ਸਰਕਾਰ ਕੋਰੋਨਾ ਦੀ ਆੜ ਹੇਠ ਲਾਕਡਾਊਨ ਰਾਹੀਂ ਆਮ ਦੁਕਾਨਦਾਰਾਂ ਅਤੇ ਰੇੜ੍ਹੀ ਫੜ੍ਹੀ ਵਾਲਿਆਂ ਦੇ ਕਾਰੋਬਾਰ ਠੱਪ ਕਰਕੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕ ਰਹੀ ਹੈ – ਕਿਸਾਨ ਆਗੂ
ਬੀ ਟੀ ਐੱਨ , ਪਾਤੜਾਂ , 8 ਮਈ 2021
ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ,ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਭਾਰਤੀ ਕਿਸਾਨ ਯੂਨੀਅਨ ਉਗਰਾਹਾਂ,ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਪੁਰਾਣਾ ਬਸ ਸਟੈਂਡ ਵਿੱਚ ਲਾਕਡਾਊਨ ਤੋੜ ਕੇ ਧਰਨਾ ਲਾਇਆ ਗਿਆ ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਕੋਰੂਨਾ ਦੀ ਆੜ ਹੇਠ ਲਾਕਡਾਊਨ ਰਾਹੀਂ ਆਮ ਦੁਕਾਨਦਾਰਾਂ ਅਤੇ ਰੇੜ੍ਹੀ ਫੜ੍ਹੀ ਵਾਲਿਆਂ ਦੇ ਕਾਰੋਬਾਰ ਠੱਪ ਕਰਕੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕਣ ਖਿਲਾਫ਼ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਹੱਕੀ ਵਿਰੋਧ ਪ੍ਰਦਰਸ਼ਨਾਂ ‘ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਤ ਅੱਜ ਡਟਵੀਂ ਸ਼ਮੂਲੀਅਤ ਕੀਤੀ ਗਈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕਰੋਨਾ ਦੀ ਰੋਕਥਾਮ ਅਤੇ ਪੀੜਤਾਂ ਦੇ ਸਹੀ ਇਲਾਜ ਲਈ ਲੋੜੀਂਦੀ ਜਨ-ਜਾਗ੍ਰਤੀ ਅਤੇ ਬੈੱਡਾਂ, ਵੈਂਟੀਲੇਟਰਾਂ, ਵੈਕਸੀਨੇਸ਼ਨਾਂ, ਆਕਸੀਜਨ ਆਦਿ ਦੇ ਪ੍ਰਬੰਧਾਂ ‘ਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਿਰੇ ਦੀ ਗੈਰ ਜ਼ਿੰਮੇਵਾਰੀ ਦਿਖਾਈ ਗਈ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਉਲਟਾ ਪੁਲਿਸ ਜਬਰ ਨਾਲ ਲਾਕਡਾਊਨ ਮੜ੍ਹ ਕੇ ਆਮ ਦੁਕਾਨਦਾਰਾਂ ਤੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਹੋਰ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ ਹੈ। ਇਸੇ ਕਰੋਨਾ ਦੀ ਆੜ ਹੇਠ ਮੋਦੀ ਭਾਜਪਾ ਹਕੂਮਤ ਵੱਲੋਂ ਕਿਸਾਨਾਂ ਮਜ਼ਦੂਰਾਂ ਉੱਤੇ ਕਾਲ਼ੇ ਖੇਤੀ ਕਾਨੂੰਨ ਅਤੇ ਲੇਬਰ ਕੋਡ ਮੜ੍ਹੇ ਜਾ ਰਹੇ ਹਨ ਅਤੇ ਲੰਬੇ ਜਾਨਹੂਲਵੇਂ ਘੋਲ਼ਾਂ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਆੜ ਹੇਠ ਆਪ੍ਰੇਸ਼ਨ ਕਲੀਨ ਵਰਗੇ ਦਬਕੇ ਵੀ ਮਾਰੇ ਗਏ ਸਨ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਜੁਝਾਰੂ ਰੌਂਅ ਅਤੇ ਦ੍ਰਿੜ੍ਹ ਇਰਾਦਿਆਂ ਨੇ ਧੂੜ ਵਾਂਗ ਉਡਾ ਕੇ ਰੱਖ ਦਿੱਤੇ।
ਪਰ ਅਜੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਸਮੇਤ ਦੇਸ਼ ਦੀ ਪੂਰੀ ਆਰਥਿਕਤਾ ਅਡਾਨੀ ਅੰਬਾਨੀ ਅਤੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਲਈ ਮੋਦੀ ਹਕੂਮਤ ਤਰਲੋਮੱਛੀ ਹੋ ਰਹੀ ਹੈ। ਜਿਹੜੀ ਉਸਦੀ ਪਿੱਠ ਥਾਪੜ ਰਹੀਆਂ ਕੌਮਾਂਤਰੀ ਸਾਮਰਾਜੀ ਸੰਸਥਾਵਾਂ ਸੰਸਾਰ ਵਪਾਰ ਸੰਸਥਾ, ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾਕੋਸ਼ ਦੀ ਤਾਕਤ ‘ਤੇ ਕੁੱਝ ਜ਼ਿਆਦਾ ਹੀ ਮਾਣ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਇਸ ਮਾਣ ਨੂੰ ਚਕਨਾਚੂਰ ਕਰਨ ਅਤੇ ਇਨ੍ਹਾਂ ਸਾਰੇ ਲੋਕ-ਮਾਰੂ ਹੱਲਿਆਂ ਨੂੰ ਪਛਾੜਨ ਲਈ ਕਿਸਾਨਾਂ ਮਜਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ਦੀ ਵਿਸ਼ਾਲ ਜੁਝਾਰੂ ਏਕਤਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਜੁਝਾਰੂ ਏਕਤਾ ਦਾ ਪਸਾਰਾ ਪੂਰੇ ਦੇਸ਼ ਵਿੱਚ ਕਰਨ ਦੀ ਲੋੜ ਹੋਰ ਵੀ ਵਧੇਰੇ ਹੈ।ਲਾਕਡਾਊਨ ਵਿਰੁੱਧ ਸੰਘਰਸ਼ ਦੀ ਹਮਾਇਤ ਰਾਹੀਂ ਏਕਤਾ ਅਤੇ ਪਸਾਰੇ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।