ਹਰਿੰਦਰ ਨਿੱਕਾ/ ਮਨੀ ਗਰਗ , ਬਰਨਾਲਾ 4 ਮਾਰਚ 2021
ਸ਼ਹਿਰ ਦੇ ਪੱਤੀ ਰੋਡ ਇਲਾਕੇ ਦੀ ਰਹਿਣ ਵਾਲੀ ਇੱਕ ਗਰੀਬ ਪਰਿਵਾਰ ਦੀ 22 ਵਰ੍ਹਿਆਂ ਦੀ ਪੜ੍ਹੀ ਲਿਖੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਤਾਂਤਰਿਕ ਮਨੋਜ ਬਾਬੇ ਨੂੰ ਆਖਿਰ ਬਰਨਾਲਾ ਪੁਲਿਸ ਨੇ ਹਰਿਆਣਾ ਤੋਂ ਦਬੋਚ ਲਿਆ ਹੈ। ਇਸ ਦੀ ਪੁਸ਼ਟੀ ਮਾਮਲੇ ਦੀ ਜਾਂਚ ਲਈ ਗਠਿਤ ਸਿਟ ਦੀ ਸੁਪਰਵੀਜਨ ਅਫਸਰ ਐਸ.ਪੀ. ਐਚ. ਹਰਬੰਤ ਕੌਰ ਨੇ ਵੀ ਕਰ ਦਿੱਤੀ ਹੈ। ਐਸ.ਪੀ. ਹਰਬੰਤ ਕੌਰ ਨੇ ਦੱਸਿਆ ਕਿ ਪਹਿਲਾਂ ਗਿਰਫਤਾਰ ਤਿੰਨ ਦੋਸ਼ੀਆਂ ਕਰਮਜੀਤ ਕੌਰ ਉਰਫ ਅਮਨ , ਉਸ ਦੇ ਦੋਸਤ ਚੰਦ ਲਾਲ ਅਤੇ ਅਮ੍ਰਿਤਪਾਲ ਕੌਰ ਪੰਧੇਰ ਦੀ ਪੁੱਛਗਿੱਛ ਤੋਂ ਮਿਲੇ ਸੁਰਾਗ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਹਰਿਆਣਾ ਦੇ ਸੋਨੀਪਤ ਇਲਾਕੇ ਤੋਂ ਤਾਂਮਰਿਕ ਮਨੋਜ ਕੁਮਾਰ ਸ਼ਰਮਾ ਉਰਫ ਮਨੋਜ ਬਾਬਾ ਨੂੰ ਗਿਰਫਤਾਰ ਕਰ ਲਿਆ ਹੈ। ਹੁਣ ਮਨੋਜ ਬਾਬੇ ਦੀ ਪੁੱਛਗਿੱਛ ਤੋਂ ਮਿਲੇ ਸੁਰਾਗ ਦੇ ਅਧਾਰ ਤੇ ਬਾਕੀ ਰਹਿੰਦੇ ਨਾਮਜਦ ਦੋਸ਼ੀਆਂ ਦੀ ਸ਼ਿਨਾਖਤ ਕਰਕੇ, ਉਨਾਂ ਨੂੰ ਵੀ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ।
ਯਾਦ ਰਹੇ ਕਿ ਉਕਤ ਗੈਂਗਰੇਪ ਦੀ ਬੁਨਿਆਦ ਵਹਿਮ ਭਰਮ ਅਤੇ ਅੰਧ ਵਿਸ਼ਵਾਸ਼ ਤੇ ਹੀ ਟਿਕੀ ਹੋਈ ਹੈ। ਪੀੜਤ ਲੜਕੀ ਦੀ ਮਾਂ ਅਨੁਸਾਰ ਨਾਮਜ਼ਦ ਦੋਸ਼ੀ ਚੰਦ ਲਾਲ ਨੇ ਉਸ ਨੂੰ ਦੱਸਿਆ ਸੀ ਕਿ ਤਾਂਤਰਿਕ ਮਨੋਜ ਬਾਬਾ ,ਬਦਨ ਤੇ ਬਿਨਾਂ ਕੋਈ ਕੱਟ ਦੇ ਨਿਸ਼ਾਨ ਵਾਲੀ ਅੱਲੜ੍ਹ ਕੁੜੀ ਦਾ ਜਿੰਨ੍ਹ ਨਾਲ ਵਿਆਹ ਕਰਕੇ, ਨੋਟਾਂ ਦੀ ਬਾਰਿਸ਼ ਕਰਵਾਉਣ ਦਾ ਦਾਅਵਾ ਕਰਦਾ ਸੀ । ਨੋਟਾਂ ਦੇ ਲਾਲਚ ਵਿੱਚ ਹੀ ਉਨਾਂ ਪਹਿਲਾਂ ਅਮਨ ਨੂੰ ਜਿੰਨ੍ਹ ਨਾਲ ਵਿਆਹ ਕਰਵਾਉਣ ਲਈ ਮਨੋਜ ਬਾਬੇ ਅੱਗੇ ਪੇਸ਼ ਕੀਤਾ । ਪਰੰਤੂ ਉਸ ਦਾ ਆਪ੍ਰੇਸ਼ਨ ਹੋਇਆ ਹੋਣ ਕਰਕੇ , ਸ਼ਰੀਰ ਦੇ ਲੱਗੇ ਕੱਟ ਕਾਰਣ ਬਾਬੇ ਨੇ ਉਸਦਾ ਜਿੰਨ੍ਹ ਨਾਲ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ । ਫਿਰ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲੇ ਅਤੇ ਕਰਮਜੀਤ ਕੌਰ ਅਮਨ ਨਾਲ ਮਿਲ ਕੇ ਉਨਾਂ ਸੇਖਾ ਰੋਡ ਖੇਤਰ ‘ਚ ਕਾਕੇ ਦੀਆਂ ਬੇਰੀਆਂ ਵਾਲੇ ਇਲਾਕੇ ਵਿੱਚ ਰਹਿੰਦੇ ਕਾਕੇ ਸੁਨਿਆਰ ਦੇ ਘਰ ਪਹੁੰਚੇ ਮਨੋਜ ਬਾਬੇ ਦੇ ਕੋਲ ਪੀੜਤ ਕੁੜੀ ਨੂੰ ਪੇਸ਼ ਕਰ ਦਿੱਤਾ ਸੀ ।
ਫਿਰ ਬਾਬੇ ਨੇ ਖੁਦ ਵਿੱਚ ਜਿੰਨ੍ਹਾ ਆਇਆ ਕਹਿ ਕੇ ਅੱਲੜ੍ਹ ਕੁੜੀ ਨਾਲ ਬਲਾਤਕਾਰ ਕਰਕੇ, ਉਸ ਤੇ ਅੱਤਿਆਚਾਰ ਕੀਤਾ। ਫਿਰ ਹੋਰਾਂ ਨੇ ਵੀ ਕੁੜੀ ਨੂੰ ਆਪਣੀ ਹਵਸ ਦਾ ਸ਼ਕਿਕਾਰ ਬਣਾਇਆ। ਗੈਂਗਰੇਪ ਤੋਂ ਬਾਅਦ ਦਰਦ ਨਾਲ ਕੁਰਲਾਉਂਦੀ ਤੇ ਖੂਨ ਨਾਲ ਲੱਥਪੱਥ ਲੜਕੀ ਨੂੰ ਪੰਧੇਰ ਪਿੰਡ ਦੀ ਰਹਿਣ ਵਾਲੀ ਅਮ੍ਰਿਤਪਾਲ ਕੌਰ ਦੇ ਘਰ ਲਿਜਾਇਆ ਗਿਆ। ਜਦੋਂ ਉੱਥੇ ਵੀ ਪੀੜਤ ਠੀਕ ਨਾ ਹੋਈ ਤਾਂ ਫਿਰ ਉਸਨੂੰ ਧੂਰੀ ਨੇੜੇ ਪੈਂਦੇ ਪਿੰਡ ਜੱਖਲਾਂ ਲਿਜਾਇਆ ਗਿਆ। ਜਿੱਥੇ ਧੂਰੀ ਦਾ ਡਾਕਟਰ ਉਸ ਦਾ ਇਲਾਜ ਕਰਦਾ ਰਿਹਾ। ਬਾਅਦ ਵਿੱਚ ਪੀੜਤ ਨੂੰ ਨਸ਼ੇ ਦੀ ਆਦੀ ਬਣਾ ਕੇ, ਉਸ ਨਾਲ ਕਰੀਬ 9 ਮਹੀਨਿਆਂ ਤੱਕ ਉਸ ਤੇ ਬੇਰਹਿਮੀ ਨਾਲ ਅੱਤਿਆਚਾਰ ਕੀਤਾ ਗਿਆ। ਪਤਾ ਇਹ ਵੀ ਲੱਗਿਆ ਹੈ ਕਿ ਦੋਸ਼ੀਆਂ ਨੇ ਆਪਣੀ ਹੈਵਾਨੀਅਤ ਤੇ ਪਰਦਾ ਪਾਉਣ ਲਈ, ਬਠਿੰਡਾ ਦੀ ਰਹਿਣ ਵਾਲੀ ਬਲਜੀਤ ਕੌਰ ਦੇ ਨਾਬਾਲਿਗ ਬੇਟੇ ਲਖਵਿੰਦਰ ਸਿੰਘ ਨਾਲ ਪੀੜਤ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਜਬਰਦਸਤੀ ਵਿਆਹ ਕਰ ਦਿੱਤਾ ਗਿਆ।