ਸ਼ੂਗਰਫੈਡ ਦੇ ਚੇਅਰਮੈਨ ਵੱਲੋਂ ਸਮੂਹ ਪਾਰਟੀਆਂ ਨੂੰ ਕਿਸਾਨ ਸ਼ੰਘਰਸ਼ ਦੀ ਪਿੱਛੇ ਰਹਿ ਕੇ ਹਮਾਇਤ ਕਰਨ ਦਾ ਸੱਦਾ
ਕੇਂਦਰ ਸਰਕਾਰ ਆਪਣੀ ਜਿੱਦ ਛੱਡ ਕੇ ਸੰਵੇਦਨਾ ਤੋਂ ਕੰਮ ਲਵੇ ਅਤੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ: ਆਲੀਵਾਲ
ਏ.ਐਸ. ਅਰਸ਼ੀ , ਚੰਡੀਗੜ੍ਹ 20 ਜਨਵਰੀ 2021
ਦੇਸ਼ ਭਰ ਵਿੱਚ ਜੋ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਚਲਾਇਆ ਹੈ, ਉਹ ਹਰ ਤਰ੍ਹਾਂ ਨਾਲ ਜ਼ਾਇਜ਼ ਅਤੇ ਸਮੇਂ ਦੀ ਲੋੜ ਹੈ ਕਿਉਂਕਿ ਜੇ ਅੱਜ ਕਾਲੇ ਕਾਨੂੰਨਾਂ ਖਿਲ਼ਾਫ ਸੰਬੰਧਤ ਧਿਰਾਂ ਚੁੱਪ ਰਹੀਆਂ ਤਾਂ ਕਿਸਾਨੀ ਤਬਾਹ ਹੋ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਅਤੇ ਸਾਬਕਾ ਲੋਕ ਸਭਾ ਮੈਂਬਰ ਸ.ਅਮਰੀਕ ਸਿੰਘ ਆਲੀਵਾਲ ਨੇ ਕੀਤਾ।
ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ.ਆਲੀਵਾਲ ਨੇ ਕਿਹਾ ਕਿ ਇਸ ਕਿਸਾਨ ਅੰਦੋਲਨ ਵਿੱਚ ਸਿਆਸੀ ਲੋਕਾਂ ਵਿਚੋਂ ਸਭ ਤੋਂ ਸ਼ਲਾਘਾਯੋਗ ਕੰਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ ਜਿਨ੍ਹਾਂ ਕਿਸਾਨਾਂ ਦੇ ਦੁੱਖ ਨੂੰ ਸਮਝਦਿਆਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਬੁਲਾ ਕੇ ਕੇਂਦਰੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਸੋਧ ਬਿੱਲ ਵੀ ਪਾਸ ਕੀਤੇ। ਇਸ ਤੋਂ ਇਲਾਵਾ ਪਿਛਲੇ ਸੱਤ ਮਹੀਨਿਆਂ ਤੋਂ ਪੰਜਾਬ ਵਿੱਚ ਅੰਦੋਲਨਕ ਕਰ ਰਹੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਵੀ ਨਹੀਂ ਆਉਣ ਦਿੱਤੀ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਧੜੱਲੇਦਾਰ ਸੁਭਾਅ ਅਤੇ ਦੂਰਅੰਦੇਸ਼ੀ ਸੋਚ ਮੁਤਾਬਕ ਕੇਂਦਰ ਸਰਕਾਰ ਨਾਲ ਵੀ ਆਢਾ ਲਿਆ ਅਤੇ ਕਿਸਾਨਾਂ ਦੀ ਵੀ ਹਮਾਇਤ ਕੀਤੀ।ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜੁਮਲੇ ਸੁਣਾਉਂਦਾ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਹਕੀਕੀ ਕੰਮ ਕਰਦਾ ਹੈ।
ਸ. ਆਲੀਵਾਲ ਨੇ ਕਿਹਾ ਕਿ ਭਾਜਪਾ ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਸੇਧ ਲੈ ਕੇ ਪਿਛੇ ਰਹਿ ਕੇ ਕਿਸਾਨ ਸੰਘਰਸ਼ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਕਿਸਾਨ ਝੰਡੇ ਤੇ ਬੈਨਰ ਥੱਲੇ ਹੀ ਸੰਘਰਸ਼ ਲੜ੍ਹਨਾ ਚਾਹੀਦਾ ਹੈ। ਕਿਸੇ ਵੀ ਰਾਜਸੀ ਪਾਰਟੀ ਨੂੰ ਆਪਣੇ ਝੰਡੇ ਨਹੀਂ ਦਿਖਾਉਣੇ ਚਾਹੀਦੇ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਇਸ ਵੇਲੇ ਦੁਨੀਆਂ ਦੇ ਲੋਕਾਂ ਦਾ ਅੰਦੋਲਨ ਬਣ ਗਿਆ ਹੈ। ਇਸ ਵਿੱਚ ਹਰ ਧਰਮ ਅਤੇ ਹਰ ਵਰਗ ਦੇ ਲੋਕ ਇੱਕ ਦੂਜੇ ਤੋਂ ਅੱਗੇ ਹੋਕੇ ਯੋਗਦਾਨ ਦੇ ਰਹੇ ਹਨ ਇਸ ਅੰਦੋਲਨ ਦੀ ਇਹਵੀ ਵਿਲੱਖਣਤਾ ਹੈ ਕਿ ਇਸ ਵਿੱਚ ਜੋਸ਼ ਅਤੇ ਹੋਸ਼ ਭਾਵ ਨੌਜਵਾਨ ਅਤੇ ਬਜ਼ੁਰਗ ਹੀ ਨਹੀਂ ਸਗੋਂ ਔਰਤਾਂ ਵੀ ਹਿੱਸਾ ਪਾ ਰਹੀਆਂ ਹਨ।
ਸ. ਆਲੀਵਾਲ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਅਤੇ ਜਥੇਬੰਦੀਆਂ ਉਹਨਾਂ ਦੇ ਸੁਝਾਵਾਂ ਦੀ ਕਦਰ ਵੀ ਕਰਦੀਆਂ ਹਨ ਪ੍ਰੰਤੂ ਅਕਾਲੀ ਦਲ ਬਾਦਲ ਅਤੇ ਭਾਜਪਾ ਨੇ ਕਿਸਾਨਾਂ ਦੀ ਕਦਰ ਨਹੀਂ ਪਾਈ ਅਤੇ ਨਾ ਹੀ ਕਦੇ ਕਿਸਾਨ ਮੁੱਦਿਆਂ ਉੱਤੇ ਸੰਜੀਦਗੀ ਨਾਲ ਕੋਈ ਸਲਾਹ ਮੰਗੀ ਹੈ। ਇਸੇ ਕਰਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀ ਹਮਦਰਦੀ ਨਹੀਂ ਲੈ ਸਕੀ ਸਗੋਂ ਹਰ ਫੈਸਲੇ ਵੇਲੇ ਅਪਾਣਾਈ ਦੋਗਲੀ ਨੀਤੀ ਕਾਰਨ ਕਿਸਾਨਾਂ ਦੀ ਘਿ੍ਰਣਾ ਦੀ ਪਾਤਰ ਬਣੀ ਹੋਈ ਹੈ
ਸ. ਆਲੀਵਾਲ ਨੇ ਸੰਘਰਸ਼ ਚਲਾ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਸ਼ਾਂਤਮਈ ਅੰਦੋਲਨ ਕਰਨ ਲਈ ਵਧਾਈ ਵੀ ਦਿੱਤੀ। ਕਿਸਾਨਾਂ ਦਾ ਨਿੱਤ ਦਿਨ ਇਕੱਠ ਵੀ ਵਧ ਰਿਹਾ ਹੈ ਅਤੇ ਪ੍ਰਬੰਧ ਵੀ ਵਿਆਪਕ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸ.ਬਲਬੀਰ ਸਿੰਘ ਰਾਜੇਵਾਲ ਸਮੇਤ ਸਾਰੇ ਆਗੂ ਜੋ ਵਾਰ ਵਾਰ ਸ਼ਾਂਤਮਈ ਰਹਿਣ ਦੀਆਂ ਅਪੀਲਾਂ ਕਰ ਰਹੇ ਹਨ, ਉਹ ਬਿਲਕੁਲ ਦਰੁਸਤ ਆਖ ਰਹੇ ਹਨ ਕਿਉਂਕਿ ਸੰਘਰਸ਼ ਹਮੇਸ਼ਾ ਸ਼ਾਂਤਮਈ ਹੀ ਕਾਮਯਾਬ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਜਿੱਦ ਛੱਡਕੇ ਖੁੱਲ੍ਹਾ ਦਿਲ ਦਿਖਾਉਂਦਿਆਂ ਕਿਸਾਨਾਂ ਦੀਆਂ ਮੰਗਾਂ ਤਰੁੰਤ ਮੰਨ ਲੈਣੀਆਂ ਚਾਹੀਦੀ ਹਨ ਕਿਉਂਕਿ ਇਸ ਸੰਘਰਸ਼ ਵਿੱਚ ਬੱਚੇ, ਬੱਚੀਆਂ, ਬੀਬੀਆਂ ਦੇ ਨਾਲ ਬਜ਼ੁਰਗ ਵੀ ਕੜਾਕੇ ਦੀ ਠੰਢ ਵਿੱਚ ਸੜਕਾਂ ਉੱਤੇ ਬੈਠੇ ਹਨ ਅਤੇ ਹਰ ਰੋਜ਼ ਕਿਸਾਨ ਵੀਰ ਆਪਣੀਆਂ ਜਾਨਾਂ ਗੁਆ ਰਹੇ ਹਨ ਜਿਸ ਦਾ ਕਲੰਕ ਸਰਕਾਰ ਦੇ ਮੱਥੇ ਉੱਤੇ ਹੀ ਲੱਗ ਰਿਹਾ ਹੈ।