ਹਰਿੰਦਰ ਨਿੱਕਾ , ਬਰਨਾਲਾ 7 ਮਾਰਚ 2021
ਜਿਲ੍ਹੇ ਦੇ ਪਿੰਡ ਖੁੱਡੀ ਖੁਰਦ ਦੇ ਗੁਰੂਦੁਆਰਾ ਸਾਹਿਬ ਵਿੱਚ ਦਾਖਿਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਘਟਨਾ ਦੇ 24 ਘੰਟਿਆਂ ਬਾਅਦ ਹੀ ਗਿਰਫਤਾਰ ਕਰ ਲਿਆ ਹੈ। ਘਟਨਾ ਸਾਹਮਣੇ ਆਉਂਦਿਆਂ ਹੀ ਐਸਐਸਪੀ ਸੰਦੀਪ ਗੋਇਲ ਨੇ ਖੁਦ ਦੋਸ਼ੀ ਨੂੰ ਜਲਦ ਫੜ੍ਹਨ ਲਈ ਲਾਈਆਂ ਪੁਲਿਸ ਟੀਮਾਂ ਦੀ ਕਮਾਂਡ ਕੀਤੀ। ਜਿਸ ਦਾ ਨਤੀਜ਼ਾ ਦੋਸ਼ੀ ਦੀ ਗਿਰਫਤਾਰੀ ਦੇ ਰੂਪ ਵਿੱਚ ਸਭ ਦੇ ਸਾਹਮਣੇ ਆ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੁਰਭਾਗੀ ਘਟਨਾ ਵਾਪਰ ਜਾਣ ਤੋਂ ਬਾਅਦ ਹੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ਦੇ ਦੋਸ਼ੀ ਦੀ ਸ਼ਨਾਖਤ ਕਰਨ ਲਈ ਪੁਲਿਸ ਮੁਖੀ ਨੇ ਕਈ ਪੁਲਿਸ ਪਾਰਟੀਆਂ ਨੂੰ ਲਗਾ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਐਸਐਸਪੀ ਗੋਇਲ ਨੇ ਪੁਲਿਸ ਅਧਿਕਾਰੀਆਂ ਨੂੰ ਦੋ ਟੁੱਕ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਦੋਸ਼ੀ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਦੇ ਕਬਜੇ ਵਿੱਚ ਹੋਣਾ ਚਾਹੀਦਾ ਹੈ। ਆਖਿਰ ਐੱਸਪੀ ਡੀ ਸੁਖਦੇਵ ਸਿੰਘ ਵਿਰਕ ਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਾਾਲੀ ਟੀਮ ਨੇ ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਰਹਿਣ ਵਾਲੇ ਅਰੁਣ ਦੇਵ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਦੀ ਪੁੱਛਗਿੱਛ ਜਾਰੀ ਹੈ।