ਨਾਬਾਲਿਗ ਬੱਚੇ ਦੀ ਕਾਰ ਸਵਾਰ ਵੱਲੋਂ ਕੁੱਟ-ਮਾਰ ਕੀਤੇ ਜਾਣ ਦੀ ਵਾਇਰਲ ਵੀਡਿਉ ਤੇ ਭਖਿਆ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ
ਐਸ.ਐਸ.ਪੀ. ਨੂੰ ਕਿਹਾ, ਕੁੱਟਮਾਰ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕਰਟ ਅਤੇ ਕੋਲ ਖੜ੍ਹੇ ਪੁਲਿਸ ਕਰਮਚਾਰੀ ਦੀ ਭੂਮਿਕਾ ਦੀ ਪੜਤਾਲ ਕਰਕੇ 3 ਦਿਨਾਂ ਵਿੱਚ ਭੇਜੋ ਰਿਪੋਰਟ
ਹਰਿੰਦਰ ਨਿੱਕਾ , ਸੰਗਰੂਰ 7 ਮਈ 2021
ਨਾਬਾਲਿਗ ਬੱਚੇ ਦੀ ਕਾਰ ਸਵਾਰ ਵਿਅਕਤੀ ਵੱਲੋਂ ਪੁਲਿਸ ਮੁਲਾਜਮਾਂ ਦੀ ਹਾਜ਼ਰੀ ਵਿੱਚ ਸ਼ਰੇਆਮ ਕੀਤੀ ਜਾ ਰਹੀ ਕੁੱਟਮਾਰ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਉ ਤੋਂ ਬਾਅਦ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਵਾਇਰਲ ਵੀਡੀਉ ਦਾ ਸੂ-ਮੋਟੋ ਐਕਸ਼ਨ ਲੈਂਦਿਆਂ ਐਸਐਸਪੀ ਸੰਗਰੂਰ ਨੂੰ ਪੱਤਰ ਭੇਜ ਕੇ ਲਿਖਿਆ ਹੈ ਕਿ ਬੱਚੇ ਦੀ ਕੁੱਟਮਾਰ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਅਤੇ ਕੁੱਟਮਾਰ ਸਮੇਂ ਮੂਕ ਦਰਸ਼ਕ ਬਣੇ ਖੜ੍ਹੇ ਪੁਲਿਸ ਮੁਲਾਜਮ ਦੀ ਭੂਮਿਕਾ ਦੀ ਪੜਤਾਲ ਕਰਕੇ 3 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਈ-ਮੇਲ ਰਾਹੀਂ ਕਮਿਸ਼ਨ ਨੂੰ ਭੇਜੀ ਜਾਵੇ।
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਐਸ.ਐਸ.ਪੀ. ਨੂੰ ਭੇਜੇ ਪੱਤਰ ਵਿੱਚ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਆਪਣੀ ਨੋਟੀਫਿਕੇਸ਼ਨ ਮਿਤੀ 15.04.2011 ਰਾਹੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਭਾਰਤ ਸਰਕਾਰ ਦੇ “ਦਾ ਕਮਿਸ਼ਨਜ਼ ਫਾਰ ਦਾ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਐਕਟ 2005” ਤਹਿਤ ਰਾਜ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਕਰਨ ਲਈ ਕੀਤਾ ਗਿਆ ਹੈ। ਇਸ ਐਕਟ ਦੀ ਧਾਰਾ 13 ਅਧੀਨ ਕਮਿਸ਼ਨ ਪਾਸ ਬਾਲ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਾਰੇ ਇੰਨਕੁਆਰੀ ਕਰਨ ਅਤੇ ਉਹਨਾਂ ਬਾਰੇ ਸੂ-ਮੋਟੋ ਨੋਟਿਸ ਲੈਣ ਦਾ ਅਧਿਕਾਰ ਹੈ।
ਉਪਰੋਕਤ ਵਿਸ਼ਾ ਅੰਕਿਤ ਮਾਮਲੇ ਸਬੰਧੀ ਮਿਤੀ 07.05.2021 ਨੂੰ ਸੋਸ਼ਲ ਮੀਡਿਆ ਵਾਇਰਲ ਹੋ ਰਹੀ ਵੀਡਿਉ ਦਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ ਲਿਆ ਗਿਆ ਹੈ। ਵੀਡਿਉ ਦੇ ਡਿਸਕ੍ਰਿਪਸ਼ਨ ਵਿਚ ਲਿਖੇ ਅਨੁਸਾਰ ਇਹ ਮਾਮਲਾ ਸੰਗਰੂਰ ਦਾ ਹੈ, ਵੀਡਿਉ ਅਨੁਸਾਰ ਪੁਲਿਸ ਕਰਮਚਾਰੀ ਦੀ ਮੌਜੂਦਗੀ ਵਿਚ ਕਾਰ ਸਵਾਰ ਵਿਅਕਤੀ ਵੱਲੋਂ ਬੱਚੇ ਦੀ ਸਰੇਆਮ ਕੁੱਟ ਮਾਰ ਕੀਤੀ ਗਈ ਹੈ, ਵੀਡਿਉ ਇਸ ਪੱਤਰ ਨਾਲ ਨੱਥੀ ਕਰਕੇ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਕੁੱਟ ਮਾਰ ਕਰਨ ਵਾਲੇ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਨ ਅਤੇ ਪੁਲਿਸ ਕਰਮਚਾਰੀ ਦੀ ਭੂਮਿਕਾ ਦੀ ਪੜਤਾਲ ਕਰਨ ਉਪਰੰਤ ਕਾਰਵਾਈ ਕਰ ਕੇ ਤਿੰਨ ਦਿਨਾਂ ਅੰਦਰ ਰਿਪੋਰਟ ਕਮਿਸ਼ਨ ਦੀ ਈ-ਮੇਲ ਆਈ.ਡੀ ਤੇ ਭੇਜਣੀ ਯਕੀਨੀ ਬਨਾਈ ਜਾਵੇ। ਵਰਣਣਯੋਗ ਹੈ ਕਿ ਕੁੱਟਮਾਰ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਸੰਗਰੂਰ ਦੇ ਜਿਲ੍ਹਾ ਅਟਾਰਨੀ ਸ੍ਰੀ ਡੀ.ਕੇ. ਗਰਗ ਵੱਜੋਂ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਐਸ.ਐਸ.ਪੀ ਸੰਗਰੂਰ ਸ੍ਰੀ ਵਿਵੇਕਸ਼ੀਲ ਸੋਨੀ ਜਿਲ੍ਹਾ ਅਟਾਰਨੀ ਖਿਲਾਫ ਕਦੋਂ ਅਤੇ ਕੀ ਕਾਨੂੰਨੀ ਕਾਰਵਾਈ ਕਰਦੇ ਹਨ। ਉੱਧਰ ਸੰਗਰੂਰ ਦੇ ਐਸਐਸਪੀ ਸ੍ਰੀ ਵਿਵੇਕਸ਼ੀਲ ਸੋਨੀ ਅਤੇ ਜਿਲ੍ਹਾ ਅਟਾਰਨੀ ਡੀ ਕੇ ਗਰਗ ਦਾ ਪੱਖ ਜਾਣਨ ਲਈ, ਫੋਨ ਕੀਤਾ, ਪਰੰਤੂ ਦੋਵਾਂ ਹੀ ਅਧਿਕਾਰੀਆਂ ਨੇ ਫੋਨ ਰਿਸੀਵ ਨਹੀਂ ਕੀਤਾ।