ਅਨੀਤਾ ਮੱਟੂ ਦੀ ਅਗਵਾਈ ਔਰਤਾਂ ਦਾ ਕਾਫਲਾ ਹੋਇਆ ਸ਼ਾਮਿਲ
ਹਰਿੰਦਰ ਨਿੱਕਾ , ਬਰਨਾਲਾ 08 ਜਨਵਰੀ 2021
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਰੇਲਵੇ ਸਟੇਸ਼ਨ ਪਾਰਕਿੰਗ ਵਿੱਚ ਭੁੱਖ ਹੜਤਾਲ ਜਾਰੀ ਰਹੀ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ , ਪ੍ਰੇਮਪਾਲ ਕੌਰ, ਚਰਨਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਨੇਕਦਰਸ਼ਨ ਸਿੰਘ, ਕਰਨੈਲ ਸਿੰਘ ਗਾਂਧੀ, ਨਿਰਭੈ ਸਿੰਘ ਗਿਆਨੀ, ਬਾਰਾ ਸਿੰਘ ਬਦਰਾ, ਹਰਚਰਨ ਚੰਨਾ,ਅਨੀਤਾ ਮੱਟੂ ਆਦਿ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮੁਲਾਜਮ ਵਿਰੋਧੀ ਨੀਤੀਆਂ ਖਿਲ਼ਾਫ ਗੁੱਸਾ ਹੋਰ ਵਧੇਰੇ ਤੀਬਰਤਾ ਨਾਲ ਸੜਕਾਂ ਤੇ ਨਿੱਕਲ ਰਿਹਾ ਹੈ। ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਆਵਾਜ ਘਰ-ਘਰ ਦੀ ਅਵਾਜ ਬਣਕੇ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਬੇਸ਼ੱਕ ਅੱਜ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਪਰ ਇਸ ਮੀਟਿੰਗ ਵਿਚੋਂ ਬਹੁਤਾ ਕੁੱਝ ਹਾਸਲ ਹੋਣ ਦੇ ਆਸਾਰ ਘੱਟ ਹਨ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਖੇਤੀ ਵਿਰੋਧੀ ਕਾਨੂੰਨਾਂ ਦੀ ਮੰਗ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ।
ਮੋਦੀ ਹਕੂਮਤ ਦਾ ਅਜਿਹਾ ਕਿਸਾਨ ਵਿਰੋਧੀ ਵਤੀਰਾ ਸਮੁੱਚੇ ਮੁਲਕ ਅੰਦਰ ਹਰ ਘਰ ਵਿੱਚੋਂ ਮੋਦੀ ਹਕੂਮਤ ਖਿਲਾਫ ਰੋਹਲੀ ਲਲਕਾਰ ਗੂਜੇਗੀ। ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਚੱਲ ਰਹੇ ਧਰਨੇ ਦੌਰਾਨ‘‘ਹਰੇ ਰੰਗ ਦੇ ਝੰਡਿਆਂ ਦਾ ਝਲਕਾਰਾ ਅਤੇ ਮੋਦੀ ਸਰਕਾਰ ਮੁਰਦਾਬਾਦ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’’ ਦੇ ਅਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ। ਬੁਲਾਰਿਆਂ ਕਿਹਾ ਕਿ 12 ਜਨਵਰੀ ਤੱਕ ਜਾਗਰੂਕਤਾ ਹਫਤਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਅੱਜ ਵੀ ਬਹੁਤ ਸਾਰੇ ਪਿੰਡਾਂ ਵਿੱਚ ਟਰੈਕਟਰ ਮਾਰਚ ਰਾਹੀਂ ਪਿੰਡਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਜਾਰੀ ਰਹੀ। ਇਸ ਟਰੈਕਟਰ ਮਾਰਚ ਸਮੇਂ ਨੌਜਵਾਨ ਕਿਸਾਨਾਂ ਅੰਦਰ ਮੋਦੀ ਹਕੂਮਤ ਪ੍ਰਤੀ ਨਫਰਤ ਅਤੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। 13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਦੁੱਲੇ ਭੱਟੀ ਦੇ ਵਾਰਸ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ।
