ਹਰਿੰਦਰ ਨਿੱਕਾ , ਬਰਨਾਲਾ : 16 ਫਰਵਰੀ 2021
ਬਰਨਾਲਾ ਰੇਲਵੇ ਸਟੇਸ਼ਨ ‘ਤੇ ਤੀਹ ਜਥੇਬੰਦੀਆਂ ਦੇ ਸਾਂਝਾ ਕਿਸਾਨ ਮੋਰਚਾ ਵੱਲੋਂ ਲਗਾਤਾਰ ਪਿਛਲੇ 139 ਦਿਨ ਤੋਂ ਚੱਲ ਰਹੇ ਕਿਸਾਨ ਧਰਨੇ ਵਿੱਚ ਅੱਜ ਕਿਸਾਨਾਂ ਦਾ ਮਸੀਹਾ ਕਹੇ ਜਾਣ ਵਾਲੇ ਸਰ ਛੋਟੂ ਰਾਮ ਅਤੇ ਕੂਕਾ ਲਹਿਰ ਦੇ ਬਾਨੀ ਗਿਆਨੀ ਰਾਮ ਸਿੰਘ ਦੀ ਜੈਅੰਤੀ ਮੌਕੇ ਉਨ੍ਹਾਂ ਦੋਵਾਂ ਮਹਾਨ ਹਸਤੀਆਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਸੰਚਾਲਨ ਕਮੇਟੀ ਮੈੰਬਰਾਂ ਦੁਅਰਾ ਦੋਵਾਂ ਸ਼ਖਸੀਅਤਾਂ ਨੂੰ ਸ਼ਰਧਾ-ਸੁਮਨ ਅਰਪਣ ਕਰਨ ਬਾਅਦ ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਗਿਆਨੀ ਰਾਮ ਸਿੰਘ ਦੇ ਜੀਵਨ ਉਪਰ ਵਿਸਥਾਰ ਸਹਿਤ ਚਾਨਣਾ ਪਾਉਂਦੇ ਹੋਏ ਕਿਹਾ ਕਿ ਗਿਆਨੀ ਰਾਮ ਦਾ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਅੰਗਰੇਜ਼ ਬਸਤੀਵਾਦੀਆਂ ਦੇ ਜਬਰ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਦੇਸ਼ਵਾਸੀਆਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿਸਾ ਲੈਣ ਲਈ ਪ੍ਰੇਰਿਆ। ਮਾਸਟਰ ਗਿਆਨੀ ਰਾਮ ਸਿੰਘ ਨੇ ਵੀ ਕੂਕਾ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਸ ਲਹਿਰ ਬਾਰੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਸਰ ਛੋਟੂ ਰਾਮ ਬਾਰੇ ਬੋਲਦਿਆਂ ਮੈਡਮ ਅਮਰਜੀਤ ਕੋਰ ਨੇ ਕਿਹਾ ਕਿ ਸਰ ਛੋਟੂ ਰਾਮ ਇਕ ਬਹੁਤ ਹੀ ਗਰੀਬ ਪਰਿਵਾਰ ‘ਚ ਪੈਦਾ ਹੋਣ ਦੇ ਬਾਵਜੂਦ ਆਪਣੀ ਮਿਹਨਤ ਤੇ ਲਿਆਕਤ ਨਾਲ ਪੰਜਾਬ ਦੇ ਮਾਲ ਤੇ ਸਿੱਖਿਆ ਮੰਤਰੀ ਬਣੇ। ਉਨ੍ਹਾਂ ਨੇ ਹਿੰਦੂ ਤੇ ਮੁਸਲਿਮ ਧਾਰਮਿਕ ਮੂਲਵਾਦੀਆਂ ਨਾਲ ਟੱਕਰ ਲੈਂਦੇ ਹੋਏ ਯੂਨੀਅਨਿਸਟ ਪਾਰਟੀ ਦੀ ਨੀਂਹ ਰੱਖੀ ਅਤੇ ਸਾਥੀਆਂ ਨਾਲ ਰਲ ਕੇ ਸੱਤਾ ਹਾਸਲ ਕੀਤੀ। ਉਨ੍ਹਾਂ ਕਿਸਾਨਾਂ ਦੀ ਆਰਥਿਕ ਤੇ ਸਮਾਜਿਕ ਦਸ਼ਾ ਸੁਧਾਰਨ ਲਈ ਬਹੁਤ ਹੀ ਅਹਿਮ 22 ਕਾਨੂੰਨ ਬਣਾਏ ਅਤੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਕਰਜ਼ੇ ਦੇ ਚੁੰਗਲ ‘ਚੋਂ ਆਜ਼ਾਦ ਕਰਵਾਇਆ। ਕਿਸਾਨਾਂ ਦੀ ਸਾਢੇ ਅੱਠ ਲੱਖ ਏਕੜ ਤੋਂ ਵੱਧ ਜ਼ਮੀਨ ਉਨ੍ਹਾਂ ਨੂੰ ਮੁਫਤ ਵਿਚ ਵਾਪਸ ਕਰਵਾਈ ਅਤੇ ਕਿਸਾਨਾਂ ਦੇ ਸੰਦ-ਸੰਦੇੜੇ, ਪਸ਼ੂ, ਘਰ ਅਤੇ ਗੁਜ਼ਾਰੇ ਜੋਗੀ ਜ਼ਮੀਨ ਦੀ ਕੁਰਕੀ ਨਾ ਹੋਣ ਦਾ ਕਾਨੂੰਨ ਬਣਾਇਆ। ਇਸੇ ਲਈ ਹੀ ਉਨ੍ਹਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ। ਧਰਨੇ ਨੂੰ ਮੇਲਾ ਸਿੰਘ ਕੱਟੂ, ਗੁਰਦਰਸ਼ਨ ਸਿੰਘ, ਨਛੱਤਰ ਸਿੰਘ ਸਾਹੌਰ, ਨਿਰਭੈ ਸਿੰਘ ਛੀਨੀਵਾਲ, ਬਾਬੂ ਸਿੰਘ ਖੁੱਡੀ ਕਲਾਂ, ਜਗਰਾਜ ਰਾਮਾ ਤੇ ਕਰਨੈਲ ਸਿੰਘ ਗਾਂਧੀ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਖੇਤੀ ਉਤਪਾਦਾਂ ਦੀ ਬੋਲੀ ਰਾਹੀਂ ਵਿਕਰੀ ਅਤੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਐਮਐਸਪੀ ਵਾਲੀਆਂ ਸਹੂਲਤਾਂ ਵੀ ਸਰ ਛੋਟੂ ਰਾਮ ਦੀ ਹੀ ਦੇਣ ਹਨ ਅਤੇ ਅਜ ਅਸੀਂ ਇਸੇ ਐਮਐਸਪੀ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸੰਘਰਸ਼ ਕਰ ਰਹੇ ਹਾਂ। ਸਰ ਛੋਟੂ ਰਾਮ ਦੀ ਜ਼ਿੰਦਗੀ ਤੋਂ ਸੇਧ ਲੈਂਦੇ ਹੋਏ ਸਾਨੂੰ ਆਪਣੇ ਅੰਦੋਲਨ ਨੂੰ ਧਾਰਮਿਕ ਮੂਲਵਾਦੀਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਗਿਆਨੀ ਰਾਮ ਸਿੰਘ ਨੂੰ ਆਪਣਾ ਪ੍ਰੇਰਨਾਸਰੋਤ ਮੰਨਦੇ ਹੋਏ ਸਬਰ, ਸਿਦਕ ਅਤੇ ਸ਼ਾਤਮਈ ਤਰੀਕੇ ਨਾਲ ਅੰਦੋਲਨ ਦੀ ਰਾਹ ‘ਤੇ ਸਾਬਤ-ਕਦਮੀ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਸਾਡੇ ਅੰਦੋਲਨ ਨੂੰ ਕੁਰਾਹੇ ਪਾਇਆ ਜਾਵੇ ਪਰ ਸਾਨੂੰ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ। ਬੁਲਾਰਿਆਂ ਨੇ 18 ਫਰਵਰੀ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਰ ਪਿੰਡ ਵਿਚ ਵੱਧ ਤੋਂ ਵੱਧ ਲਾਮਬੰਦੀ ਕਰਨ ਲਈ ਕਿਹਾ। ਇਸ ਪ੍ਰੋਗਰਾਮ ਲਈ ਸਪੈਸ਼ਲ ਮੁਹਿੰਮਾਂ ਚਲਾਈਆਂ ਜਾਣ ਤਾਂ ਜੁ ਉਸ ਦਿਨ ਰੇਲਵੇ ਟਰੈਕਾਂ ਉਪਰ ਲੋਕਾਂ ਦਾ ਸਲਾਬ ਆ ਜਾਵੇ ਪਰ ਪ੍ਰੋਗਰਾਮ ਨੂੰ ਹਰ ਹਾਲਤ ਵਿਚ ਸ਼ਾਤਮਈ ਤੇ ਅਨੁਸ਼ਾਸਿਤ ਰੱਖਣ ਲਈ ਵੀ ਕਿਹਾ ਜਾਵੇ। ਅੱਜ ਜਗਰੂਪ ਸਿੰਘ ਹਮੀਦੀ ਦੇ ਕਵੀਸ਼ਰੀ ਜਥੇ, ਬਿਕਰ ਸਿੰਘ ਭੈਣੀ ਮਹਿਰਾਜ, ਭੋਲਾ ਸਿੰਘ ਰਾਏ ਸਰ ਅਤੇ ਨਰਿੰਦਰਪਾਲ ਸਿੰਗਲਾ ਨੇ ਵਾਰਾਂ/ ਗੀਤ ਤੇ ਕਵਿਤਾਵਾਂ ਸੁਣਾਈਆਂ।