ਲੋਕਾਂ ਨੂੰ ਐਸ.ਐਸ.ਪੀ ਨੇ ਦਿਵਾਇਆ ਸੁੱਖ ਦਾ ਸਾਂਹ, ਕਿਹਾ ਮੈਂ ਜਿਲ੍ਹਾ ਵਾਸੀਆਂ ਲਈ ਆਕਸੀਜਨ ਦੀ ਕਮੀ ਨਹੀਂ ਆਉਣ ਦਿਆਂਗਾ, ਪਹਿਲਾਂ ਹੀ ਕਰ ਲਿਆ ਇੰਤਜਾਮ
ਹਰਿੰਦਰ ਨਿੱਕਾ / ਰਘਵੀਰ ਹੈਪੀ, ਬਰਨਾਲਾ ,4 ਮਈ 2021
ਮਿੰਨੀ ਲੌਕਡਾਊਨ ਦੀਆਂ ਕਰੜੀਆਂ ਪਾਬੰਦੀਆਂ ਤੋਂ ਖਫਾ ਹੋ ਕੇ ਸੜ੍ਹਕਾਂ ਤੇ ਸੰਘਰਸ਼ ਲਈ ਲਗਾਤਾਰ ਦੋ ਦਿਨ ਤੋਂ ਉੱਤਰੇ ਵਪਾਰੀਆਂ ਅਤੇ ਪ੍ਰਸ਼ਾਸ਼ਨ ਦਰਮਿਆਨ ਪੈਦਾ ਹੋਇਆ ਟਕਰਾਅ, ਆਖਿਰ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਦੀ ਪਹਿਲ ਸਦਕਾ ਪੂਰੀ ਤਰਾਂ ਟਲ ਗਿਆ। ਹਾਲਤ ਇਹ ਰਹੀ ਕਿ ਐਸਐਸਪੀ ਸ੍ਰੀ ਗੋਇਲ ਦੁਆਰਾ ਥਾਣਾ ਸਦਰ ਬਰਨਾਲਾ ਵਿਖੇ ਅੱਜ ਬਾਅਦ ਦੁਪਿਹਰ ਵਪਾਰੀਆਂ ਨਾਲ ਗੱਲਬਾਤ ਕਰਨ ਲਈ ਸੱਦੀ ਮੀਟਿੰਗ ‘ਚ ਵਪਾਰ ਮੰਡਲ ਦੇ ਆਗੂ ਅਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ ਪਹੁੰਚੇ ਤਾਂ ਗੁੱਸੇ ਵਿੱਚ ਭਰੇ ਪੀਤੇ, ਪਰੰਤੂ ਐਸ.ਐਸ.ਪੀ ਵੱਲੋਂ ਬਾ-ਦਲੀਲ ਕੀਤੀਆਂ ਗੱਲਾਂ ਨਾਲ ਸਹਿਮਤ ਹੋ ਕੇ ਠੰਡੇ ਸੀਲੇ ਹੋ ਗਏ। ਨਤੀਜੇ ਵਜੋਂ ਮੀਟਿੰਗ ਵਿੱਚ ਮੌਜੂਦ ਆਗੂਆਂ ਨੇ ਤਾੜੀਆਂ ਵਜਾ ਕੇ ਐਸਐਸਪੀ ਵੱਲੋਂ ਪੇਸ਼ ਕੀਤੀਆਂ ਪੇਸ਼ਕਸ਼ਾਂ ਨੂੰ ਖੁਸ਼ੀ ਦਾ ਨਾਲ ਸਵੀਕਾਰ ਕਰ ਲਿਆ।
ਐਸ.ਐਸ.ਪੀ. ਨੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਕੀਤਾ ਨਿਬੇੜਾ
ਐਸਐਸਪੀ ਸ੍ਰੀ ਗੋਇਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਵਖਤ ਦੀ ਨਜ਼ਾਕਤ ਨੂੰ ਸਮਝਣ ਦੀ ਲੋੜ ਹੈ, ਅਪਣੀ ਲੜਾਈ , ਇੱਕ ਦੂਜੇ ਨਾਲ ਨਹੀਂ, ਆਪਾਂ ਇਕੱਠਿਆਂ ਨੇ ਮਿਲ ਕੇ ਕਰੋਨਾ ਦੇ ਖਿਲਾਫ ਸ਼ੁਰੂ ਹੋਈ ਜੰਗ ਵਿੱਚ ਹਰ ਕਿਸੇ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਜਿੱਤ ਪਾਉਣੀ ਹੈ। ਉਨਾਂ ਸੱਦਾ ਦਿੱਤਾ ਕਿ ਆਉ ਆਪਾਂ ਸਭ ਮਿਲਕੇ ਮਾੜੇ ਦੌਰ ਵਿੱਚੋਂ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਮਨੁੱਖਤਾ ਤੇ ਆਈ ਸੰਕਟ ਦੀ ਘੜੀ ਤੋਂ ਪਾਰ ਪਾਈਏ।
ਜਿਲ੍ਹਾ ਪ੍ਰਸ਼ਾਸ਼ਨ ਲੋਕਾਂ ਦੇ ਦੁੱਖ ਤਕਲੀਫ ਵਿੱਚ ਹਮੇਸ਼ਾਂ ਉਨਾਂ ਦੇ ਨਾਲ
ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਵਪਾਰੀਆਂ ਨੂੰ ਕਿਹਾ ਕਿ ਤੁਹਾਡੀਆਂ ਜੋ ਵੀ ਛੋਟੀਆਂ-ਮੋਟੀਆਂ ਸਮੱਸਿਆਵਾਂ ਜਾਂ ਮੰਗਾਂ ਹਨ, ਉਹ ਪੂਰੀਆਂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਹੈ |ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡੀ.ਸੀ. ਬਰਨਾਲਾ ਨਾਲ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ ਸੀ । ਪਰੰਤੂ ਇਹ ਜੋ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ, ਇਹ ਸਰਕਾਰ ਨੇ ਲੋਕਾਂ ਦੇ ਭਲੇ ਵਾਸਤੇ ਹੀ ਲਗਾਇਆ ਹੈ, ਤਾਂਕਿ ਕੋਰੋਨਾ ਨੂੰ ਮਾਤ ਪਾਈ ਜਾ ਸਕੇ |ਇਸ ਲਈ ਤੁਸੀਂ ਵੀ ਜਿਵੇਂ ਪਹਿਲਾਂ ਲੱਗੇ ਲਾਕਡਾਊਨ / ਕਰਫਿਊ ਦੇ ਸਮੇਂ ਦੁਕਾਨਾਂ ਸਮੇਂ ‘ਤੇ ਬੰਦ ਕਰਕੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਪਾਲਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਸੀ । ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਵਪਾਰੀ ਅਤੇ ਦੁਕਾਨਦਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਨਗੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਪਾਲਣ ਕਰਨਗੇ |ਜਦੋਂ ਇਸ ਮੌਕੇ ਉਨ੍ਹਾਂ ਤੋਂ ਕੋਰੋਨਾ ਦੇ ਮਰੀਜਾਂ ਲਈ ਆਕਸੀਜਨ ਦੇ ਪ੍ਰਬੰਧ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ‘ ਚ ਆਕਸੀਜਨ ਦੀ ਫਿਲਹਾਲ ਕੋਈ ਕਮੀ ਨਹੀਂ ਹੈ |ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਤਾਂ ਦੂਸਰੇ ਜ਼ਿਲਿ੍ਹਆਂ ਲਈ ਵੀ ਇਕ ਮਿਸਾਲ ਹੈ, ਕਿਉਂਕਿ ਬਰਨਾਲਾ ਵਾਸੀਆਂ ਵੱਲੋਂ ਹਮੇਸ਼ਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਹੀ ਦਿੱਤਾ ਗਿਆ ਹੈ |ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਕਾਰਨ ਉਹ ਕਾਫੀ ਹੱਦ ਤੱਕ ਕੋਰੋਨਾ ਨੂੰ ਹਰਾ ਚੁੱਕੇ ਹਨ ਅਤੇ ਜੋ ਰਹਿੰਦੀ ਲੜਾਈ ਹੈ,ਉਹ ਵੀ ਉਹ ਜਿੱਤ ਲੈਣਗੇ |ਇਸ ਮੌਕੇ ਐਸ.ਐਸ.ਪੀ. ਸੰਦੀਪ ਗੋਇਲ ਨੇ ਸਮੂਹ ਸ਼ਹਿਰ ਨਿਵਾਸੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।
ਜਿਲ੍ਹੇ ਵਿੱਚ ਆਕਸੀਜਨ ਦੀ ਕਮੀ ਨਹੀਂ ਆਉਣ ਦਿਆਂਗਾ
