ਲੋਕਾਂ ਦੀ ਰਾਇ ਨਾਲ, ਇਤਿਹਾਸਕ ਇਕੱਠ ‘ਚ ਅਗਲੀ ਰਣਨੀਤੀ ਦਾ ਕਰਾਂਗੇ ਐਲਾਨ-ਵਿਰਕ
ਹਰਿੰਦਰ ਨਿੱਕਾ/ਰਘਬੀਰ ਹੈਪੀ ,ਬਰਨਾਲਾ 9 ਜਨਵਰੀ 2021
ਆਮ ਲੋਕਾਂ ਵਿੱਚ ਬੇਹੱਦ ਸਤਿਕਾਰੇ ਜਾਣ ਵਾਲੇ ਤੇ ਰਾਜਨੀਤਕ ਗਲਿਆਰਿਆਂ ‘ਚ ਆਪਣੇ ਬਲਬੂਤੇ, ਵਧੀਆ ਸੋਚ ਅਤੇ ਇਮਾਨਦਾਰ ਰਾਜਨੀਤਕ ਸ਼ਖਸ਼ੀਅਤ ਦੇ ਤੌਰ ਤੇ ਨਿਵੇਕਲੀ ਪਹਿਚਾਣ ਕਾਇਮ ਕਰਨ ਵਾਲੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਕੁਸੈਲੇ ਤਜਰਬਿਆਂ ਤੋਂ ਬਾਅਦ ,ਆਖਿਰ ਅੱਜ ਰਵਾਇਤੀ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ। ਇਹ ਐਲਾਨ ਕਰਨ ਸਮੇਂ ਉਨ੍ਹਾਂ ਗੱਲਾਂ-ਗੱਲਾਂ ਵਿੱਚ ਇਹ ਗੱਲ ਵੀ ਕਹਿ ਦਿੱਤੀ ਕਿ ਉਨ੍ਹਾਂ ਰਾਜਨੀਤੀ ਤੋਂ ਨਹੀਂ, ਸਿਰਫ ਰਵਾਇਤੀ ਰਾਜਨੀਤੀ ਤੋਂ ਖੁਦ ਨੂੰ ਅਲੱਗ ਕਰਨ ਦਾ ਨਿਰਣਾ ਕੀਤਾ ਹੈ। ਸ਼ਰੀਫ ਸਿਆਸਤਦਾਨ ਦੀ ਛਬੀ ਵਾਲੇ ਆਗੂ ਵਿਰਕ ਦਾ ਇਸ ਤਰ੍ਹਾਂ ਰਾਜਨੀਤਕ ਪਾਰਟੀਆਂ ਤੋਂ ਕਿਨਾਰਾ ਕਰਨਾ, ਕੋਈ ਸਧਾਰਣ ਘਟਨਾ ਨਹੀਂ ,ਇਸ ਅਸਧਾਰਨ ਕਿਸਮ ਦੇ ਘਟਨਾਕ੍ਰਮ ਦਾ ਵਿਸ਼ਲੇਸ਼ਣ ਕਰਨਾ ਰਾਜਸੀ ਪੰਡਿਤਾਂ ਦਾ ਅਤੇ ਸਮਾਜ ਦੇ ਚੇਤੰਨ ਵਰਗ ਲਈ ਚਿੰਤਨ ਦਾ ਵਿਸ਼ਾ ਜਰੂਰ ਹੈ। ਵਿਰਕ ਨੇ ਬੜੇ ਹਲੀਮੀ ਭਰੇ ਲਹਿਜੇ ‘ਚ ਬਿਨਾਂ ਕਿਸੇ ਪਾਰਟੀ ਅਤੇ ਲੀਡਰ ਤੇ ਚਿੱਕੜ ਉਛਾਲੀ ਕੀਤਿਆਂ ਖੁਦ ਨੂੰ ਰਵਾਇਤੀ ਰਾਜਨੀਤੀ ਦੀਆਂ ਵਲੱਗਣਾ ਤੋਂ ਪਰ੍ਹੇ ਕਰ ਲਿਆ। ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਵੱਲੋਂ ਗੁੱਝੇ ਢੰਗ ਨਾਲ ਕੁਰੇਦਨ ਦੇ ਬਾਵਜੂਦ ਵੀ ਉਨ੍ਹਾਂ ਆਪਣੀ ਅਗਲੀ ਰਣਨੀਤੀ ਦੇ ਪੱਤੇ ਨਹੀਂ ਖੋਹਲੇ। ਬੱਸ ਇਨ੍ਹਾਂ ਇਸ਼ਾਰਾ ਜਰੂਰ ਕਰ ਦਿੱਤਾ ਕਿ ਉਹ ਛੇਤੀ ਹੀ ਇੱਕ ਇਤਿਹਾਸਕ ਇਕੱਠ ਕਰਕੇ ਲੋਕਾਂ ਦੀ ਰਾਇ ਨਾਲ ਲੋਕਾਂ ਦੀ ਕਚਹਿਰੀ ਵਿੱਚ ਕੋਈ ਫੈਸਲਾ ਲੈਣਗੇ।
ਫਰਸ਼ ਤੋਂ ਅਰਸ਼ ਤੱਕ ਦਾ ਸਫਰ
ਕਿਸਾਨ ਪਰਿਵਾਰ ‘ਚ ਪੈਦਾ ਹੋਏ ਭੋਲਾ ਸਿੰਘ ਵਿਰਕ ਨੂੰ ਟਰਾਂਸਪੋਰਟਰ ਦਾ ਕਿੱਤਾ ਵਿਰਾਸਤ ਵਿੱਚ ਮਿਲਿਆ । ਆਮ ਕਾਰੋਬਾਰੀ ਤੋਂ ਇਲਾਵਾ ਹਮੇਸ਼ਾ ਲੋਕ ਸੇਵਾ ਨੂੰ ਪ੍ਰਣਾਏ ਵਿਰਕ ਨੂੰ ਦੇਸ਼ ਦੀ ਰਾਜਨੀਤੀ ਦੇ ਭੀਸ਼ਮ ਪਿਤਾਮਾ ਕਾਮਰੇਡ ਹਰਕ੍ਰਿਸ਼ਨ ਸੁਰਜੀਤ ਤੋਂ ਮਿਲੀ ਰਾਜਨੀਤੀ ਦੀ ਗੁੜ੍ਹਤੀ ਤੋਂ ਰਾਜਨੀਤੀ ਵੱਲ ਆਉਣ ਦੀ ਪ੍ਰੇਰਨਾ ਮਿਲੀ। ਵਿਰਕ ਨੇ ਆਪਣੀ ਰਾਜਸੀ ਸਰਗਰਮੀ ਲਈ ਲੋਕ ਭਲਾਈ ਪਾਰਟੀ ਦਾ ਪਲੇਟਫਾਰਮ ਚੁਣਿਆ। ਵਿਰਕ ਨੂੰ ਲੋਕ ਭਲਾਈ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰ ਕੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਲੋਭਪਾ ਦੀ ਟਿਕਟ ਤੇ ਚੋਣ ਲੜੀ, ਨਵੀਂ ਪਾਰਟੀ ਅਤੇ ਸੰਸਾਧਨਾਂ ਦੀ ਕਮੀ ਦੇ ਬਾਵਜੂਦ ਵੀ ਵਿਰਕ ਨੇ ਬਹੁਕੋਣੇ ਮੁਕਾਬਲੇ ਵਿੱਚ ਸਨਮਾਨਜਨਕ ਵੋਟਾਂ ਪ੍ਰਾਪਤ ਕੀਤੀ। ਵਿਰਕ ,ਸਾਰੀਆਂ ਰਵਾਇਤੀ ਪਾਰਟੀਆਂ ਲਈ ਖਿੱਚ ਦਾ ਕੇਂਦਰ ਬਣ ਗਏ। ਅਕਾਲੀ ਦਲ ਅਤੇ ਕਾਂਗਰਸ ਤੱਕ ਨੇ ਵੀ ਸਮੇਂ ਸਮੇਂ ਤੇ ਵਿਰਕ ਨੂੰ ਆਪਣੀ ਬੁੱਕਲ ਵਿੱਚ ਲਿਆ। ਪਰੰਤੂ ਵਿਰਕ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਕਾਫੀਏ ਵਿੱਚ ਖੁਦ ਨੂੰ ਫਿੱਟ ਨਾ ਕਰ ਸਕੇ, ਜਿਸ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਵਿਰਕ ਚੁੱਪ ਵੱਟ ਕੇ ਘਰ ਬਹਿ ਗਏ ਅਤੇ ਉਨ੍ਹਾਂ ਪੂਰਾ ਧਿਆਨ ਆਪਣੇ ਕਾਰੋਬਾਰ ਅਤੇ ਸਮਾਜ ਸੇਵਾ ਤੇ ਹੀ ਕੇਂਦਰਿਤ ਕਰ ਲਿਆ।
ਨਜਦੀਕੀਆਂ ਤੇ ਤਲਖ ਤਜਰਬੇ
ਸਾਲ 1979 ‘ਚ ਬਰਨਾਲਾ ਆ ਕੇ ਵਸੇ ਭੋਲਾ ਸਿੰਘ ਵਿਰਕ ਨੇ ਪਬਲਿਕ ਵੈਲਫ਼ੇਅਰ ਦੇ ਨਾਂ ਹੇਠ ਇਕ ਟਰੱਸਟ ਬਣਾ ਕੇ ਹਰ ਮਹੀਨੇ ਇਕ ਨਲਕਾ ਲਗਵਾਉਣ ਦੇ ਕੀਤੇ ਯਤਨਾਂ ਸਣੇ, ਟੂਰਨਾਮੈਂਟ ਕਰਵਾਉਣ ਸੁਰੂ ਕੀਤੇ। 1983 ‘ਚ ਕਾਮਰੇਡ ਚੰਦ ਸਿੰਘ ਚੋਪੜਾ, ਮਹਰੂਮ ਨੇਤਾ ਪੰਡਿਤ ਸੋਮ ਦੱਤ, ਮਰਹੂਮ ਕਰਤਾਰ ਸਿੰਘ ਜੋਸ਼ੀਲਾ ਨਾਲ ਪਿਓ-ਪੁੱਤ ਦਾ ਰਿਸ਼ਤਾ ਰੱਖਣ ਵਾਲੇ ਭੋਲਾ ਸਿੰਘ ਵਿਰਕ ਨੇ ਸਿਆਸਤ ‘ਚ ਕਦਮ 1987 ‘ਚ ਕਾ. ਚੰਦ ਸਿੰਘ ਚੋਪੜਾ ਦੇ ਜ਼ਰੀਏ ਕਾ. ਮੰਗਤ ਰਾਮ ਪਾਸਲਾ ਰਾਹੀਂ ਰੱਖਿਆ। ਉਸ ਉਪਰੰਤ ਉਨ੍ਹਾਂ ਦਾ ਮੇਲਜੋਲ ਬਲਵੰਤ ਸਿੰਘ ਰਾਮੂਵਾਲੀਆ ਅਤੇ 2004 ‘ਚ ਆਪਣੇ ਚਾਚੇ ਦੇ ਮਿੱਤਰ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ‘ਚ ਆਏ। 2012 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਹਲਕਾ ਭਦੌੜ ਤੋਂ ਦਰਬਾਰਾ ਸਿੰਘ ਗੁਰੂ ਦੇ ਚੋਣ ਪ੍ਰਮੁੱਖ ਪ੍ਰਚਾਰਕ ਵੀ ਰਹੇ। ਸਾਬਕਾ ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ ਅਤੇ ਕੇਵਲ ਸਿੰਘ ਢਿੱਲੋਂ ਨਾਲ ਚੋਣਾਂ ‘ਚ ਵੀ ਉਨ੍ਹਾਂ ਨੇ ਅੱਗੇ ਹੋ ਕੇ ਮੋਹਰੀ ਰੋਲ ਅਦਾ ਕੀਤਾ। ਵਿਰਕ, ਜਿੱਥੇ ਇਕ ਵਾਰ ਕੌਂਸਲਰ ਰਹੇ, ਉੱਥੇ ਹੀ ਤਿੰਨ ਵਾਰ ਟੈਲੀਫ਼ੋਨ ਐਡਵਾਇਜਰੀ ਕਮੇਟੀ ਦੇ ਮੈਂਬਰ, ਰੇਲਵੇ ਵਿਭਾਗ ‘ਚ ਯੂਆਰਸੀਸੀ ਦੇ ਅਹੁਦੇਦਾਰ, 9 ਸਾਲ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਤੇ 2 ਵਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਬਣ ਕੇ ਕਾਫੀ ਸਰਾਹੁਣਯੋਗ ਕੰਮ ਕਰਕੇ ਨਾਮਣਾ ਖੱਟਿਆ।
ਮਾਣ-ਸਨਮਾਨ
ਜ਼ਿਲ੍ਹੇ ਦੀਆਂ ਪੰਚਾਇਤਾਂ, ਸਮਾਜ ਭਲਾਈ ਦੇ ਕੰਮ ਕਰਨ ਵਾਲੀਆਂ ਸੰਸਥਾਵਾਂ ਤੇ ਕਲੱਬਾਂ ਵੱਲੋਂ ਮਿਲੇ ਅਣਗਿਣਤ ਮਾਣ-ਸਨਮਾਨਾਂ ਤੋਂ ਇਲਾਵਾ 15 ਅਗਸਤ 2010 ਨੂੰ ਪੰਜਾਬ ਸਰਕਾਰ ਵੱਲੋਂ ਭੋਲਾ ਸਿੰਘ ਵਿਰਕ ਦੇ ਸੋਸ਼ਲ ਤੇ ਸਮਾਜਿਕ ਕੰਮਾਂ ਨੂੰ ਦੇਖਦਿਆਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭੋਲਾ ਸਿੰਘ ਵਿਰਕ 1999 ਤੋਂ ਹੁਣ ਤੱਕ ਮੈਨੇਜਿੰਗ ਕਮੇਟੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਹਨ।