*ਗਣਤੰਤਰ ਦਿਵਸ ਮੌਕੇ ਬਰਨਾਲਾ ’ਚ ਸਿਹਤ ਮੰਤਰੀ ਨੇ ਲਹਿਰਾਇਆ ਕੌਮੀ ਝੰਡਾ

Advertisement
Spread information

ਡਾ. ਭੀਮ ਰਾਓ ਅੰਬੇਦਕਰ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ: ਬਲਬੀਰ ਸਿੰਘ ਸਿੱਧੂ

ਕਿਹਾ, ਕਰੋਨਾ ’ਤੇ ਫਤਿਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਸਾਰਥਕ ਕਦਮ


ਰਘਵੀਰ ਹੈਪੀ , ਬਰਨਾਲਾ, 26 ਜਨਵਰੀ 2021
ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਜਿਨਾਂ ਬਦੌਲਤ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਕਮਾਂਡਰ ਡੀਐਸਪੀ ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮਾਰਚ ਪਾਸਟ ਤੋਂ ਸਲਾਮੀ ਲਈ। ਇਨਾਂ ਟੁਕੜੀਆਂ ਵਿਚ ਪੰਜਾਬ ਪੁਲਿਸ ਤੋਂ ਇਲਾਵਾ ਐਸਡੀ ਕਾਲਜ, ਲਾਲ ਬਹਾਦਰ ਸ਼ਾਸਤਰੀ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀਆਂ ਐਨਸੀਸੀ ਯੂਨਿਟਾਂ ਦੀਆਂ ਟੁਕੜੀਆਂ ਤੇ ਬਰਨਾਲਾ ਪੁਲੀਸ ਦਾ ਬੈਂਡ ਸ਼ਾਮਲ ਰਿਹਾ। ਇਸ ਮੌਕੇ ਮੁੱਖ ਮਹਿਮਾਨ ਸ. ਬਲਬੀਰ ਸਿੰਘ ਸਿੱਧੂ, ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਸੂਬਾ ਵਾਸੀਆਂ ਦੇ ਨਾਂ ਸੰਦੇਸ਼ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ’ਤੇ ਫਤਿਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਸਾਰਥਕ ਕਦਮ ਚੁੱਕੇ ਗਏ ਹਨ, ਕਿਉਕਿ ਸੂਬਾ ਵਾਸੀਆਂ ਦੀ ਸਿਹਤਯਾਬੀ ਹੀ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨਾਂ ਆਖਿਆ ਕਿ ਸ਼ੁਰੂ ਵਿੱਚ, ਜਦੋਂ ਮਹਾਂਮਾਰੀ ਫੈਲੀ ਤਾਂ ਰਾਜ ਕੋਲ ਕੋਵਿਡ-19 ਲਈ ਬਹੁਤੀ ਟੈਸਟਿੰਗ ਸਮਰੱਥਾ ਨਹੀਂ ਸੀ, ਪਰ ਹੁਣ ਰਾਜ ਸਰਕਾਰ ਦੀਆਂ 7 ਲੈਬਾਟਰੀਆਂ ਹਨ, ਜਿਨਾਂ ਦੀ ਕੁੱਲ ਟੈਸਟਿੰਗ ਸਮਰੱਥਾ 25000 ਟੈਸਟ ਪ੍ਰਤੀ ਦਿਨ ਹੈ। ਮਰੀਜ਼ ਪ੍ਰਬੰਧਨ ਲਈ 8000 ਲੈਵਲ-2 ਆਕਸੀਜਨ ਸਮਰਥਿਤ ਬਿਸਤਰੇ, 855 ਵੈਂਟੀਲੇਟਰਾਂ ਦੇ ਨਾਲ 1500 ਆਈਸੀਯੂ ਬੈੱਡ, 25 ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ, 300 ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਹਨ। ਉਨਾਂ ਆਖਿਆ ਕਿ ਕਰੋਨਾ ਦੌਰਾਨ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਸਾਰਥਕ ਕਦਮਾਂ ਚੁੱਕੇ ਗਏ ਤੇ ਲੋਕਾਂ ਦੀ ਸਿਹਤਯਾਬੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ।ਉਨਾਂ ਆਖਿਆ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਰਕਾਰ ਵੱਲੋਂ 50 ਲੱਖ ਰੁਪਏ ਦਾ ਕੋਵਿਡ -19 ਜੀਵਨ ਬੀਮਾ ਮੁਹੱਈਆ ਕਰਵਾਇਆ ਗਿਆ ਹੈ ਤੇ ਕੋਵਿਡ ਖਿਲਾਫ ਟੀਕਾਕਰਨ ਮੁਹਿੰਮ ਵੀ ਜਾਰੀ ਹੈ।
ਇਸ ਮਗਰੋਂ ਵੱਖ ਵੱਖ ਵਿਭਾਗਾਂ ਵੱਲੋਂ ਝਾਕੀਆਂ ਕੱਢੀਆਂ ਗਈਆਂ। ਖੇਤੀਬਾੜੀ ਵਿਭਾਗ ਵੱਲੋਂ ਧਰਤੀ ਦੇ ਉਪਜਾਊ ਤੱਤ ਬਚਾਉਣ ਸਬੰਧੀ, ਸਿਹਤ ਵਿਭਾਗ ਵੱਲੋਂ ਕਰੋਨਾ ਵੈਕਸੀਨੇਸ਼ਨ ਸਬੰਧੀ, ਪਸ਼ੂ ਪਾਲਣ ਵਿਭਾਗ ਵੱਲੋਂ ਬਰਡ ਫਲੂ ਵਿਰੁੱਧ, ਸਿੱਖਿਆ ਵਿਭਾਗ ਵੱਲੋਂ ਸਮਾਰਟ ਸਕੂਲਾਂ, ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ਬਿਓਰੋ ਦੀਆਂ ਸੇਵਾਵਾਂ ਬਾਰੇ ਅਤੇ ਨਾਲ ਹੀ ਟਰਾਈਡੈਂਟ ਗਰੁੱਪ ਤੇ ਸਟੈਂਡਰਡ ਕੰਬਾਈਨ ਵੱਲੋਂ ਝਾਕੀ ਪੇਸ਼ ਕੀਤੀ ਗਈ।ਇਸ ਮੌਕੇ ਮੁੱਖ ਮਹਿਮਾਨ ਤੇ ਹੋਰਾਂ ਵੱਲੋਂ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਤਰਫੋਂ 5 ਸਿਲਾਈ ਮਸ਼ੀਨਾਂ, 4 ਟਰਾਈ ਸਾਇਕਲਾਂ ਅਤੇ 2 ਵੀਲ ਚੇਅਰਾਂ ਦੀ ਵੰਡ ਜ਼ਰੂਰਤਮੰਦਾਂ ਨੂੰ ਕੀਤੀ ਗਈ। ਇਸ ਮੌਕੇ ਬਰਨਾਲਾ ਨਾਲ ਸਬੰਧਤ ਉਘੇ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਚੰਗੀਆਂ ਸੇਵਾਵਾਂ ਬਦਲੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਐਸਐਸਪੀ ਸ੍ਰੀ ਸੰਦੀਪ ਗੋਇਲ ਤੇ ਡਾਇਰੈਕਟਰ (ਸਿਹਤ ਸੇਵਾਵਾਂ) ਡਾ. ਜੀ ਬੀ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਗਾਂਧਾ ਸਿੰਘ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਆਦਿਤਯ ਡੇਚਲਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ, ਸਹਾਇਕ ਕਮਿਸ਼ਨਰ ਮੈਡਮ ਕਿਰਨ ਸ਼ਰਮਾ, ਸਿਵਲ ਜੱਜ  (ਸੀਨੀਅਰ ਡਿਵੀਜ਼ਨ) ਅਮਰਿੰਦਰ ਪਾਲ ਸਿੰਘ, ਸੀਜੇਐਮ ਵਿਨੀਤ ਨਾਰੰਗ, ਸਕੱਤਰ (ਡੀਐਲਐਸਏ) ਰੁਪਿੰਦਰ ਸਿੰਘ,  ਸਿਵਲ ਜੱਜ (ਜੂਨੀਅਰ ਡਿਵੀਜ਼ਨ) ਵਿਜੈ ਸਿੰਘ ਡਡਵਾਲ, ਐਸਪੀ (ਐਚ) ਹਰਵੰਤ ਕੌਰ, ਐਸਪੀ (ਡੀ) ਸੁਖਦੇਵ ਸਿੰਘ ਵਿਰਕ, ਚੇਅਰਮੈਨ ਨਗਰ ਸੁਧਾਰ ਟਰੱਸਟ ਮੱਖਣ ਸ਼ਰਮਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਬੀਬੀ ਸੁਰਿੰਦਰ ਕੌਰ ਵਾਲੀਆ, ਸ੍ਰੀ ਹਰਕੇਸ਼ ਚੰਦ ਸ਼ਰਮਾ, ਦੀਪ ਸੰਘੇੜਾ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

Advertisement
Advertisement
Advertisement
Advertisement
Advertisement
error: Content is protected !!