣ ਜਦੋਂ ਮੁਲਕ ਦੇ ਵਿਤੀ ਸਰੋਤ ਆਕਸੀਜਨ, ਵੈਕਸ਼ੀਨ ਤੇ ਹੋਰ ਅਤੀ ਜਰੂਰੀ ਮੈਡੀਕਲ ਸਾਜੋ-ਸਮਾਨ ਖਰੀਦਣ ਲਈ ਵਰਤੇ ਜਾਣੇ ਚਾਹੀਦੇ ਸਨ, ਇਹ ਸਰੋਤ ਪ੍ਰਧਾਨ ਮੰਤਰੀ ਦੀ ਨਿੱਜੀ ਹਉਮੈ ਨੂੰ ਪੱਠੇ ਪਾਉਣ ਵਾਲੇ ‘ ਸੈਂਟਰਲ ਵਿਸਟਾ ਪ੍ਰੋਜੈਕਟ’ ‘ਤੇ ਲੁਟਾਏ ਜਾ ਰਹੇ ਹਨ। ਸਾਡਾ ਏਕਾ ਹੀ ਹਾਕਮਾਂ ਨੂੰ ਸਾਡੀਆਂ ਜਰੂਰਤਾਂ ਵੱਲ ਧਿਆਨ ਦੇਣ ਲਈ ਮਜਬੂਰ ਕਰ ਸਕਦਾ ਹੈ।
ਪ੍ਰੀਤ ਕੌਰ ਧੂਰੀ ਤੇ ਪਾਠਕ ਭਰਾਵਾਂ ਦੇ ਕਵੀਸ਼ਰੀ ਜਥਿਆਂ ਨੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਅਤੇ ਆਪਣੀ ਬੁਲੰਦ ਆਵਾਜ਼ ਨਾਲ ਪੰਡਾਲ ਵਿੱਚ ਜੋਸ਼ ਭਰਿਆ। ਮੁਖਤਿਆਰ ਸਿੰਘ ਭੈਣੀ ਨੇ ਗੀਤ ਸੁਣਾਇਆ।