18 ਜਨਵਰੀ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਕਰਕੇ ਕਿਸਾਨ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਹੋਰ ਵਧੇਰੇ ਜਰਬਾਂ ਦਿੱਤੀਆਂ ਜਾਣਗੀਆਂ। 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰੰਦਰ ਬੋਸ ਨੂੰ ਯਾਦ ਕੀਤਾ ਜਾਵੇਗਾ। 26 ਜਨਵਰੀ ਸਮਾਨਅੰਤਰ ਕਿਸਾਨ ਦਿਵਸ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ। ਬੁਲਾਰਿਆਂ ਮੋਦੀ ਹਕੂਮਤ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਸ਼ਾਤਰ, ਫੁੱਟਪਾਊ ਚਾਲਾਂ ਤੋਂ ਬਾਜ ਆਵੇ। ਕਿਉਂਕਿ ਇੱਕ ਪਾਸੇ ਸਾਂਝੇ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗਾਂ, ਦੂਜੇ ਪਾਸੇ ਇਹੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖੇਤੀ ਵਿਰੋਧੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦਰਸਾਉਣ ਦਾ ਰਾਗ ਅਲਾਪ ਰਹੀ ਹੈ। ਜਦ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਇਹ ਕਾਲੇ ਕਾਨੂੰਨ ਚੰਦਕੁ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਦਾ ਸੰਦ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਖਾਸ ਕਰਕੇ ਛੋਟੀ ਕਿਸਾਨੀ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਧੱਕਣ ਲਈ ਲਿਆਂਦੇ ਗਏ ਹਨ।
ਅਜਿਹੀ ਦੋਹਰੀ ਨੀਤੀ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਗੂਆਂ ਕਿਹਾ ਕਿ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਅਤੇ ਨੌਜਵਾਨ ਕਿਸਾਨਾਂ ਨੂੰ ਸੰਗਰਾਮ ਦੇ ਰਣ ਤੱਤੇ ਮੈਦਾਨ’ਚ ਨਾਲ ਲੈਂਦਿਆਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਉੱਪਰ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਵਿਸ਼ਾਲ ਅਧਾਰ ਵਾਲਾ ਜੁਝਾਰੂ ਪਿਰਤਾਂ ਪਾਉਣ ਵਾਲਾ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਪੇਂਡੂ ਕਿਸਾਨੀ ਔਰਤਾਂ ਨੇ ਨਾਲ ਨਾਲ ਸ਼ਹਿਰ ਦੀਆਂ ਬਾਬਾ ਜੀਵਨ ਸਿੰਘ ਗੁਰਦਵਾਰਾ ਮੁਹੱਲਾ ਦੀਆਂ ਅਨੀਤਾ ਮੱਟੂ ਦੀ ਅਗਵਾਈ ਵਿੱਚ ਸ਼ਾਮਿਲ ਹੋਈਆਂ ਵੱਡੀ ਗਿਣਤੀ ਵਿੱਚ ਭੈਣਾਂ ਦਾ ਸਾਥ ਮਿਲਿਆ। ਦਿਨੋ ਦਿਨ ਵਿਸ਼ਾਲ ਅਤੇ ਤਿੱਖਾ ਹੁੰਦਾ ਜਾ ਰਿਹਾ ਇਹੀ ਸਾਂਝਾ ਕਿਸਾਨ/ਲੋਕ ਸੰਘਰਸ਼ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਸ਼ਿੰਦਰ ਸਿੰਘ, ਗੁਰਚਰਨ ਸਿੰਘ , ਜਗਰਾਜ ਸਿੰਘ, ਬੇਅੰਤ ਸਿੰਘ, ਨਾਜਮ ਸਿੰਘ ਆਦਿ ਸ਼ਾਮਿਲ ਹੋਏ। ਵੱਖ-ਵੱਖ ਪਿੰਡਾਂ/ਸ਼ਹਿਰੀ ਸੰਸਥਾਵਾਂ ਵੱਲੋਂ ਲੰਗਰ ਦੀ ਸੇਵਾ ਨਿਰਵਿਘਨ ਜਾਰੀ ਰਹੀ। ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ।