ਕੈਮਿਸਟ ਦੀਆਂ ਦੁਕਾਨਾਂ ਦੇ ਬਾਹਰ ਲੱਗਣਗੇ , ਰੇਟ ਲਿਸਟ ਦੇ ਸੂਚਨਾ ਬੋਰਡ- ਨਰਿੰਦਰ ਅਰੋੜਾ
ਹਰਿੰਦਰ ਨਿੱਕਾ, ਬਰਨਾਲਾ ,6 ਮਈ 2021
ਕੋਵਿਡ 19 ਦੀਆਂ ਸਮੱਸਿਆਵਾਂ ਨਾਲ ਜੂਝਦੇ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਰਾਹਤ ਪ੍ਰਦਾਨ ਕਰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਅੱਜ ਲਗਾਤਾਰ ਦੂਸਰੇ ਦਿਨ ਵੀ ਥਾਣਾ ਸਦਰ ਬਰਨਾਲਾ ਵਿਖੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ। ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਐਸ.ਐਸ.ਪੀ. ਸ੍ਰੀ ਗੋਇਲ ਨੇ ਲੰਘੀ ਕੱਲ੍ਹ ਕੈਮਿਸਟਾਂ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਵਾਈਆਂ ਵਾਜਿਬ ਰੇਟਾਂ ਤੇ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਹਕੀਕਤ ਰੂਪ ਦੇਣ ਸਬੰਧੀ ਸਮੀਖਿਆ ਕੀਤੀ। ਸ੍ਰੀ ਗੋਇਲ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਦੀ ਆਰਥਿਕ ਹਾਲਤ ਬੇਹੱਦ ਪ੍ਰਭਾਵਿਤ ਹੋਈ ਹੈ। ਪਰੰਤੂ ਕੁਝ ਲੋਕ , ਮਰੀਜਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਕੋਵਿਡ ਨਾਲ ਸਬੰਧਿਤ ਦਵਾਈਆਂ ਅਤੇ ਹੋਰ ਮੈਡੀਕਲ ਸਾਜੋ-ਸਮਾਨ ਦੀ ਨਕਲੀ ਥੁੜ੍ਹ ਪੈਦਾ ਕਰਕੇ, ਮੋਟੀ ਕਮਾਈ ਕਰਨ ਤੇ ਤੁੱਲੇ ਹੋਏ ਹਨ। ਉਨਾਂ ਕਿਹਾ ਕਿ ਇਹ ਸਮਾਂ ਆਪਣੇ ਘਰਾਂ ਵਿੱਚ ਪੂੰਜੀ ਜਮ੍ਹਾਂ ਕਰਨ ਦਾ ਨਹੀਂ, ਬਲਕਿ ਮਨੁੱਖਤਾ ਤੇ ਆਈ ਸੰਕਟ ਦੀ ਘੜੀ ਵਿੱਚ ਆਪਣੀ ਪਹਿਲਾਂ ਜਮ੍ਹਾ ਪੂੰਜੀ ਵਿੱਚੋਂ ਦਸਵੰਧ ਕੱਢ ਕੇ ਸਮਾਜ ਸੇਵਾ ਤੇ ਖਰਚ ਕਰਨ ਦੀ ਲੋੜ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਕੋਵਿਡ ਪੌਜੇਟਿਵ ਮਰੀਜਾਂ ਦੀ ਆਕਸੀਜ਼ਨ ਜ਼ਾਂਚ ਕਰਨ ਲਈ ਜਰੂਰੀ ਔਕਸੀਮੀਟਰ ਫਰੀ ਮੁਹੱਈਆ ਕਰਵਾਉਣ ਲਈ ਸ਼ਾਂਤੀ ਹਾਲ ਵਿਖੇ ਔਕਸੀਮੀਟਰ ਬੈਂਕ ਸਥਾਪਿਤ ਕੀਤਾ ਜਾ ਰਿਹਾ ਹੈ। ਸੋਮਵਾਰ ਤੋਂ ਇਸ ਨਿਵੇਕਲੀ ਕਿਸਮ ਦੇ ਬੈਂਕ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਅਤੇ ਕੈਮਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਔਕਸੀਮੀਟਰ ਬੈਂਕ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬੈਂਕ ਦਾ ਪੂਰਾ ਖਰਚ ਟ੍ਰਾਈਡੈਂਟ ਗਰੁੱਪ ਕਰੇਗਾ ਅਤੇ ਬਿਨਾਂ ਕਿਸੇ ਮੁਨਾਫੇ ਦੇ ਕੈਮਿਸਟ ਐਸੋਸੀਏਸ਼ਨ ਸਮਾਨ ਉਪਲੱਭਧ ਕਰਵਾਏਗੀ। ਉਨਾਂ ਕਿਹਾ ਕਿ ਔਕਸੀਮੀਟਰ ਬੈਂਕ ਲਈ 250 ਔਕਸੀਮੀਟਰ ਤੇ 500 ਇਲੈਕਟ੍ਰੌਨਿਕ ਥਰਮਾਮੀਟਰ ਲੈ ਵੀ ਲਏ ਹਨ। ਵਿੱਚੋਂ ਕੋਈ ਵੀ ਕੋਵਿਡ ਪੌਜੇਟਿਵ ਮਰੀਜ ਲਈ ਔਕਸੀਮੀਟਰ ਫਰੀ ਪ੍ਰਾਪਤ ਕਰ ਸਕੇਗਾ, ਇਸ ਲਈ ਇਲਾਜ਼ ਕਰ ਰਹੇ ਡਾਕਟਰ ਦੀ ਸਲਿਪ ਹੋਣਾ ਲਾਜਿਮੀ ਹੈ। ਉਨਾਂ ਕਿਹਾ ਕਿ ਔਕਸੀਮੀਟਰ ਅਤੇ ਇਲੈਕਟ੍ਰੋਨਿਕ ਥਰਮਾਮੀਟਰ ਲੈਣ ਵਾਲਿਆਂ ਨੂੰ 1500 ਰੁਪਏ ਸਕਿਊਰਟੀ ਦੇ ਤੌਰ ਤੇ ਜਮ੍ਹਾ ਕਰਵਾਉਣਗੇ ਹੋਣਗੇ। ਜਿਹੜੇ ਔਕਸੀਮੀਟਰ ਦੀ ਵਾਪਿਸੀ ਸਮੇਂ ਵਾਪਿਸ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਅਜਿਹਾ ਔਕਸੀਮੀਟਰ ਦੀ ਵਾਪਿਸੀ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੁਝ ਲੋਕਾਂ ਨੇ ਧਿਆਨ ਵਿੱਚ ਲਿਆਂਦਾ ਸੀ ਕਿ ਔਕਸੀਮੀਟਰ ਕੁੱਝ ਦਿਨਾਂ ਤੋਂ 6/6 ਹਜ਼ਾਰ ਰੁਪਏ ਬਲੈਕ ਮਾਰਕੀਟ ਵਿੱਚ ਵੇਚਿਆ ਜਾ ਰਿਹਾ ਹੈ। ਇਸ ਲਈ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਕੇ ਔਕਸੀਮੀਟਰ ਬੈਂਕ ਬਣਾਇਆ ਜਾ ਰਿਹਾ ਹੈ। ਉਨਾਂ ਦੁਹਰਾਇਆ ਕਿ ਸਾਡਾ ਪ੍ਰਣ ਹੈ ਕਿ ਜਿਲ੍ਹੇ ਦਾ ਕੋਈ ਵੀ ਵਿਅਕਤੀ ਦਵਾਈ ਅਤੇ ਇਲਾਜ਼ ਬਿਨਾਂ ਅਸੀਂ ਨਹੀਂ ਮਰਨ ਦਿਆਂਗੇ।
ਭਲ੍ਹਕੇ ਸਾਰੇ ਕੈਮਿਸਟ ਕੋਵਿਡ ਦੀਆਂ ਦਵਾਈਆਂ ਦੀ ਰੇਟਾਂ ਬਾਰੇ ਲਾਉਣਗੇ ਸੂਚਨਾ ਬੋਰਡ
ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ ,ਭਾਰਤ ਮੋਦੀ ਅਤੇ ਕਮਲਦੀਪ ਸਿੰਘ ਨੇ ਐਸ.ਐਸ.ਪੀ. ਸ੍ਰੀ ਗੋਇਲ ਨੂੰ ਭਰੋਸਾ ਦਿੱਤਾ ਕਿ ਅਸੀਂ ਆਪਣੀ ਮੀਟਿੰਗ ਕਰਕੇ, ਕੋਵਿਡ ਨਾਲ ਸਬੰਧਿਤ ਦਵਾਈਆਂ/ਮਾਸਕ ਅਤੇ ਹੋਰ ਮੈਡੀਕਲ ਸਾਜੋ-ਸਮਾਨ ਬਹੁਤ ਹੀ ਨਿਗੂਣੇ ਮੁਨਾਫੇ ਤੇ ਮੁਹੱਈਆ ਕਰਵਾਉਣ ਲਈ ਰੇਟ ਤੈਅ ਕਰਕੇ, ਕੈਮਿਸਟ ਦੀਆਂ ਦੁਕਾਨਾਂ ਅੱਗੇ ਰੇਟ ਲਿਸਟ ਲਗਵਾ ਦਿਆਂਗੇ । ਤਾਂਕਿ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਉਨਾਂ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਲੋਕਾਂ ਦੀ ਭਲਾਈ ਲਈ ਹਮੇਸ਼ਾ ਹਾਜ਼ਿਰ ਹੈ।
ਐਸ.ਐਸ.ਪੀ. ਸੰਦੀਪ ਨੇ ਹਸਪਤਾਲ ਦਾ ਕੀਤਾ ਦੌਰਾ
ਐਸ.ਐਸ.ਪੀ ਸੰਦੀਪ ਗੋਇਲ ਨੇ ਦੱਸਿਆ ਕਿ ਅੱਜ਼ ਸ਼ਾਮ ਰੋਜ਼ਾ ਖੋਹਲਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਕੋਵਿਡ ਤੋਂ ਬਚਾਅ ਲਈ ਵੈਕਸੀਨ ਲਗਵਾਉਣ ਦੀ ਸ਼ੁਰੂਆਤ ਕਰਨਗੇ। ਇਸ ਦੀ ਸ਼ੁਰੂਆਤ ਕਰਵਾਉਣ ਲਈ ਪੁਖਤਾ ਬੰਦੋਬਸਤ ਲਈ ਹਸਪਤਾਲ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਸਿਵਲ ਸਰਜ਼ਨ ਹਰਿੰਦਰਜੀਤ ਸਿੰਘ , ਐਸਐਮਉ ਡਾਕਟਰ ਜੋਤੀ ਕੌਸ਼ਲ, ਅੱਖਾਂ ਦੇ ਮਾਹਿਰ ਡਾਕਟਰ ਅਵਿਨਾਸ਼ ਬਾਂਸਲ , ਵੈਕਸੀਨੇਸ਼ਨ ਟੀਮ ਦੀ ਇੰਚਾਰਜ ਏ.ਐਨ.ਐਮ. ਮਨਜੀਤ ਕੌਰ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀਆਂ ਨਾਲ ਗੱਲਬਾਤ ਕਰਕੇ, ਭਰੋਸਾ ਦਿੱਤਾ ਕਿ ਹਸਪਤਾਲ ਵਿੱਚ ਉਹ ਕਿਸੇ ਵੀ ਚੀਜ਼ ਦੀ ਥੁੜ੍ਹ ਨਹੀਂ ਪੈਣ ਦੇਣਗੇ। ਜਦੋਂ ਵੀ ਜਿਸ ਚੀਜ ਦੀ ਕਮੀ ਮਹਿਸੂਸ ਹੋਵੇ, ਇੱਕ ਵਾਰ ਧਿਆਨ ਵਿੱਚ ਲਿਆ ਦਿਉ, ਤੁਰੰਤ ਹੀ ਜਰੂਰਤ ਦਾ ਸਮਾਨ ਉਪਲੱਭਧ ਕਰਵਾ ਦਿੱਤਾ ਜਾਵੇਗਾ।