ਸਾਂਝੇ ਕਿਸਾਨ ਦਾ 119 ਵਾਂ ਦਿਨ-ਕਿਰਤਵੀਰ ਕੌਰ ਦੇ ਜੋਸ਼ੀਲੇ ਨਾਅਰਿਆਂ ਨਾਲ ਗੂੰਜਿਆ ਪੰਡਾਲ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 27 ਜਨਵਰੀ 2021 

            ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 119 ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ, ਹਰਚਰਨ ਚੰਨਾ ਅਤੇ ਗੁਰਚਰਨ ਸਿੰਘ ਨੇ ਸੰਗਰਾਮਾਂ ਦੀ ਧਰਤੀ ਬਰਨਾਲਾ ਦੇ ਵਾਰਸਾਂ ਨੂੰ ਸਫਲ ਵਿਸ਼ਾਲ ਗਣਤੰਤਰ ਟਰੈਕਟਰ ਪਰੇਡ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ।ਬਰਨਾਲਾ ਜਿਲ੍ਹੇ ਵਿੱਚ ਛੇ ਥਾਵਾਂ ਤੇ ਹੁਣ ਤੱਕ ਹਾਸਲ ਹੋਈ ਜਾਣਕਾਰੀ ਅਨੁਸਾਰ 6200 ਤੋਂ ਵਧੇਰੇ ਟਰੈਕਟਰਾਂ, ਸੌ ਜੀਪਾਂ,ਕਾਰਾਂ, ਸੈਂਕੜੇ ਮੋਟਰਸਾਈਕਲਾਂ ਨੇ ਸ਼ਮੂਲੀਅਤ ਕਰਕੇ ਮੋਦੀ ਹਕੂਮਤ ਨੂੰ ਕਿਸਾਨਾਂ ਅੰਦਰ ਫੈਲੇ ਵਿਆਪਕ ਅਤੇ ਵਿਦਰੋਹ ਦਾ ਪ੍ਰਗਟਾਅ ਕੀਤਾ ਹੈ।ਅੱਜ ਇਕੱਠ ਨੇ ਮਤਾ ਪਾਸ ਕਰਕੇ ਕੱਲ੍ਹ ਦਿੱਲੀ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁਲਾਏ ਜਾਣ ਦੀ ਘਟਨਾ ਉੱਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਇਹ ਸਾਰਾ ਕੁੱਝ ਮੋਦੀ ਸਰਕਾਰ ਨੇ ਆਪਣੇ ਪਾਲਤੂਆਂ ਕਿਸਾਨ ਸੰਘਰਸ਼ ਵਿੱਚ ਘੁਸੇ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਵਰਗਿਆਂ ਨੇ ਲਗਾਤਾਰ ਅੱਗੇ ਵਧ ਰਹੇ ਸਾਂਝੇ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਅਤੇ ਕਿਸਾਨ ਲਹਿਰ ਨੂੰ ਇਹ ਬਹਾਨਾ ਵਰਤਕੇ ਹਕੂਮਤੀ ਜਬਰ ਦਾ ਨਿਸ਼ਾਨਾ ਬਨਾਉਣ ਲਈ ਕੀਤਾ ਹੈ। ਕਿਸਾਨੀ ਸੰਘਰਸ਼ ਦਾ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁਲਾਉਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਗੂਆਂ ਕਿਹਾ ਕਿ ਸਾਂਝਾ ਕਿਸਾਨੀ ਸੰਘਰਸ਼ ਲੰਬੀ ਸੋਚ ਵਿਚਾਰ ਕਰਨ ਤੋਂ ਬਾਅਦ ਆਪਣੇ ਤਹਿ ਕੀਤੇ ਏਜੰਡੇ ਤੋਂ ਰਤੀ ਭਰ ਵੀ ਪਾਸੇ ਵੀ ਪਾਸੇ ਨਹੀਂ ਜਾਵੇਗਾ।ਇਹ ਮੋੋਦੀ ਸਰਕਾਰ ਦੀ ਸ਼ਰਮਨਾਕ ਕਰਤੂਤ ਹੈ।ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਾਜਿਸ਼ਾਂ ਘੜੀਆਂ ਗਈਆਂ ਸਨ, ਜਿਨ੍ਹਾਂ ਦਾ ਜਵਾਬ ਜਥੇਬੰਦਕ ਕਿਸਾਨ/ਲੋਕ ਤਾਕਤ ਦੇ ਏਕੇ ਨਾਲ ਦਿੱਤਾ ਜਾਂਦਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਹਰ ਸਜਿਸ਼ ਦਾ ਪਰਦਾਚਾਕ ਉੱਸਰੀ ਜਥੇਬੰਦਕ ਕਿਸਾਨ/ਲੋਕ ਤਾਕਤ ਦੇ ਆਸਰੇ ਦਿੱਤਾ ਜਾਵੇਗਾ। ਵਿਸ਼ਾਲ ਅਧਾਰ ਵਾਲਾ ਸ਼ਾਂਤਮਈ/ਜਮਹੂਰੀ ਕਿਸਾਨ/ਲੋਕ ਸੰਘਰਸ਼ ਮੁਸ਼ਕਲਾਂ/ਸਾਜਿਸ਼ਾਂ ਨੂੰ ਸਰ ਕਰਦਾ ਹੋਇਆ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਅੱਗੇ ਵਧਦਾ ਜਾਵੇਗਾ। ਕਿਉਂਕਿ ਕਿਸਾਨ/ਲੋਕ ਸੰਘਰਸ਼ ਦਾ ਘੇਰਾ ਇਤਨਾ ਵਿਸ਼ਾਲ ਹੋ ਗਿਆ ਹੈ ਕਿ ਇਹ ਰਾਜਾਂ ਅਤੇ ਮੁਲਕ ਦੀਆਂ ਹੱਦਾਂ ਬੰਨੇ ਟੱਪਦਾ ਹੋਇਆ ਸੰਸਾਰ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕਿਆ ਹੈ।ਆਗੂਆਂ ਇਹ ਵੀ ਕਿਹਾ ਮੋਦੀ ਹਕੂਮਤ ਕਿਸਾਨੀ ਸੰਘਰਸ਼ ਵਿੱਚ ਦਲੀਲ ਤੇ ਪੱਧਰ ਤੇ ਅਤੇ ਇਖਲਾਕੀ ਤੌਰ’ਤੇ ਹਾਰ ਚੁੱਕੀ ਹੈ।ਲੋਕ ਇਹ ਗੱਲ ਭਲੀ ਭਾਂਤ ਸਮਝ ਗਏ ਸਨ ਕਿ ਖੇਤੀ ਵਿਰੋਧੀ ਤਿੰਨੇ ਬਿੱਲ ਸਾਮਰਾਜੀ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾਕੋਸ਼ ਦੀਆਂ ਦਿਸ਼ਾ ਨਿਰਦੇਸ਼ਨਾ ਤਹਿਤ ਖੇਤੀ ਖੇਤਰ ਚੰਦ ਵੱਡੇ ਅਮੀਰ ਅਡਾਨੀ-ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਲਿਆਂਦੇ ਗਏ ਹਨ।ਇਸ ਵਿੱਚੋਂ ਕਰੋੜਾਂ ਕਰੋੜ ਕਿਸਾਨਾਂ ਦਾ ਉਜਾੜਾ ਤਹਿ ਹੈ।ਖੇਤੀ ਖੇਤਰ ਵਿੱਚੋਂ ਕਿਸਾਨਾਂ ਦੇ ਉਜਾੜਾ ਹੋਣ ਨਾਲ ਸਮੁੱਚੇ ਪੇਂਡੂ ਅਤੇ ਸ਼ਹਿਰੀ ਅਰਥਚਾਰੇ ਉੱਪਰ ਬੁਰਾ ਪ੍ਰਭਾਵ ਪਵੇਗਾ। ਅਸਲ ਮਾਅਨਿਆਂ ਵਿੱਚ ਸਾਡੀ ਪੇਂਡੂ ਸੱਭਿਅਤਾ ਜੀਵਨ ਦਾ ਅਧਾਰ ਹੀ ਖਤਮ ਕਰ ਦਿੱਤਾ ਜਾਵੇਗਾ। ਅਜਿਹਾ ਹੋਣ ਨਾਲ ਜਨਤਕ ਵੰਡ ਪ੍ਰਣਾਲੀ ਵੀ ਤਹਿਸ਼ ਨਹਿਸ਼ ਹੋ ਜਾਵੇਗੀ ਕਿਉਂਕਿ ਐਫ.ਸੀ.ਆਈ ਰਾਹੀਂ ਖ੍ਰੀਦ ਕਰਨ ਦੀ ਨੀਤੀ ਜਦ ਤਿਆਗਣ ਦਾ ਫੈਸਲਾ ਕੇਂਦਰੀ ਹਕੂਮਤ ਨੇ ਕਰ ਲਿਆ ਤਾਂ ਗਰੀਬ ਮਜਦੂਰਾਂ (70 ਕਰੋੜ) ਨੂੰ ਸਸਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਮਿਲਣ ਵਾਲਾ ਸਸਤਾ/ਮੁਫਤ ਅਨਾਜ ਸਮੇਤ ਗਰੀਬ ਬੱਚਿਆਂ ਲਈ ਮਿਡ ਡੇ ਮੀਲ ਆਦਿ ਦਾ ਵੀ ਕੀਰਤਨ ਸੋਹਲਾ ਪੜ੍ਹ ਦਿੱਤਾ ਜਾਵੇਗਾ। ਦਹਿ ਹਜਾਰਾਂ ਕਾਰੋਬਾਰੀ, ਲੱਖਾਂ ਦੀ ਗਿਣਤੀ ਵਿੱਚ ਮੰਡੀਆਂ ਵਿੱਚ ਕੰਮ ਕਰਦੇ ਮਜਦੂਰ ( ਪੱਲੇਦਾਰ) ਵਿਹਲੇ ਹੋ ਜਾਣਗੇ। ਇਸ ਤਰ੍ਹਾਂ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਲੜਾਈ ਵਿੱਚ ਮਜਦੂਰਾਂ ਅਤੇ ਮਿਹਨਤਕਸ਼ ਤਬਕਿਆਂ ਦੀ ਸ਼ਮੂਲੀਅਤ ਵਧਾਉਣ ਦੀ ਲੋੜ ਹੈ। ਆਗੂਆਂ ਕਿਹਾ ਕਿ ਜਿੱਥੇ ਦਿੱਲੀ ਵੱਲ ਮਜਦੂਰ ਜਥੇਬੰਦੀਆਂ ਦੇ ਕਾਫਲੇ ਪੁੱਜਣੇ ਸ਼ੁਰੂ ਹੋਏ ਹਨ , ਇਸੇ ਹੀ ਤਰ੍ਹਾਂ ਕੱਲ੍ਹ ਸੈਂਕੜਿਆਂ ਦੀ ਗਿਣਤੀ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨ ਮਹੀਨੇ ਤੋਂ ਲਗਾਤਾਰ ਚੱਲ ਰਹੇ ਸਾਂਝੇ ਕਿਸਨ ਮੋਰਚੇ ਵਿੱਚ ਮਜਦੂਰਾਂ ਖਾਸ ਕਰ ਮਜਦੂਰ ਅੋਰਤਾਂ ਨੇ ਸ਼ਮੂਲੀਅਤ ਕਰਕੇ ਜਥੇਬੰਦਕ ਏਕੇ ਦਾ ਸਬੂਤ ਦਿੱਤਾ ਹੈ। ਅਜਾਦ ਰੰਗ ਮੰਚ ਬਰਨਾਲਾ (ਰਣਜੀਤ ਭੋਤਨਾ) ਦੀ ਨਾਟਕ ਟੀਮ ਵੱਲੋਂ ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ਬਹੁਤ ਖੁਬਸੂਰਤ ਅੰਦਾਜ ਵਿੱਚ ਪੇਸ਼ ਕੀਤਾ। ਅੱਜ ਭੁੱਖ ਹੜਤਾਲ ਜਥੇ ਵਿੱਚ ਬਲਵੰਤ ਰਾਏ ਠੀਕਰੀਵਾਲ, ਨਿਰਮਲ ਸਿੰਘ ਭੱਠਲ,ਦਲੀਪ ਸਿੰਘ ਬਰਨਾਲਾ, ਲਛਮਣ ਸਿੰਘ ਬਰਨਾਲਾ ਅਤੇ ਕਰਨੈਲ ਸਿੰਘ ਚੁਹਾਣਕੇਖੁਰਦ ਸ਼ਾਮਿਲ ਸਨ। ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਬੱਚੀ ਕਿਰਤਵੀਰ ਕੌਰ ਨੇ ਜੋਸ਼ੀਲੇ ਨਾਹਰਿਆਂ ਨਾਲ ਪੰਡਾਲ ਵਿੱਚ ਨਵਾਂ ਜੋਸ਼ ਭਰ ਦਿੱਤਾ। ਇਸੇ ਹੀ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 117 ਵੇਂ ਦਿਨ ਲਗਤਾਤਾਰ ਜਾਰੀ ਰਿਹਾ। ਇਸ ਸਮੇਂ ਹਰਚਰਨ ਚੰਨਾ, ਸੁਦਾਗਰ ਹੰਢਿਆਇਆ, ਰਾਮ ਸਿੰਘ ਕਲੇਰ, ਬਲਵੀਰ ਸਿੰਘ ,ਸੁਖਦੇਵ ਸਿੰਘ, ਦਰਸ਼ਨ ਸਿੰਘ,ਮੁਨਸ਼ੀ ਖਾਂ ਨੇ ਵਿਚਾਰ ਸਾਂਝੇ ਕੀਤੇ।

Advertisement
Advertisement
Advertisement
Advertisement
Advertisement
Advertisement
error: Content is protected !!