ਸਾਂਝੇ ਕਿਸਾਨੀ ਸੰਘਰਸ ਦੇ 105 ਦਿਨ-ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਕੀਤਾ ਤਿੱਖੇ ਰੋਹ ਦਾ ਪ੍ਰਗਟਾਵਾ
ਦੁੱਲੇ ਭੱਟੀ ਦੇ ਵਾਰਸਾਂ ਜੁਝਾਰੂ ਵਿਰਸੇ ਦੀ ਰਾਖੀ ਕਰਨ ਦਾ ਕੀਤਾ ਅਹਿਦ–ਉੱਪਲੀ
ਹਰਿੰਦਰ ਨਿੱਕਾ , ਬਰਨਾਲਾ 13 ਜਨਵਰੀ 2021
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਨੇ ਕਈ ਪੜਾਅ ਤਹਿ ਕਰਨ ਤੋਂ ਬਾਅਦ ਰੋਹਲੀ ਗਰਜ ਦੇ ਇਤਿਹਾਸਕ ਸੰਘਰਸ਼ ਦਾ 105 ਵਾਂ ਦਿਨ ਸੀ। ਅੱਜ ਦੁੱਲੇ ਭੱਟੀ ਭੱਟੀ ਦੇ ਹਕੀਕੀ ਵਾਰਸਾਂ ਨੇ ਆਪਣੇ ਨਾਇਕ ਨੂੰ ਯਾਦ ਕਰਦਿਆਂ ਮੋਦੀ ਹਕੂਮਤ ਵੱਲੋਂ ਖੇਤੀ ਸਮੇਤ ਪੇਂਡੂ ਸੱਭਿਆਚਾਰ ਦੇ ਉਜਾੜੇ ਲਈ ਲਿਆਂਦੇ ਕਾਨੂੰਨਾਂ ਖਿਲਾਫ ਸਾਂਝੇ ਕਿਸਾਨ/ਲੋਕ ਸੰਘਰਸ਼ ਨੂੰ ਹੋਰ ਵੱਧ ਧੜੱਲੇ ਨਾਲ ਜਾਰੀ ਰੱਖਣ ਦਾ ਅਹਿਦ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਬਾਰਾ ਸਿੰਘ ਬਦਰਾ, ਜਸਵਿੰਦਰ ਸਿੰਘ ਮੰਡੇਰ, ਗੁਰਚਰਨ ਸਿੰਘ, ਗੁਰਮੇਲ ਰਾਮ ਸ਼ਰਮਾ, ਉਜਾਗਰ ਸਿੰਘ ਬੀਹਲਾ, ਨਛੱਤਰ ਸੰਘ ਸਹੌਰ, ਆਦਿ ਬੁਲਾਰਿਆਂ ਨੇ ਕਿਹਾ ਟਿਕਰੀ , ਸਿੰਘੂ ਬਾਰਡਰ, ਗਾਜੀਆਂਬਾਦ, ਪਲਵਲ ਅਤੇ ਜੈਪੁਰ ਬਾਰਡਰ ਮੁਲਕ ਦੇ ਵੱਖੋ-ਵੱਖ ਰਾਜਾਂ ਦੇ ਕਿਸਤਾਨ ਾਂ ਨੇ ਮੱਲੇ ਹੋਏ ਹਨ। ਹੁਣ ਤਾਂ ਦੱਖਣ ਵਿੱਚੋਂ ਵੀ ਕਾਫਲੇ ਰਾਜਾਂ ਦੀਆਂ ਰਾਜਧਾਨੀਆਂ ਤੋਂ ਬਾਅਦ ਦਿੱਲੀ ਵੱਲ ਕੂਚ ਕਰ ਰਹੇ ਹਨ। ਦੁੱਲੇ ਭੱਟੀ ਦੇ ਸੈਂਕੜਿਆਂ ਗਿਣਤੀ ਵਿੱਚ ਪੂਰੇ ਜੋਸ਼ ਨਾਲ ਪੁੱਜੇ ਵਾਰਸਾਂ ਵੱਲੋਂ ਅੱਜ ਬਰਨਾਲਾ ਰੇਲਵੇ ਸਟੇਸ਼ਨ ਉੱਪਰ ਕਾਲੇ ਕਾਨੂੰਨਾਂ ਦੀ ਲੋਹੜੀ ਬਾਲੀ ਗਈ। ਲੋਹੜੀ ਨੂੰ ਕਾਲੇ ਕਾਨੂੰਨਾਂ ਸਮੇਤ ਅਡਾਨੀ,ਅੰਬਾਨੀ, ਮੋਦੀ ਅਤੇ ਸ਼ਾਹ ਦੀਆਂ ਤਸਵੀਰਾਂ ਨਾਲ ਲਪੇਟਿਆ ਹੋਇਆ ਸੀ। ਉਪਰੰਤ ਸਾਂਝੇ ਤੌਰ ਤੇ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸੰਚਾਲਨ ਕਮੇਟੀ ਦੀ ਅਗਵਾਈ ਵਿੱਚ ਕਿਸਾਨ ਔਰਤ ਆਗੂਆਂ ਵੱਲੋਂ ਸਾੜ੍ਹਕੇ ਦੁੱਲੇ ਭੱਟੀ ਦੀ ਜੂਝ ਮਰਨ ਦੀ ਵਿਰਾਸਤ ਦੀ ਰਾਖੀ ਅਤੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਅਹਿਦ ਕੀਤਾ ਗਿਆ।
‘‘ਕਾਲੇ ਕਾਨੂੰਨ-ਰੱਦ ਕਰੋ, ਲੋਕਾਂ ਦਾ ਏਕਾ –ਜਿੰਦਾਬਦ, ਮਾਂ ਲੱਧੀਏ ਨੀਂ ਤੇਰੇ ਦੁੱਕਲੇ ਸੂਰਮੇ-ਜੁਗ ਜੁਗ ਜਿਉਣ ਜੱਗ ਤੇ, ਧੂਣੀ ਕਾਲੇ ਕਾਲਿਆਂ ਦੀ ਹੈ ਬਾਲੀ- ਲੋਹੜੀ ਆਏ ਨਵੇਂ ਰੰਗ ਦੀ ’’ ਆਦਿ ਅਕਾਸ਼ ਗੁੰਜਾਊ ਨਾਹਰਿਆਂ ਰਾਹੀਂ ਰੇਲਵੇ ਸਟੇਸ਼ਨ ਗੂੰਜ ਉੱਠਿਆ। ਸ਼ਹਿਰੀ ਲੋਕ ਵੀ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸਾੜੀਆਂ ਇਨ੍ਹਾਂ ਕਾਲੇ ਕਾਨੂੰਨਾਂ ਦੀ ਕਾਪੀਆਂ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਲੋਹੜੀ ਦੇ ਤਿਉਹਾਰ ਦੇ ਮੱਦੇਨਜਰ ਅੱਜ ਭੁੱਖ ਹੜਤਾਲ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ। ਨਰਿੰਦਪਾਲ ਸਿੰਗਲਾ, ਅਜਮੇਰ ਅਕਲੀਆਂ, ਹੇਮ ਰਾਜ ਠੁੱਲੀਵਾਲ, ਬਹਾਦਰ ਸਿੰਘ, ਸਿੰਦਰ ਸਿੰਘ ਧੌਲਾ,ਗੁਲਾਬ ਸਿੰਘ, ਬੱਗਾ ਸਿੰਘ ਭਦੌੜ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੋਦੀ ਹਕੂਮਤ ਲੱਖ ਸਾਜਿਸ਼ਾਂ ਰਚ ਲਵੇ, ਸਾਂਝਾ ਕਿਸਾਨ/ਲੋਕ ਸੰਘਰਸ਼ ਨਾਂ ਝੁਕੇਗਾ, ਨਾਂ ਡਰੇਗਾ, ਨਾਂ ਨਿਸ਼ਾਨੇ ਤੋਂ ਥਿੜਕੇਗਾ ਸਗੋਂ ਦਿਨੋ ਦਿਨ ਵਿਸ਼ਾਲ ਅਤੇ ਤਿੱਖਾ ਹੁੰਦਾ ਜਾ ਰਿਹਾ ਇਹ ਸਾਂਝਾ ਕਿਸਾਨ/ਲੋਕ ਸੰਘਰਸ਼ ਮੋਦੀ ਹਕੂਮਤ ਦੀ ਧੌਣ ਵਿੱਚ ਅਡਾਨੀਆਂ-ਅੰਬਾਨੀਆਂ ਦਾ ਅੜਿਆ ਹੋਇਆਂ ਕਿੱਲਾ ਕੱਢਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਲਈ ਮੁਲਕ ਪੱਧਰ’ਤੇ ਐਮਐਸਪੀ ਦਾ ਕਾਨੂੰਨ ਬਨਾਉਣ/ਲਾਗੂ ਕਰਨ ਲਈ ਮਜਬੂਰ ਕਰੇਗਾ। ਇਸੇ ਹੀ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਚੱਲ ਰਹੇ ਘਿਰਾਉ ਸਮੇਂ ਮੇਜਰ ਸਿੰਘ ਸੰਘੇੜਾ ਦੀ ਅਗਵਾਈ ਵਿੱਚ ਕਾਲੇ ਕਾਨੂੰਨਾਂ ਦੀ ਅਰਥੀ ਸਾੜਕੇ ਜੋਰਦਾਰ ਨਾਹਰੇਬਾਜੀ ਕੀਤੀ ਗਈ। ਇਸ ਸਮੇਂ ਅਜਮੇਰ ਸਿੰਘ ,ਭੋਲਾ ਸਿੰਘ, ਬਲਵੀਰ ਸਿੰਘ ਆਦਿ ਕਿਸਾਨ ਆਗੂ ਵੀ ਹਾਜਰ ਸਨ।