‘ਆਪ’ ਦੇ ਸੂਬਾ ਪ੍ਰਧਾਨ ਨੇ 21 ਮਾਰਚ ਦੇ ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਦੀਆਂ ਤਿਆਰੀਆਂ ਦਾ ਭਦੌੜ ਹਲਕੇ ਤੋਂ ਕੀਤਾ ਆਗਾਜ਼
ਕੈਪਟਨ ਅਮਰਿੰਦਰ ਸਿੰਘ ਲੋਕ ਵਿਰੋਧੀ ਹੰਕਾਰੀ ਤੇ ਨਿਕੰਮੇ ਆਗੂ- ਭਗਵੰਤ ਮਾਨ
ਹਰਿੰਦਰ ਨਿੱਕਾ , ਬਰਨਾਲਾ , 4 ਮਾਰਚ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਤਾਨਾਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ‘ਚ ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਟੱਕਰ ਦੇ ਸਕਦੇ ਹਨ। ਭਗਵੰਤ ਮਾਨ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਭਦੌੜ ‘ਚ ‘ਆਪ’ ਦੇ 21 ਮਾਰਚ ਨੂੰ ਬਾਘਾਪੁਰਾਣਾ (ਮੋਗਾ) ‘ਚ ਆਯੋਜਿਤ ਕਿਸਾਨ ਮਹਾ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਭਗਵੰਤ ਮਾਨ ਨੇ ਪਹਿਲਾਂ ਉਗੋਕੇ ਪਿੰਡ ‘ਚ ਵਰਕਰ ਮੀਟਿੰਗ ਅਤੇ ਫਿਰ ਹਲਕੇ ਦੇ ਸ਼ਹਿਣਾ ਅਤੇ ਕਾਲੇਕੇ ਪਿੰਡਾਂ ‘ਚ ਜਨ ਸਭਾਵਾਂ ਕੀਤੀਆਂ।
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਇਨ੍ਹਾਂ ਨੂੰ ਲੋਕ ਵਿਰੋਧੀ ਹੰਕਾਰੀ ਅਤੇ ਨਿਕੰਮੇ ਆਗੂ ਕਰਾਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਿਸਾਨ ਵਿਰੋਧੀ ਅਤੇ ਤਾਨਾਸ਼ਾਹ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਅਰਵਿੰਦ ਕੇਜਰੀਵਾਲ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਬੇਹੱਦ ਜ਼ਰੂਰੀ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹੀ ਇੱਕ ਮਾਤਰ ਲੋਕ ਆਗੂ ਉੱਭਰੇ ਹਨ, ਜਿੰਨਾ ਨੇ ਭਾਜਪਾ ਨੂੰ ਦਿੱਲੀ ‘ਚ ਤਿੰਨ ਵਾਰ ਕਰਾਰੀ ਹਾਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਜੱਦੀ ਸੂਬੇ ਗੁਜਰਾਤ ਦੀਆਂ ਨਗਰ ਨਿਗਮ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਨੇ ਹੀ ਭਾਜਪਾ ਨੂੰ ਤਕੜੀ ਚੁਣੌਤੀ ਦਿੱਤੀ ਹੈ। ਇਸੇ ਤਰ੍ਹਾਂ 2 ਦਿਨ ਪਹਿਲਾਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ‘ਚ ਭਾਜਪਾ ਨੂੰ ਜ਼ੀਰੋ ਕੀਤਾ ਹੈ। ਇਸ ਲਈ ਨਰਿੰਦਰ ਮੋਦੀ ਨੂੰ ਪਟਕਨੀ ਦੇਣ ਲਈ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਇਸ ਲਈ 21 ਮਾਰਚ ਦੀ ਬਾਘਾਪੁਰਾਣਾ ਰੈਲੀ ‘ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ‘ਆਪ’ ਦੇ ਬਾਘਾਪੁਰਾਣਾ ਕਿਸਾਨ ਮਹਾ ਸੰਮੇਲਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਚੇਚੇ ਤੌਰ ‘ਤੇ ਸੰਬੋਧਨ ਕਰਨ ਪਹੁੰਚ ਰਹੇ ਹਨ।