ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਬਰ ਤੇ ਸੰਤੋਖ ਨਾਲ ਮਾਨਵਤਾ ਦੀ ਸੇਵਾ ਕੀਤੀ :ਧਰਮਸੋਤ

Advertisement
Spread information

ਕੋਵਿਡ-19 ਕਾਰਨ ਸਾਦਗੀ ਨਾਲ ਮਨਾਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 17ਵੀਂ ਬਰਸੀ

ਜਥੇਦਾਰ ਟੌਹੜਾ ਸਾਨੂੰ ਅਮੀਰ ਵਿਰਾਸਤ ਦੇ ਕੇ ਗਏ : ਕੈਬਨਿਟ ਮੰਤਰੀ


ਰਾਜੇਸ਼ ਗੌਤਮ , ਟੌਹੜਾ (ਪਟਿਆਲਾ), 1 ਅਪਰੈਲ:2021
            ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆ, ਸ਼ਕਤੀਕਰਨ ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਿਸ ਤਰ੍ਹਾ ਸਬਰ ਤੇ ਸੰਤੋਖ ਨਾਲ ਮਾਨਵਤਾ ਦੀ ਸੇਵਾ ਕੀਤੀ ਹੈ, ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਸ. ਧਰਮਸੋਤ, ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 17ਵੀਂ ਬਰਸੀ ਮੌਕੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਮਰਹੂਮ ਆਗੂ ਨੂੰ ਸ਼ਰਧਾਂਜਲੀ ਅਰਪਿਤ ਕਰਨ ਪੁੱਜੇ ਸਨ।
             ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ‘ਤੇ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਣਾ ਸੀ ਪਰ ਕੋਵਿਡ-19 ਦੀਆਂ ਸਾਵਧਾਨੀਆਂ ਕਾਰਨ ਪਰਿਵਾਰਕ ਮੈਂਬਰਾਂ ਅਤੇ ਪੰਜਾਬ ਸਰਕਾਰ ਦੀ ਤਰਫ਼ੋ ਉਨ੍ਹਾਂ ਨੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਾਦੇ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਜਥੇਦਾਰ ਟੌਹੜਾ ਦੀ ਸਪੁੱਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦਾਮਾਦ ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲਕੇ ਜਥੇਦਾਰ ਟੌਹੜਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
            ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕਰਦਿਆ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜਿਸ ਤਰ੍ਹਾਂ ਸਬਰ ਤੇ ਸੰਤੋਖ ਨਾਲ ਉਨ੍ਹਾਂ ਵੱਲੋਂ ਆਪਣੀਆਂ ਲੋੜਾਂ ਨੂੰ ਸੀਮਤ ਰੱਖਕੇ ਮਾਨਵਤਾ ਤੇ ਪੰਥ ਦੀ ਕੀਤੀ ਗਈ ਸੇਵਾ ਲਾਮਿਸਾਲ ਹੈ ਇਸ ਲਈ ਸਾਨੂੰ ਵੀ ਉਨ੍ਹਾਂ ਦੇ ਪਦ-ਚਿੰਨ੍ਹਾਂ ਦੇ ਚਲਦਿਆ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਹ ਪੁਰਸ਼ ਬਹੁਤ ਥੋੜ੍ਹੇ ਹਨ ਜਿਨ੍ਹਾਂ ਕੋਲ ਇੰਨੀ ਤਾਕਤ ਹੋਣ ਦੇ ਬਾਵਜੂਦ ਉਨ੍ਹਾਂ ਆਪਣਾ ਜੀਵਨ ਇੰਨੀ ਸਾਦਗੀ ਨਾਲ ਬਤੀਤ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣਾ ਸਮੁੱਚਾ ਜੀਵਨ ਸਿੱਖ ਕੌਮ ਦੇ ਲੇਖੇ ਲਾਇਆ ਅਤੇ ਜਿੱਥੇ ਉਨ੍ਹਾਂ ਨੇ ਲੰਮਾ ਸਮਾਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਰਹਿਕੇ ਪੰਥ ਦੀ ਨਿਰਸਵਾਰਥ ਸੇਵਾ ਕੀਤੀ ਉਥੇ ਹੀ ਉਹ ਲੰਮਾ ਸਮਾਂ ਸੰਸਦ ਦੇ ਮੈਂਬਰ ਵੀ ਰਹੇ।
            ਕੈਬਨਿਟ ਮੰਤਰੀ ਸ. ਧਰਮਸੋਤ ਨੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਜਥੇਦਾਰ ਟੌਹੜਾ ਸਾਨੂੰ ਇਕ ਅਮੀਰ ਵਿਰਾਸਤ ਦੇਕੇ ਗਏ ਹਨ ਉਹ ਇਕ ਰਾਜਸੀ ਆਗੂ ਹੁੰਦਿਆ ਬੇਦਾਗ ਸ਼ਖ਼ਸੀਅਤ ਰਹੇ ਅਤੇ ਉਨ੍ਹਾਂ ‘ਤੇ ਕਦੇ ਵੀ ਕੋਈ ਉਂਗਲ ਨਹੀਂ ਉਠਾ ਸਕਿਆ। ਉਹ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਅਤੇ ਇੱਕ ਸੰਸਥਾ ਸਨ ਅਤੇ ਉਨ੍ਹਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਅਗਵਾਈ ਕਰਦਿਆ ਬਿਨਾਂ ਕਿਸੇ ਰਾਜਸੀ ਦਬਾਅ ਨੂੰ ਮੰਨਦਿਆ ਹਮੇਸ਼ਾ ਸੱਚ ਦੀ ਲੜਾਈ ਲੜ੍ਹੀ।
            ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਸਮੁੱਚੀ ਮਾਨਵਤਾ ਲਈ ਇੱਕ ਚਾਨਣ ਮੁਨਾਰਾ ਸਨ, ਉਨ੍ਹਾਂ ਨੇ ਜਥੇਦਾਰ ਟੌਹੜਾ ਵੱਲੋਂ ਧਾਰਮਿਕ, ਵਿੱਦਿਅਕ, ਪ੍ਰਬੰਧਕੀ, ਰਾਜਨੀਤਿਕ, ਸਮਾਜਿਕ ਅਤੇ ਹੋਰਨਾਂ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਲਾਮਿਸਾਲ ਦੱਸਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਜਥੇਦਾਰ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ ਹੈ।
           ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਗ੍ਰਹਿ ਵਿਖੇ ਕਰਵਾਏ ਗਏ ਸਹਿਜ ਪਾਠ ਦੇ ਭੋਗ ਮੌਕੇ ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ ਨੇ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਥੇਦਾਰ ਟੌਹੜਾ ਨੇ ਪੰਥ ਦੀ ਸੇਵਾ ਲਈ ਆਪਣਾ ਸਾਰਾ ਜੀਵਨ ਜਿਥੇ ਸਮਾਜ ਸੇਵਾ ਕਰਦਿਆ ਗੁਜਾਰਿਆ, ਉਥੇ ਹੀ ਪੰਥ ਦੀ ਚੜ੍ਹਦੀਕਲਾ ਲਈ ਆਪਣੇ ਅਖੀਰੀ ਸਮੇਂ ਤੱਕ ਕੰਮ ਕਰਦੇ ਰਹੇ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਜਥੇਦਾਰ ਟੌਹੜਾ ਦੀ ਸਪੁੱਤਰੀ ਬੀਬੀ ਕੁਲਦੀਪ ਕੌਰ ਟੌਹੜਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਹਰਿੰਦਰਪਾਲ ਸਿੰਘ ਟੌਹੜਾ, ਕੰਵਰ ਵੀਰ ਸਿੰਘ ਟੌਹੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪਾਲ ਸਿੰਘ ਗੋਗੀ ਟਿਵਾਣਾ, ਪਰਮਜੀਤ ਸਿੰਘ ਖੱਟੜਾ, ਜਥੇਦਾਰ ਹਰਬੰਸ ਸਿੰਘ ਲੰਗ, ਸਰਪੰਚ ਬਹਾਦਰ ਸਿੰਘ, ਜਥੇਦਾਰ ਹਰਫੂਲ ਸਿੰਘ ਭੰਗੂ, ਚੇਅਰਮੈਨ ਮੱਖਣ ਸਿੰਘ ਟੌਹੜਾ, ਜਥੇਦਾਰ ਰਜਿੰਦਰ ਸਿੰਘ ਟੌਹੜਾ, ਡੀਐਸਪੀ ਨਾਭਾ ਰਜ਼ੇਸ ਛਿੱਬੜ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਐਸ.ਐਚ.ਓ. ਅ੍ਰੰਮਿਤਵੀਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!