ਹਰਿੰਦਰ ਨਿੱਕਾ, ਬਰਨਾਲਾ 1 ਅਪ੍ਰੈਲ 2021
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਤੋਂ ਕੰਮ ਕਰਵਾਉਣ ਦੇ ਨਾਂ ਉੱਪਰ 1 ਲੱਖ ਰੁਪਏ ਦਾ ਮਹਿੰਗਾ ਮੋਬਾਇਲ ਫੋਨ ਲੈਣ ਦੇ ਕੇਸ ਵਿੱਚ ਨਾਮਜਦ ਦੋਸ਼ੀ ਥਾਣਾ ਸਿਟੀ 1 ਦੇ ਰਹਿ ਚੁੱਕੇ ਐਸ.ਐਚ.ਉ ਇੰਸਪੈਕਟਰ ਰੁਪਿੰਦਰ ਪਾਲ ਨੂੰ ਅਦਾਲਤ ਨੇ ਵੱਡਾ ਝਟਕਾ ਦਿੰਦਿਆਂ ਉਸ ਦੀ ਐਂਟੀਸਪੇਟਰੀ ਜਮਾਨਤ ਰੱਦ ਕਰ ਦਿੱਤੀ। ਮੁਦਈ ਮਹੰਤ ਰਾਮੇਸ਼ਵਰ ਦਾਸ ਦੀ ਤਰਫੋਂ ਐਡੀਸ਼ਨਲ ਸੈਸ਼ਨ ਜੱਜ ਬਰਜਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ ਐਡਵੋਕੇਟ ਦੀਪਕ ਰਾਏ ਜਿੰਦਲ ਨੇ ਅਦਾਲਤ ਨੂੰ ਦੱਸਿਆ ਕਿ ਇੰਸਪੈਕਟਰ ਰੁਪਿੰਦਰ ਪਾਲ ਦੀ ਹਿਰਾਸਤੀ ਪੁੱਛਗਿੱਛ ਤੋਂ ਬਿਨਾਂ ਕੇਸ ਦੀ ਤਫਤੀਸ਼ ਅਧੂਰੀ ਰਹਿ ਜਾਵੇਗੀ। ਕਿਉਂਕਿ ਰੁਪਿੰਦਰ ਪਾਲ ਨੂੰ ਅਗਾਉਂ ਜਮਾਨਤ ਮਿਲਣ ਨਾਲ ਉਹ ਤਫਤੀਸ਼ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜਦੋਂ ਕਿ ਨਾਮਜਦ ਦੋਸ਼ੀ ਦੇ ਵਕੀਲ ਨੇ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਗਿਰਫਤਾਰੀ ਤੇ ਰੋਕ ਲਾਉਣ ਤੋਂ ਬਾਅਦ ਇੰਸਪੈਕਟਰ ਤਫਤੀਸ਼ ਵਿੱਚ ਸ਼ਾਮਿਲ ਹੋ ਕੇ ਤਫਤੀਸ਼ ਅਧਿਕਾਰੀ ਨੂੰ ਤਫਤੀਸ਼ ਵਿੱਚ ਸਹਿਯੋਗ ਦੇਣ ਲਈ ਪਾਬੰਦ ਰਹੇਗਾ। ਮਾਨਯੋਗ ਜੱਜ ਨੇ ਮੁਦਈ ਦੇ ਵਕੀਲ ਦੀਪਕ ਰਾਏ ਜਿੰਦਲ ਦੀਆਂ ਲੋਸ ਦਲੀਲਾਂ ਨਾਲ ਸਹਿਮਤ ਹੋ ਕੇ ਐਂਟੀਸਪੇਟਰੀ ਜਮਾਨਤ ਰੱਦ ਕਰ ਦਿੱਤੀ। ਵਰਨਣਯੋਗ ਹੈ ਕਿ ਇੰਸਪੈਕਟਰ ਰੁਪਿੰਦਰ ਪਾਲ ਨੇ ਮਹੰਤ ਰਮੇਸ਼ਵਰ ਦਾਸ ਦੀ ਜਮੀਨ ਦੇ ਕੇਸ ਦਾ ਫੈਸਲਾ ਮਹੰਤ ਦੇ ਪੱਖ ਵਿੱਚ ਕਰਵਾਉਣ ਲਈ ਡੀਸੀ ਫੂਲਕਾ ਦੇ ਮੁੰਡੇ ਦੇ ਜਨਮ ਦਿਨ ਤੇ 1 ਲੱਖ 2 ਹਜਾਰ ਰੁਪਏ ਦਾ ਮਹਿੰਗਾ ਮੋਬਾਇਲ ਲੈ ਲਿਆ ਸੀ। ਰੌਲਾ ਪੈ ਜਾਣ ਤੇ ਉਸ ਨੇ 50 ਹਜ਼ਾਰ ਰੁਪਏ ਵਾਪਿਸ ਵੀ ਕਰ ਦਿੱਤੇ ਸਨ। ਜਦੋਂ ਕਿ 52 ਹਜ਼ਾਰ ਰੁਪਏ ਦੇਣ ਤੋਂ ਟਾਲਮਟੋਲ ਕਰ ਰਿਹਾ ਸੀ। ਇਹ ਮਾਮਲਾ ਮਹੰਤ ਰਾਮੇਸ਼ਵਰ ਦਾਸ ਨੇ ਲਿਖਤੀ ਸ਼ਕਾਇਤ ਰਾਹੀਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਸੀ। ਜਿਸ ਦੀ ਪੜਤਾਲ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਕਰਕੇ, ਇੰਸਪੈਕਟਰ ਦੇ ਖਿਲਾਫ ਕੇਸ ਦਰਜ਼ ਕਰਨ ਦੀ ਸਿਫਾਰਿਸ਼ ਕੀਤੀ ਸੀ। ਜਿਸ ਉਪਰੰਤ ਪੁਲਿਸ ਨੇ ਥਾਣਾ ਸਿਟੀ 1 ਵਿਖੇ ਇੰਸਪੈਕਟਰ ਰੁਪਿੰਦਰ ਪਾਲ ਦੇ ਖਿਲਾਫ ਠੱਗੀ ਦਾ ਕੇਸ ਦਰਜ਼ ਕਰ ਦਿੱਤਾ ਸੀ ।