ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 7 ਮਈ 2021
ਸ਼ਹਿਰ ਦੇ ਬਾਜ਼ਾਰ ਖੋਹਲਣ ਨੂੰ ਲੈ ਕੇ ਜਿੱਥੇ ਰਾਜਸੀ ਲਾਹਾ ਲੈਣ ਲਈ ਕਾਂਗਰਸੀ ਆਗੂ ਮੈਦਾਨ ਵਿੱਚ ਉੱਤਰ ਆਏ ਹਨ । ਉੱਥੇ ਹੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਾਲੇ ਤੱਕ ਬਾਜਾਰ ਖੋਹਲਣ ਲਈ ਕੋਈ ਆਰਡਰ ਜਾਰੀ ਨਹੀਂ ਕੀਤਾ ਗਿਆ। ਯਾਨੀ ਬਜਾਰ ਖੋਹਲਣ ਲਈ ਲੋਕਾਂ ਵਿੱਚ ਭੰਵਲਭੂਸਾ ਬਰਕਰਾਰ ਹੈ। ਨਗਰ ਕੌਂਸਲ ਬਰਨਾਲਾ ਦਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਅਤੇ ਕਾਂਗਰਸੀ ਆਗੂ ਐਡਵੋਕੇਟ ਰਾਜੀਵ ਲੂਬੀ ਸਵੇਰੇ ਹੀ ਲੋਕਾਂ ਨੂੰ ਬਜਾਰ ਖੁਲਵਾਉਣ ਲਈ ਸਦਰ ਬਜ਼ਾਰ ਵਿੱਚ ਆ ਧਮਕੇ।
ਨੀਟਾ , ਦੁਕਾਨਦਾਰਾਂ ਨੂੰ ਕਹਿਣ ਲੱਗਿਆ, ਤੁਸੀਂ ਦੁਕਾਨਾਂ ਖੋਹਲੋ, ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ, ਆਹ ਦੇਖੋ, ਮੈਂਨੂੰ ਫੋਨ ਆਇਆ ਹੈ। ਕਾਂਗਰਸੀ ਆਗੂਆਂ ਦੇ ਕਹਿਣ ਤੇ ਵੀ ਬਜ਼ਾਰ ਦੇ ਦੁਕਾਨਦਾਰ ਦੁਕਾਨਾਂ ਖੋਹਲਣ ਲਈ ਰਾਜੀ ਨਹੀਂ ਹੋਏ। ਜਦੋਂ ਬਜਾਰ ਖੋਹਲੇ ਜਾਣ ਦੀ ਭਿਣਕ ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਵੀ ਦਲਬਲ ਨਾਲ ਮੌਕੇ ਤੇ ਪਹੁੰਚ ਗਏ। ਐਸਐਚਉ ਲਖਵਿੰਦਰ ਸਿੰਘ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਹਾਲੇ ਜਿਲ੍ਹਾ ਮਜਿਸਟ੍ਰੇਟ ਵੱਲੋਂ ਦੁਕਾਨਾਂ ਖੋਹਲਣ ਸਬੰਧੀ ਕੋਈ ਹੁਕਮ ਨਹੀਂ ਆਇਆ।
ਇਸ ਲਈ, ਉਹ ਕਿਸੇ ਵੀ ਹਾਲਤ ਵਿੱਚ ਜਿਲ੍ਹਾ ਮਜਿਸਟ੍ਰੇਟ ਦੇ ਪਹਿਲਾਂ ਬਜ਼ਾਰ ਬੰਦ ਰੱਖਣ ਸਬੰਧੀ ਹੁਕਮਾਂ ਦਾ ਉਲੰਘਣ ਨਹੀਂ ਹੋਣ ਦੇਣਗੇ। ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ, ਜਦੋਂ ਡੀਸੀ ਸਾਹਿਬ ਦਾ ਹੁਕਮ ਆ ਜਾਵੇਗਾ, ਫਿਰ ਉਨਾਂ ਦੇ ਹੁਕਮ ਅਨੁਸਾਰ ਦੁਕਾਨਾਂ ਖੋਹਲ ਲੈਣਾ।
ਡੀਸੀ ਸਾਬ੍ਹ ਦਾ ਹੁਕਮ ਆ ਲੈਣ ਦਿਉ-ਵਪਾਰੀ ਆਗੂ ਅਨਿਲ ਨਾਣਾ
ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਕੁਝ ਰਾਜਸੀ ਲੋਕ ਰਾਜਨੀਤਕ ਫਾਇਦਾ ਲੈਣ ਲਈ ਵਪਾਰੀਆਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹਨ। ਉਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਮਜਿਸਟ੍ਰੇਟ ਵੱਲੋਂ ਹੁਕਮ ਜਾਰੀ ਹੋਣ ਤੱਕ ਥੋੜ੍ਹਾ ਇੰਤਜ਼ਾਰ ਕਰ ਲਉ।