ਹਾਈਕੋਰਟ ਦੇ ਜਸਟਿਸ ਰਾਜਨ ਗੁਪਤਾ ਨੇ ਵਿਆਹੁਤਾ ਜੋੜੀ ਦੇ ਤਿੜਕੇ ਰਿਸ਼ਤੇ ਨੂੰ ਫਿਰ ਜੋੜਨ ‘ਨਿਭਾਈ ਅਹਿਮ ਭੂਮਿਕਾ

Advertisement
Spread information

ਨਾਬਾਲਗ ਬੱਚੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਜੋੜੇ ਦਰਮਿਆਨ ਮਨ ਮਟਾਵ ਦੂਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ

ਕੌਮੀ ਲੋਕ ਅਦਾਲਤ ‘ਚ 912 ਕੇਸਾਂ ਦਾ ਹੋਇਆ ਨਿਪਟਾਰਾ


ਰਾਜੇਸ਼ ਗੋਤਮ , ਪਟਿਆਲਾ, 10 ਅਪ੍ਰੈਲ 2021
          ਜ਼ਿਲ੍ਹੇ ਨਾਲ ਸਬੰਧਤ ਇਕ ਜੋੜੇ ਦਾ ਘਰੇਲੂ ਕਲੇਸ਼ ਨਾਲ ਸਬੰਧਤ ਮਾਮਲਾ ਅੱਜ ਉਸ ਵੇਲੇ ਹੱਲ ਹੋ ਗਿਆ । ਜਦੋਂ ਇਥੇ ਜ਼ਿਲ੍ਹਾ ਅਦਾਲਤਾਂ ਵਿਖੇ ਲੱਗੀ ਕੌਮੀ ਲੋਕ ਅਦਾਲਤ ਵਿੱਚ ਪਟਿਆਲਾ ਸੈਸ਼ਨ ਡਵੀਜ਼ਨ ਦੇ ਪ੍ਰਬੰਧਕੀ ਜੱਜ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਨੇ ਆਪਣੇ ਦੌਰੇ ਦੌਰਾਨ ਇਸ ਜੌੜੇ ਦੇ ਟੁੱਟੇ ਰਿਸ਼ਤੇ ਨੂੰ ਮੁੜਨ ਜੋੜਨ ‘ਚ ਆਪਣੀ ਵਿਸ਼ੇਸ਼ ਦਿਲਚਸਪੀ ਦਿਖਾਈ । ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਹਰੀਸ਼ ਅਨੰਦ ਦੇ ਬੈਂਚ ਦੇ ਸਨਮੁੱਖ ਪੇਸ਼ ਹੋਏ ਇਸ ਜੋੜੇ ਦੇ ਮਾਮਲੇ ਨੂੰ ਦੋ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੱਲ ਕਰ ਦਿੱਤਾ ਗਿਆ।
       ਜਸਟਿਸ ਰਾਜਨ ਗੁਪਤਾ ਨੇ ਇਕ ਹੋਰ ਅਜਿਹੇ ਮਾਮਲੇ, ਜਿਸ ‘ਚ ਇੱਕ ਛੋਟੀ ਨਬਾਲਗ ਬੱਚੀ ਦੇ ਭਵਿੱਖ ਦਾ ਸਵਾਲ ਜੁੜਿਆ ਹੋਇਆ ਸੀ, ਹਰਿੰਦਰ ਸਿੰਘ ਬਨਾਮ ਨਰਪਿੰਦਰ ਕੌਰ ਦੇ ਕੇਸ ਨੂੰ ਵੀ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤੇ ਜਾਣ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
        ਕੌਮੀ ਲੋਕ ਅਦਾਲਤ ਦੇ ਇਕ ਹੋਰ ਲੋਕ ਪੱਖੀ ਸਫਲ ਫੈਸਲੇ ਦੀ ਸ਼ਲਾਘਾ ਕਰਦਿਆ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਇਹ ਕੇਸ ਵਧੀਕ ਜ਼ਿਲ੍ਹਾ ਜੱਜ ਰਾਜਵਿੰਦਰ ਸਿੰਘ ਦੇ ਬੈਂਚ ਮੂਹਰੇ ਪੇਸ਼ ਹੋਇਆ ਸੀ । ਜਿਸ ‘ਚ ਸੰਜੀਵਨੀ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਦਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਜਾਇਦਾਦ ਦਾ ਮਾਮਲਾ ਆਪਸੀ ਰਜ਼ਾਮੰਦੀ ਨਾਲ ਟਰੱਸਟ ਦੇ ਹੱਕ ‘ਚ ਹੋ ਗਿਆ ਹੈ।
     ਜ਼ਿਲ੍ਹੇ ਤੇ ਸੈਸ਼ਨਜ਼ ਸ੍ਰੀ ਰਜਿੰਦਰ ਅਗਰਵਾਲ ਨੇ ਅੱਜ ਲੱਗੀ ਕੌਮੀ ਲੋਕ ਅਦਾਲਤ ਦੌਰਾਨ ਨਿਪਟਾਏ ਗਏ ਮਾਮਲਿਆ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ 12 ਬੈਂਚਾਂ ਵੱਲੋਂ ਪਟਿਆਲਾ, ਨਾਭਾ, ਰਾਜਪੁਰਾ ਅਤੇ ਸਮਾਣਾ ਵਿਖੇ 912 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਅਦਾਲਤਾਂ ਵਿੱਚ ਗੈਰ-ਜਮਾਨਤੀ ਅਪਰਾਧਿਕ ਮਾਮਲਿਆਂ ਨੂੰ ਛੱਡ ਕੇ ਸਾਰੇ ਕਿਸਮਾਂ ਦੇ ਕੇਸ ਵਿਚਾਰੇ ਗਏ।
      ਕੌਮੀ ਲੋਕ ਅਦਾਲਤ ਵਿੱਚ ਜਸਟਿਸ ਰਾਜਨ ਗੁਪਤਾ, ਸ੍ਰੀ ਰਜਿੰਦਰ ਅਗਰਵਾਲ, ਸਿਵਲ ਜੱਜ (ਐਸ.ਡੀ.) ਸ੍ਰੀਮਤੀ ਮੋਨਿਕਾ ਸ਼ਰਮਾ, ਸੀ.ਜੇ.ਐਮ ਸ੍ਰੀ ਅਮਿਤ ਮਾਲਹਾ, ਸੀਜੇਐਮ ਪਰਮਿੰਦਰ ਕੌਰ ਨੇ ਪਟਿਆਲਾ ਅਦਾਲਤ ਦੇ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਅਤੇ ਪਾਰਟੀਆਂ ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਸਹਿਮਤ ਹੋ ਕੇ ਆਪਣੇ ਵਿਵਾਦ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਪ੍ਰੇਰਿਤ ਕੀਤਾ।
     ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਲੋਕ ਅਦਾਲਤਾਂ ਦਾ ਉਦੇਸ਼ ਸਮਝੌਤੇ ਦੇ ਜ਼ਰੀਏ ਵਿਵਾਦਾਂ ਦਾ ਨਿਪਟਾਰਾ ਕਰਨਾ ਹੈ, ਤਾਂ ਜੋ ਧਿਰਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਕੀਤੀ ਜਾ ਸਕੇ ਅਤੇ ਉਨ੍ਹਾਂ ਦਰਮਿਆਨ ਨਿੱਜੀ ਦੁਸ਼ਮਣੀ ਨੂੰ ਘਟਾਇਆ ਜਾ ਸਕੇ।  ਜਸਟਿਸ ਰਾਜਨ ਗੁਪਤਾ ਨੇ ਅੱਗੇ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਵਿਆਹੁਤਾ ਮਾਮਲਿਆਂ, ਚੈਕ ਕੇਸਾਂ ਅਤੇ ਮੋਟਰ ਦੁਰਘਟਨਾ ਕਲੇਮ ਕੇਸਾਂ ਵਿੱਚ ਹੋਰ ਕੇਸਾਂ ਵਿੱਚ ਪ੍ਰਭਾਵਸ਼ਾਲੀ ਸਫਲਤਾ ਦਰ ਮਿਲ ਰਹੀ ਹੈ।
      ਇਸ ਤੋਂ ਇਲਾਵਾ ਜਸਟਿਸ ਰਾਜਨ ਗੁਪਤਾ ਨੇ ਜ਼ਿਲ੍ਹਾ ਕਚਹਿਰੀਆਂ ‘ਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰਟ ਦੇ ਕਰਮਚਾਰੀਆਂ ਤੇ ਬਾਰ ਦੇ ਮੈਂਬਰਾਂ ਲਈ ਲਗਾਏ ਗਏ ਕੋਵਿਡ 19 ਟੀਕਾਕਰਣ ਕੈਂਪ ਦਾ ਉਦਘਾਟਨ ਕੀਤਾ।  ਇਸ ਤੋਂ ਇਲਾਵਾ ਜਸਟਿਸ  ਰਾਜਨ ਗੁਪਤਾ ਨੇ ਮਾਨਯੋਗ ਜੱਜਾਂ ਲਈ ਡੀ ਸਟ੍ਰੈੱਸ ਵਾਲੇ ਕਮਰੇ ਦਾ ਉਦਘਾਟਨ ਕੀਤਾ ਜਿਸ ‘ਚ ਟੇਬਲ ਟੈਨਿਸ, ਕੈਰਮ ਅਤੇ ਸ਼ਤਰੰਜ ਆਦਿ ਦੇ ਪ੍ਰਬੰਧ ਕੀਤੇ ਗਏ ਹਨ।  

Advertisement
Advertisement
Advertisement
Advertisement
Advertisement
error: Content is protected !!