ਸਰਵਿਸ ਪ੍ਰੋਵਾਈਡ ਕਰਵਾਉਣ ਵਾਲੇ ਠੇਕੇਦਾਰ ਤੋਂ ਵੇਅਰ ਹਾਊਸ ਭਾਲਦੇ !
ਹਰਿੰਦਰ ਨਿੱਕਾ, ਬਰਨਾਲਾ 6 ਮਈ 2021
ਸਖਤੇ ਦਾ ਸੱਤੀਂ ਵੀਹੀਂ 100 ਦੀ ਸਦੀਆਂ ਪੁਰਾਣੀ ਕਹਾਵਤ ਹੁਣ ਲੇਬਰ ਕਾਟਰੇਜ਼ ਦਾ ਕੰਮ ਕਰਵਾਉਣ ਵਾਲੇ ਠੇਕੇਦਾਰਾਂ ਨੂੰ ਸੱਤਾ ਦੀ ਸਰਪ੍ਰਸਤੀ ਪ੍ਰਾਪਤ ਕੁਝ ਠੇਕੇਦਾਰਾਂ ਤੇ ਵੀ ਖਰੀ ਉਤਰਦੀ ਹੈ। ਹਾਲਤ ਇਹ ਹੈ ਕਿ ਸਰਵਿਸ ਮੁਹੱਈਆ ਕਰਵਾਉਣ ਵਾਲੇ ਠੇਕੇਦਾਰ ਤੋਂ ਸਮਾਲ ਸਕੇਲ ਇੰਡਸਟਰੀ ਵਾਲੇ ਅਧਿਕਾਰੀ, ਲੇਬਰ ਕਾਟਰੇਜ ਦਾ ਟੈਂਡਰ ਰੱਦ ਕਰਨ ਦਾ ਬਹਾਨਾ ਲੱਭਣ ਲਈ, ਵੇਅਰ ਹਾਊਸ ਭਾਲਦੇ ਫਿਰਦੇ ਹਨ। ਬਰਨਾਲਾ ਟੂਡੇ ਦੀ ਟੀਮ ਕੋਲ ਮਹਿਕਮੇ ਦੀ ਧੱਕੇਸ਼ਾਹੀ ਬਾਰੇ ਦੱਸਦਿਆਂ ਹੈਂਡਲਿੰਗ ਟਰਾਂਸਪੋਰਟ ਕੰਨਟੈਕਟਰ ਦੇ ਠੇਕੇਦਾਰ ਅੰਗਰੇਜ ਸਿੰਘ ਗੇਜਾ ਨੇ ਕਿਹਾ ਕਿ ਉਨਾਂ ਐਫਸੀਆਈ ਦੇ ਐਚ.ਟੀ.ਸੀ. ਸੰਦੋੜ ਦਾ ਲੇਬਰ ਕਾਟਰੇਜ ਦਾ ਟੈੰਡਰ ਆਨਲਾਈਨ ਅਪਲਾਈ ਕੀਤਾ ਸੀ। ਐਫਸੀਆਈ ਦੇ ਅਧਿਕਾਰੀਆਂ ਨੇ ਟੈਂਡਰ ਅਸੈਪਟ ਕਰਨ ਸਬੰਧੀ ਸੂਚਨਾ, ਉਨਾਂ ਨੂੰ ਈਮੇਲ ਰਾਹੀਂ ਦੇ ਦਿੱਤੀ ਸੀ। ਜਿਸ ਦੀ 23 ਅਪ੍ਰੈਲ 2021 ਨੂੰ ਪਰਾਈਸ ਵਿਡ ਖੁੱਲਣੀ ਸੀ।
ਅੰਗਰੇਜ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਟੈਂਡਰ ਅਸੈਪਟ ਹੋਣ ਤੋਂ ਨਿਰਾਸ਼ ਅਤੇ ਹਤਾਸ਼ ਹੋਏ ਸਰਕਾਰੀ ਸਰਪ੍ਰਸਤੀ ਪ੍ਰਾਪਤ ਵਿਅਕਤੀਆਂ ਨੇ ਆਲ੍ਹਾ ਅਧਿਕਾਰੀਆਂ ਨਾਲ ਗੰਢਤੁੱਪ ਕਰਕੇ ਐਮ ਏਸ ਐਮ ਈ ਵਿੱਚ ਸਾਡੀ ਸ਼ਕਾਇਤ ਕਰ ਦਿੱਤੀ। ਸ਼ਕਾਇਤ ਦੀ ਪੜਤਾਲ ਦੌਰਾਨ ਸਾਡੇ ਦਫਤਰ ਪਹੁੰਚੇ ਜੀ ਐਮ ਨੇ ਜੋ ਵੀ ਐਮ ਏਸ ਐਮ ਈ ਨਾਲ ਸੰਬੰਧਤ ਦਸਤਾਵੇਜ ਮੰਗੇ, ਉਹ ਸਾਰੇ ਦੇ ਸਾਰੇ ਠੇਕੇਦਾਰ ਵੱਲੋਂ ਦੇ ਦਿੱਤੇ ਗਏ ਅਤੇ ਅਫਸਰਾ ਦੀ ਪੂਰੀ ਤਰਾਂ ਤਸੱਲੀ ਵੀ ਕਰਵਾ ਦਿੱਤੀ।
ਅੰਗਰੇਜ ਸਿੰਘ ਨੇ ਕਿਹਾ ਕਿ ਸਾਰੀ ਪੜਤਾਲ ਤੋਂ ਬਾਅਦ ਹੁਣ ਸਾਨੂੰ ਅਚਾਨਕ ਹੀ 5 ਮਈ 2021 ਨੂੰ ਜੀ ਐਮ ਜਿਲ੍ਹਾ ਉਦਯੋਗ ਕੇਂਦਰ ਬਰਨਾਲਾ ਸਥਿਤ ਮਲੇਰਕੋਟਲਾ ਵੱਲੋਂ ਇੱਕ ਪੱਤਰ ਮੀਮੋ ਨੰਬਰ 100 ਭੇਜ ਕੇ ਉਦਿਅਮ ਰਜਿਸਟ੍ਰੇਸ਼ਨ ਸਰਟੀਫਿਕੇਟ ਕੈਂਸਲ ਕਰਨ ਸਬੰਧੀ ਡਾਇਰੈਕਟਰ ਉਦਯੋਗ ਤੇ ਕਾਮਰਸ ਪੰਜਾਬ ਚੰਡੀਗੜ੍ਹ ਦੀ ਈਮੇਲ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ 6 ਮਈ 2021 ਨੂੰ ਵੀਡੀਓ ਕਾਨਫਰੰਸ ਰਾਹੀਂ ਤੁਸੀਂ ਡਾਇਰੈਕਟਰ ਕੋਲ ਆਪਣਾ ਪੱਖ ਪੇਸ਼ ਕਰੋ।
ਠੇਕੇਦਾਰ ਅੰਗਰੇਜ ਸਿੰਘ ਨੇ ਦੋਸ਼ ਲਾਇਆ ਕਿ ਸ਼ਕਾਇਤ ਕਰਕੇ, ਉਨਾਂ ਨੂੰ ਕਾਰੋਬਾਰੀ ਤੌਰ ਦੇ ਨੁਕਸਾਨ ਕਰਨ ਵਾਲਿਆਂ ਦੀ ਪਹੁੰਚ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੱਕ ਹੈ । ਜੋ ਕਿ ਪਹਿਲਾਂ ਵੀ ਕਾਫੀ ਵਧੀਕੀਆਂ ਕਰਵਾਕੇ ਕਲੱਸਟਰ ਮਲੇਰਕੋਟਲਾ / ਧੂਰੀ ਲੇਬਰ ਕਾਰਟਰੇਜ ਦੇ ਟੈਂਡਰ ਸਹੀ ਪਾਰਟੀਆਂ ਦੇ ਕੈਂਸਲ ਕਰਵਾ ਕੇ ਕਰੋੜਾਂ ਰੁਪੱਈਆ ਦਾ ਘਪਲਾ ਕਰ ਚੁੱਕੇ ਹਨ। ਉਲਾਂ ਕਿਹਾ ਕਿ ਹੁਣ ਵੀ ਇਹ ਸਰਕਾਰੀ ਮਾਫੀਏ ਨਾਲ ਮਿਲ ਕੇ ਸਾਡਾ ਟੈਂਡਰ ਕੈਂਸਲ ਕਰਵਾਉਣ ਨੂੰ ਫਿਰਦੇ ਹਨ ਅਤੇ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਵਾਉਣ ਤੇ ਉਤਾਰੂ ਹਨ। ਜੋ ਕਿ ਐਫ ਸੀ ਆਈ ਮੁਤਾਬਿਕ ਬਿਲਕੁਲ ਸਹੀ ਹਨ।
ਬੇਇਨਸਾਫੀ ਹੋਈ ਤਾਂ ਜਾਵਾਂਗੇ ਹਾਈਕੋਰਟ
ਠੇਕੇਦਾਰ ਅੰਗਰੇਜ਼ ਸਿੰਘ ਨੇ ਕਿਹਾ ਕਿ ਜੇਕਰ ਉਨਾਂ ਦੇ ਸਾਰੇ ਦਸਤਾਵੇਜ ਸਹੀ ਹੋਣ ਦੇ ਬਾਵਜੂਦ ਵੀ ਸਰਕਾਰੀ ਸ਼ਹਿ ਪ੍ਰਾਪਤ ਕੁੱਝ ਸ਼ਰਾਰਤੀ ਵਿਅਕਤੀਆਂ ਦੇ ਦਬਾਅ ਅੱਗੇ ਗੋਡੇ ਟੇਕ ਕੇ ਉਸ ਦਾ ਉਦਿਅਮ ਰਜਿਸਟ੍ਰੇਸ਼ਨ ਸਰਟੀਫਿਕੇਟ ਕੈਂਸਲ ਕਰਨ ਦਾ ਗੈਰਕਾਨੂੰਨੀ ਫੈਸਲਾ ਅਫਸਰਸ਼ਾਹੀ ਨੇ ਕੀਤਾ ਤਾਂ ਮੈਂ ਇਨਸਾਫ ਲੈਣ ਲਈ ਪੰਜਾਬ ਐਂਡ ਹਾਈਕੋਰਟ ਦਾ ਦਰਵਾਜਾ ਖੜਕਾਉਣ ਨੂੰ ਮਜਬੂਰ ਹੋਵਾਂਗਾ। ਠੇਕੇਦਾਰ ਅੰਗਰੇਜ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਟੈਂਡਰ ਨਾਲ ਸੰਬੰਧਤ ਕੁਝ ਵਿਅਕਤੀਆਂ ਨੇ ਮਿਲੀਭੁਗਤ ਕਰਕੇ ਠੇਕੇਦਾਰ ਵਰਿੰਦਰ ਸਿੰਘ ਦਾ ਟੈਂਡਰ ਰੱਦ ਕਰਵਾਉਣ ਲਈ ਫ਼ਤਹਿਾਬਾਦ ਐੱਸ ਐਮ ਈ ਨਾਲ ਮਿਲ ਕੇ ਕੈਂਸਲ ਕਰਵਾਉਣ ਦੀ ਨਾਕਾਮ ਕੋਸ਼ਿਸ਼ ਕੀਤੀ । ਜਿਸ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ।