ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 12 ਅਪ੍ਰੈਲ 2021
ਸ਼ਹਿਰ ਦੇ ਕੱਚਾ ਕਾਲਜ ਰੋਡ ਤੇ ਸਥਿਤ ਡਰੀਮ ਕੈਫੇ ਕੋਲ 2 ਦਿਨ ਪਹਿਲਾਂ ਸ਼ਰੇਆਮ ਗੁੰਡਾਗਰਦੀ ਕਰਕੇ 5 ਵਿਅਕਤੀਆਂ ਨੂੰ ਬੁਰੀ ਤਰਾਂ ਜਖਮੀ ਕਰਨ ਵਾਲੇ 5 ਦੋਸ਼ੀਆਂ ਨੂੰ ਪੁਲਿਸ ਨੇ ਦਬੋਚ ਲਿਆ ਹੈ। ਗਿਰਫਤਾਰ ਦੋਸ਼ੀਆਂ ਨੂੰ ਪੁਲਿਸ ਮੌਕਾ ਵਾਰਦਾਤ ਵਾਲੀ ਜਗ੍ਹਾ ਤੇ ਵੀ ਲੈ ਕੇ ਪਹੁੰਚੀ। ਤਾਂਕਿ ਵਾਰਦਾਤ ਦੀ ਡੁੰਘਾਈ ਨਾਲ ਤਫਤੀਸ਼ ਮੁਕੰਮਲ ਹੋ ਸਕੇ। ਵਾਰਦਾਤ ਸਮੇਂ ਲੋਕਾਂ ‘ਚ ਫੈਲੇ ਸਹਿਮ ਨੂੰ ਦੂਰ ਕਰਕੇ ਸ਼ਹਿਰੀਆਂ ਨੂੰ ਉਨਾਂ ਦੀ ਜਾਨਮਾਲ ਦੀ ਸੁਰੱਖਿਆ ਦਾ ਭਰੋਸਾ ਦੇਣ ਅਤੇ ਗੁੰਡਾ ਅਨਸਰਾਂ ਨੂੰ ਸਖਤ ਤਾੜਨਾ ਕਰਨ ਦੀ ਮੰਸ਼ਾ ਨਾਲ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਖੁਦ ਵੀ ਘਟਨਾ ਵਾਲੀ ਥਾਂ ਤੇ ਪੂਰੇ ਦਲਬਲ ਨਾਲ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ 10 ਅਪ੍ਰੈਲ ਦੀ ਦੇਰ ਸ਼ਾਮ ਵਾਪਰੀ ਘਟਨਾ ਦੇ ਸਬੰਧ ਵਿੱਚ ਹਰਪ੍ਰੀਤ ਸਿੰਘ ਜਾਗਲ ਪੁੱਤਰ ਨਿਰਮਲ ਸਿੰਘ ਜਾਗਲ ਵਾਸੀ ਧਨੌਲਾ ਰੋਡ ਬਰਨਾਲਾ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਦੋਸ਼ੀ ਲਖਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬਰਨਾਲਾ, ਸੋਨੂੰ ਪੁੱਤਰ ਮਨਜੀਤ ਸਿੰਘ ਵਾਸੀ ਕੇ .ਸੀ ਰੋਡ ਬਰਨਾਲਾ, ਸੁੱਖਾ ਸਰਾਉਂ , ਤੇਜਿੰਦਰ ਸਿੰਘ ,ਕਾਕੂ ਬ੍ਰਾਹਮਣ , ਅਨਮੋਲ , ਸੁਖਮਨ ਵਾਸੀਆਨ ਬਰਨਾਲਾ ਅਤੇ ਹੋਰ ਅਣਪਛਾਤਿਆਂ ਖਿਲਾਫ ਇਰਾਦਾ ਕਤਲ ਸਮੇਤ ਹੋਰ ਸੰਗੀਨ ਜੁਰਮਾਂ ਅਧੀਨ ਕੇਸ ਦਰਜ਼ ਕੀਤਾ ਗਿਆ ਸੀ। ਐਸ.ਐਸ.ਪੀ. ਸ੍ਰੀ ਗੋਇਲ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ ਵੱਖ ਪਾਰਟੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ। ਆਖਿਰ ਪੁਲਿਸ ਪਾਰਟੀ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤੇਜਿੰਦਰ ਸਿੰਘ , ਸੂਰਜ, ਦਿਵੇਸ਼ ਸ੍ਰੀਵਾਸਤਵ, ਲਖਵੀਰ ਵਾਲੀਆ, ਸੁਖਜੀਤ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਗਿਰਫਤਾਰ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਬਾਕੀ ਨਾਮਜ਼ਦ ਦੋਸ਼ੀਆਂ ਅਤੇ ਹੋਰ ਅਣਪਛਾਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨਾਂ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।
ਨਹੀਂ ਚੱਲਣ ਦਿਆਂਗੇ ਗੁੰਡਾਗਰਦੀ-ਐਸ.ਐਸ.ਪੀ. ਗੋਇਲ
ਐਸਐਸਪੀ ਸ੍ਰੀ ਸੰਦੀਪ ਗੋਇਲ ਨੇ ਦੋ ਟੁੱਕ ਸ਼ਬਦਾਂ ਵਿੱਚ ਗੁੰਡਾ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਸੀਂ ਜਿਲ੍ਹੇ ਵਿੱਚ ਗੁੰਡਾਗਰਦੀ ਨਹੀਂ ਚੱਲਣ ਦਿਆਂਗੇ। ਪੁਲਿਸ, ਜਿਲ੍ਹੇ ਦੇ ਲੋਕਾਂ ਦੇ ਜਾਨਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ । ਜਿਲ੍ਹੇ ਵਿੱਚ ਅਮਨ ਸ਼ਾਤੀ ਬਹਾਲ ਕਰਕੇ, ਕਾਨੂੰਨ ਦਾ ਰਾਜ ਕਾਇਮ ਰੱਖਣ ਲਈ ਪੁਲਿਸ ਹਰ ਸਮੇਂ ਤਿਆਰ ਬਰ ਤਿਆਰ ਹੈ। ਉਨਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਅਨਸਰ ਕਿਤੋਂ ਬਾਹਰੋਂ ਨਹੀਂ ਆਉਂਦੇ। ਸਗੋਂ ਸਾਡੇ ਆਲੇ ਦੁਆਲੇ ਦੇ ਸਮਾਜ ਵਿੱਚ ਹੀ ਰਹਿੰਦੇ ਹਨ । ਪਰੰਤੂ ਲੋਕ ਗੁੰਡਾਗਰਦੀ ਅਤੇ ਹੋਰ ਅਪਰਾਧ ਕਰਨ ਵਾਲਿਆਂ ਵਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਜਾਣਕਾਰੀ ਦੇਣ ਵਿੱਚ ਕੰਨਕ ਤਰਾਉਂਦੇ ਰਹਿੰਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਅਪਰਾਧੀਆਂ ਬਾਰੇ ਪੁਲਿਸ ਨੂੰ ਸੂਚਿਤ ਕਰੋ, ਅਜਿਹੇ ਅਨਸਰਾਂ ਨੂੰ ਨਕੇਲ ਅਸੀਂ ਪਾਵਾਂਗੇ । ਇਸ ਮੌਕੇ ਡੀਐਸਪੀ ਡੀ ਬ੍ਰਿਜ ਮੋਹਨ, ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ , ਥਾਣਾ ਸਿਟੀ 1 ਦੇ ਐਸ.ਐਚ.ਉ ਲਖਵਿੰਦਰ ਸਿੰਘ, ਐਸਐਚਉ ਸਦਰ ਬਰਨਾਲਾ ਜਸਵਿੰਦਰ ਸਿੰਘ , ਐਸ ਐਚ ਉ ਸਿਟੀ 2 ਜਸਕਰਨ ਸਿੰਘ , ਪੀਸੀਆਰ ਦੇ ਇੰਚਾਰਜ ਐਸ.ਆਈ. ਗੁਰਮੇਲ ਸਿੰਘ ਆਦਿ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ।