ਰਵੀ ਸੈਣ , ਧਨੌਲਾ,1 ਅਪ੍ਰੈਲ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਲਾਭ ਮਿਆਰੀ ਸਿੱਖਿਆ ਅਤੇ ਆਰਥਿਕ ਬੱਚਤ ਦੇ ਰੂਪ ਵਿੱਚ ਵੱਧ ਤੋਂ ਬੱਚਿਆਂ ਅਤੇ ਮਾਪਿਆਂ ਤੱਕ ਪਹੁੰਚਾਉਣ ਲਈ ਮਾਪਿਆਂ ਦੀ ਜਾਗਰੂਕਤਾ ਹਿੱਤ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਜਿੱਥੇ ਸਮੂਹ ਸਰਕਾਰੀ ਸਕੂਲਾਂ ਵੱਲੋਂ ਆਪੋ ਆਪਣੇ ਸਕੂਲਾਂ ਦੀ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਸਥਾਨਕ ਬੱਸ ਸਟੈਂਡ ‘ਤੇ ਜਿਲ੍ਹਾ ਪੱਧਰੀ ਦਾਖਲਾ ਜਾਗਰੂਕਤਾ ਕਮ ਹੈਲਪ ਡੈਸਕ ਕਨੌਪੀ ਸਥਾਪਿਤ ਕੀਤੀ ਗਈ ਹੈ।ਇਹ ਕਨੌਪੀ ਰੋਜ਼ਾਨਾ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤੱਕ ਮੌਜ਼ੂਦ ਰਿਹਾ ਕਰੇਗੀ।ਇਸ ਹੈਲਪ ਡੈਸਕ ਕਨੌਪੀ ਤੋਂ ਮਾਪਿਆਂ ਨੂੰ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਹੈਲਪ ਡੈਸਕ ‘ਤੇ ਮਾਪੇ ਸਰਕਾਰੀ ਸਕੂਲਾਂ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਨਾਲ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਸਕੂਲ ਲਈ ਆਪਣੇ ਬੱਚਿਆਂ ਦਾ ਦਾਖਲਾ ਕਰਵਾ ਸਕਦੇ ਹਨ।
ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਮੂਹ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਇੱਛਾ ਅਨੁਸਾਰ ਜਿੱਥੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਉਪਲਬਧ ਹੈ,ਉੱਥੇ ਹੀ ਅੰਗਰੇਜ਼ੀ ਬੂਸਟਰ ਕਲੱਬਾਂ ਅਧੀਨ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਦੀ ਝਿਜਕ ਵੀ ਦੂਰ ਕੀਤੀ ਜਾ ਰਹੀ ਹੈ।ਨੌਵੀਂ ਤੋਂ ਬਾਰਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਲਈ ਵੱਖ ਵੱਖ ਸਕੀਮਾਂ ਤਹਿਤ ਕਿੱਤਾਮੁਖੀ ਸਿੱਖਿਆ ਵੀ ਮੁਹੱਈਆ ਕਰਵਾਈ ਜਾ ਰਹੀ ਹੈ।ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਵਜੀਫ਼ੇ ਵੀ ਉਪਲਬਧ ਹਨ।ਮੌਕੇ ਸ੍ਰੀ ਰਾਕੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ,ਸ੍ਰ ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਸਪੋਰਟਸ,ਸ੍ਰੀ ਰਮਨਦੀਪ ਪੰਜਾਬੀ ਮਾਸਟਰ,ਸ੍ਰ ਅਮਨਦੀਪ ਸਿੰਘ ਡੀਪੀਈ, ਸ੍ਰ ਹਰਭਜਨ ਸਿੰਘ ਪੀਟੀਆਈ, ਸ੍ਰ ਸੰਦੀਪ ਸਿੰਘ ਕਲਰਕ ਅਤੇ ਸ੍ਰ ਜਤਿੰਦਰ ਸਿੰਘ ਵਰਕਸ਼ਾਪ ਅਟੈਡੈਂਟ ਹਾਜ਼ਰ ਸਨ।