ਜਿੱਥੇ ਦੇਸ਼ ਭਰ ਵਿੱਚ ਲੋਕ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਆਕਸੀਜਨ ਦੀ ਕਮੀ ਕਾਰਣ ਹਜ਼ਾਰਾਂ ਦੀ ਸੰਖਿਆਂ ਵਿੱਚ ਮਰੀਜ ਦਮ ਤੋੜ ਰਹੇ ਹਨ। ਉੱਥੇ ਹੀ ਐਸਐਸਪੀ ਸ੍ਰੀ ਸੰਦੀਪ ਗੋਇਲ ਨੇ ਲੋਕਾਂ ਨੂੰ ਹਿੱਕ ਥਾਪੜ ਕੇ ਕਿਹਾ, ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਜਿਲ੍ਹੇ ਵਿੱਚ ਕਿਸੇ ਵੀ ਵਿਅਕਤੀ ਨੂੰ ਆਕਸੀਜਨ ਦੀ ਕਮੀ ਨਾਲ ਮਰਨ ਨਹੀਂ ਦਿਆਂਗਾ। ਜਿਲ੍ਹੇ ਦੀ ਲੋੜ ਅਨੁਸਾਰ ਪਹਿਲਾਂ ਹੀ ਅਸੀਂ , ਆਕਸੀਜਨ ਦਾ ਅਗਾਉਂ ਇੰਤਜਾਮ ਕਰ ਰੱਖਿਆ ਹੈ। ਉਨਾਂ ਕਿਹਾ ਕਿ ਜਿਸ ਤਰਾਂ ਅਸੀਂ ਪਹਿਲਾਂ ਲੌਕਡਾਉਨ ਸਮੇਂ ਕਿਸੇ ਵੀ ਵਿਅਕਤੀ ਨੂੰ ਲੋਕਾਂ ਦੇ ਸਹਿਯੋਗ ਨਾਲ ਭੁੱਖਾ ਨਹੀਂ ਸੋਣ ਦਿੱਤਾ ਸੀ, ਉਸੇ ਤਰਾਂ ਹੁਣ ਵੀ ਕਿਸੇ ਨੂੰ ਨਾ ਭੁੱਖਾ ਰਹਿਣ ਦਿਆਂਗੇ ਅਤੇ ਨਾ ਹੀ ਆਕਸੀਜਨ ਦੀ ਘਾਟ ਰਹਿਣ ਦਿਆਂਗੇ। ਉਨਾਂ ਕਿਹਾ ਕਿ ਆਕਸੀਜਨ ਜਿਲ੍ਹੇ ਦੇ ਲੋਕਾਂ ਨੂੰ ਫਰੀ ਮੁਹੱਈਆ ਕਰਵਾਈ ਜਾਵੇਗੀ। ਇਹ ਸੁਣਦਿਆਂ ਹੀ ਮੀਟਿੰਗ ਵਿੱਚ ਮੌਜੂਦ ਵਿਅਕਤੀਆਂ ਨੇ ਤਾੜੀਆਂ ਵਜਾ ਕੇ ਐਸਐਸਪੀ ਗੋਇਲ ਦਾ ਸ਼ੁਕਰੀਆ ਅਦਾ ਕੀਤਾ।
ਇਸ ਮੌਕੇ ਐਸ.ਪੀ. ਪੀਬੀਆਈ ਜਗਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ,ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਇੰਸਪੈਕਟਰ ਬਲਜੀਤ ਸਿੰਘ,ਪੀਸੀਆਰ ਦੇ ਇੰਚਾਰਜ ਗੁਰਮੇਲ ਸਿੰਘ, ਥਾਣਾ ਸਿਟੀ-1 ਦੇ ਇੰਚਾਰਜ ਲਖਵਿੰਦਰ ਸਿੰਘ, ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਮੌਜੂਦ ਸਨ । ਇਸ ਮੌਕੇ ਐਸ.ਐਸ.ਪੀ. ਦੀ ਗੱਲਬਾਤ ਦਾ ਪ੍ਰਭਾਵ ਇਹ ਸਾਹਮਣੇ ਆਇਆ ਕਿ ਵਪਾਰੀ ਆਗੂਆਂ ਨੇ 5 ਮਈ ਦੀ ਸਵੇਰੇ 8:30 ਤੇ ਰੱਖਿਆਂ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ, ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੀਹਲਾ,ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਸੂਬਾਈ ਅਕਾਲੀ ਆਗੂ ਜਤਿੰਦਰ ਜਿੰਮੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ,ਵਾਪਰੀ ਆਗੂ ਨੀਰਜ ਜਿੰਦਲ,ਕਾਂਗਰਸੀ ਆਗੂ ਐਡਵੋਕੇਟ ਰਾਜੀਵ ਲੂਬੀ,ਡਾਕਟਰ ਕਮਲਜੀਤ ਸਿੰਘ ,ਰਘੁਬੀਰ ਪ੍ਰਕਾਸ਼,ਕੌਂਸਲਰ ਡਾ. ਹੇਮਰਾਜ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵਪਾਰੀ ਆਗੂ ਅਤੇ ਦੁਕਾਨਦਾਰ ਹਾਜ਼ਰ ਸਨ |