ਡਰਾਇਵਰ ਕਹਿੰਦਾ ਦਾਰੂ ਪੀਤੀ ਐ, ਰੱਜਿਆ ਹੋਇਐਂ, ਕਰ ਲਉ ਜਿਹੜਾ ਕੁਝ ਕਰਨੈ
ਐਸ.ਡੀ. ਐਮ ਵਰਜੀਤ ਸਿੰਘ ਵਾਲੀਆ ਨੇ ਕਿਹਾ, ਮਾਮਲੇ ਦੀ ਜਾਂਚ ਜਾਰੀ
ਹਰਿੰਦਰ ਨਿੱਕਾ/ ਮਨੀ ਗਰਗ , ਬਰਨਾਲਾ 4 ਮਾਰਚ 2021
ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਅਤੇ ਪ੍ਰਸ਼ਾਸ਼ਨਿਕ ਕੋਤਾਹੀ ਦੀ ਮੂੰਹ ਬੋਲਦੀ ਤਸਵੀਰ ਅੱਜ ਸਵੇਰੇ ਉਦੋਂ ਸਾਹਮਣੇ ਆਈ, ਜਦੋਂ ਵਾਈ.ਐਸ. ਸਕੂਲ ਹੰਡਿਆਇਆ ਦੀ ਬੱਸ ਦਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਡਰਾਇਵਰ ਸ਼ਰਾਬ ਦਾ ਰੱਜਿਆ ਹੋਇਆ, ਸਕੂਲੀ ਬੱਚਿਆਂ ਦੀ ਜਾਨ ਨੂੰ ਜੋਖਿਮ ਵਿੱਚ ਪਾ ਰਿਹਾ ਸੀ । ਆਖਿਰ ਬੇਕਾਬੂ ਬੱਸ ਨੂੰ ਇੱਕ ਕਾਰ ਸਵਾਰ ਸੁੱਖੀ ਨਾਮ ਦੇ ਵਿਅਕਤੀ ਨੇ ਹੋਰ ਰਾਹਗੀਰਾਂ ਦੀ ਮੱਦਦ ਨਾਲ ਰੋਕ ਕੇ ਵੱਡੇ ਹਾਦਸੇ ਨੂੰ ਟਾਲ ਦਿੱਤਾ। ਇਹ ਦੁਰਘਟਨਾ ਜੀ.ਮਾਲ ਦੇ ਨੇੜੇ ਵਾਪਰੀ। ਲੋਕਾਂ ਨੇ ਤੁਰੰਤ ਹੀ ਡਰਾਇਵਰ ਨੂੰ ਬੱਸ ਚੋਂ ਉਤਾਰ ਕੇ ਬੱਸ ਸੜ੍ਹਕ ਕਿਨਾਰੇ ਖੜ੍ਹੀ ਕਰਕੇ, ਪੁਲਿਸ ਨੂੰ ਸੂਚਿਤ ਕਰਕੇ ਘਟਨਾ ਵਾਲੀ ਥਾਂ ਤੇ ਬੁਲਾ ਲਿਆ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਬੱਸ ਡਰਾਇਵਰ ਖੁਦ ਕਹਿ ਰਿਹਾ ਸੀ, ਮੈਂ ਦਾਰੂ ਪੀਤੀ ਐ,ਰੱਜਿਆ ਹੋਇਆਂ, ਜਿਹੜਾ ਕੁਝ ਕਰਨੈ ਕਰ ਲਉ। ਚਸ਼ਮਦੀਦ ਵਿਅਕਤੀ ਸੁੱਖੀ ਧਨੌਲਾ ਨੇ ਦੱਸਿਆ ਕਿ ਉਹ ਬੱਸ ਦੀ ਰਫ ਡਰਾਇਵਿੰਗ ਨੂੰ ਪਿੱਛੇ ਤੋਂ ਹੀ ਵੇਖਦਾ ਆ ਰਿਹਾ ਸੀ। ਫਰਵਾਹੀ ਲਿੰਕ ਰੋਡ ਤੋਂ ਹੰਡਿਆਇਆ ਵਾਈ ਐਸ ਸਕੂਲ ਵੱਲ ਜਾ ਰਹੀ ਬੱਸ ਵਿੱਚ ਰਾਜਗੜ,ਉੱਪਲੀ ਤੇ ਕੱਟੂ ਆਦਿ ਪਿੰਡਾਂ ਦੇ ਕਾਫੀ ਵਿਦਾਅਰਥੀ ਸਵਾਰ ਸਨ। ਉਸਨੇ ਰਾਹ ਵਿੱਚ ਕਈ ਵਾਰ ਡਰਾਇਵਰ ਨੂੰ ਬੱਸ ਰੋਕਣ ਦਾ ਇਸ਼ਾਰਾ ਕੀਤਾ। ਪਰੰਤੂ ਨਸ਼ੇ ਵਿੱਚ ਧੁੱਤ ਡਰਾਇਵਰ ਨੇ ਉਸਦੀਆਂ ਅਵਾਜਾਂ ਅਣਸੁਣੀਆਂ ਕਰ ਦਿੱਤੀਆਂ। ਮੌਕੇ ਤੇ ਪਹੁੰਚੇ ਚੌਂਕੀ ਇੰਚਾਰਜ ਹੰਡਿਆਇਆ ਸਰਬਜੀਤ ਸਿੰਘ ਨੇ ਸਕੂਲ ਪ੍ਰਬੰਧਕਾਂ ਨਾਲ ਸੰਪਰਕ ਕਰਕੇ, ਹੋਰ ਬੱਸ ਰਾਹੀਂ ਸਕੂਲੀ ਬੱਚਿਆਂ ਨੂੰ ਸਕੂਲ ਭਿਜਵਾਇਆ। ਉਨਾਂ ਦੱਸਿਆ ਕਿ ਘਟਨਾ ਵਾਲਾ ਖੇਤਰ ਥਾਣਾ ਸਿਟੀ -2 ਦਾ ਏਰੀਆ ਹੋਣ ਕਾਰਣ ਮੌਕੇ ਤੇ ਪਹੁੰਚੇ ਐਸ.ਐਚ.ਉ ਸਿਟੀ 2 ਗੁਰਮੇਲ ਸਿੰਘ ਨੂੰ ਸ਼ਰਾਬੀ ਡਰਾਇਵਰ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਲਈ ਸੌਂਪ ਦਿੱਤਾ। ਐਸ.ਐਚ.ਉ ਸਿਟੀ 2 ਗੁਰਮੇਲ ਸਿੰਘ ਨੇ ਦੱਸਿਆ ਕਿ ਦੋਸ਼ੀ ਡਰਾਇਵਰ ਦੇ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ।
ਪ੍ਰਸ਼ਾਸ਼ਨ ਨੂੰ ਲਾਉਣੀ ਚਾਹੀਦੀ ਐ, ਸਕੂਲ ਪ੍ਰਬੰਧਕਾਂ ਦੀ ਕਲਾਸ
ਘਟਨਾ ਵਾਲੀ ਜਗ੍ਹਾ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ ਦੀ ਕਲਾਸ ਲਾਉਣੀ ਚਾਹੀਦੀ ਹੈ। ਤਾਂਕਿ ਲੋਕਾਂ ਦੇ ਮਾਸੂਮ ਬੱਚਿਆਂ ਦੀ ਜਿੰਦਗੀਆਂ ਸੁਰੱਖਿਅਤ ਰਹਿ ਸਕਣ। ਲੋਕਾਂ ਨੇ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਉਹੀ ਬੱਸਾਂ ਦੇ ਡਰਾਇਵਰਾਂ ਨੂੰ ਸਕੂਲ ਬੱਸਾਂ ਤੇ ਵੈਨਾਂ ਬੱਚੇ ਲਿਆਉਣ ਤੇ ਛੱਡਣ ਜੋ, ਨਸ਼ਿਆਂ ਤੋਂ ਰਹਿਤ ਹੋਣ । ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਉਕਤ ਸਕੂਲ ਬੱਸ ਦੇ ਪਿੱਛੇ ਬੱਸ ਦਾ ਨੰਬਰ ਤੱਕ ਵੀ ਨਹੀਂ ਲਿਖਿਆ ਹੋਇਆ। ਘਟਨਾ ਬਾਰੇ ਸਕੂਲ ਪ੍ਰਬੰਧਕਾਂ ਦਾ ਪੱਖ ਜਾਣਨ ਲਈ ਸ੍ਰੀ ਵਰੁਣ ਭਾਰਤੀ ਨਾਲ ਉਨਾਂ ਦੇ ਫੋਨ ਤੇ ਸੰਪਰਕ ਕੀਤਾ, ਪਰੰਤੂ ਉਨਾਂ ਫੋਨ ਰਿਸੀਵ ਨਹੀਂ ਕੀਤਾ। ਉੱਧਰ ਐਸ.ਡੀ.ਐਮ. ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਪ੍ਰਸ਼ਾਸ਼ਨ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ। ਨਿਯਮਾਂ ਅਨੁਸਾਰ ਅਗਲੀ ਹੋਰ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਜਾਵੇਗੀ।