ਚੋਰੀ ਹੋਈ ਸ਼ਰਾਬ ਦਾ ਕੋਈ ਵੀ ਦੋਸ਼ੀ ਨਾ ਫੜ੍ਹਿਆ ਜਾਣ ਕਾਰਣ ਚੋਰਾਂ ਦੇ ਹੌਂਸਲੇ ਬੁਲੰਦ
12 ਮਹੀਨਿਆਂ ‘ਚ ਵੱਖ-ਵੱਖ 6 ਠੇਕਿਆਂ ਤੋਂ 10 ਲੱਖ ਤੋਂ ਵੱਧ ਦੀ ਸ਼ਰਾਬ ਚੋਰੀ
ਹਰਿੰਦਰ ਨਿੱਕਾ , ਬਰਨਾਲਾ 24 ਦਸੰਬਰ 2020
ਜਿਲ੍ਹੇ ਅੰਦਰ ਸ਼ਰਾਬ ਦੇ ਠੇਕਿਆਂ ਤੋਂ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਸ਼ਰਾਬ ਚੋਰੀ ਕਰਨ ਦਾ ਸਿਲਿਸਲਾ ਬਾ-ਦਸਤੂਰ ਜਾਰੀ ਹੈ। ਜਾਰੀ ਵੀ ਕਿਉਂ ਨਾ ਹੋਵੇ,ਜਦੋਂ ਪੁਲਿਸ ਮਹਿਕਮੇਂ ਵਾਲੇ ਠੇਕਿਆਂ ਤੋਂ ਸ਼ਰਾਬ ਚੋਰੀ ਹੋਣ ਦਾ ਕੇਸ ਅਣਪਛਾਤਿਆਂ ਖਿਲਾਫ ਦਰਜ਼ ਕਰਕੇ ਖਾਨਾਪੂਰਤੀ ਕਰਕੇ ਬੁੱਤਾ ਸਾਰ ਕੇ ਹੀ ਚੁੱਪ ਵੱਟ ਲੈਂਦੇ ਹਨ। ਇਸ ਤਰਾਂ ਹਾਲੇ ਤੱਕ ਕਿਸੇ ਵੀ ਠੇਕੇ ਤੋਂ ਸ਼ਰਾਬ ਚੋਰੀ ਕਰਨ ਵਾਲੇ ਕਿਸੇ ਵੀ ਦੋਸ਼ੀ ਦਾ ਨਾ ਫੜ੍ਹੇ ਜਾਣਾ ਚੋਰਾਂ ਦੇ ਹੌਂਸਲੇ ਬੁਲੰਦ ਕਰ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ਦੇ ਸੇਲਜਮੈਨ ਕਾਫੀ ਦਹਿਸ਼ਤ ਦੇ ਮਾਹੌਲ ਵਿੱਚ ਠੇਕਿਆਂ ਦੇ ਡਿਊਟੀ ਦੇਣ ਨੂੰ ਬੇਵੱਸ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚਾਲੂ ਵਰ੍ਹੇ ਦੇ ਕਰੀਬ 12 ਮਹੀਨਿਆਂ ਦੌਰਾਨ 6 ਥਾਵਾਂ ਤੇ ਚੋਰਾਂ ਨੇ ਸ਼ਰਾਬ ਦੇ ਠੇਕਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਠੇਕਿਆਂ ਨੂੰ ਸੰਨ੍ਹ ਲਾ ਕੇ ਕਰੀਬ 10 ਲੱਖ ਰੁਪਏ ਤੋਂ ਵੱਧ ਸ਼ਰਾਬ ਚੋਰੀ ਕਰ ਲਈ। ਪਰੰਤੂ ਪੁਲਿਸ ਨੇ ਹਾਲੇ ਤੱਕ ਕਿਸੇ ਵੀ ਸ਼ਰਾਬ ਚੋਰ ਨੂੰ ਗਿਰਫਤਾਰ ਨਹੀਂ ਕੀਤਾ ਹੈ।
ਸ਼ਰਾਬ ਦੇ ਠੇਕੇ ਤੋਂ ਲੁੱਟੀ 3 ਲੱਖ ਦੀ ਸ਼ਰਾਬ
ਥਾਣਾ ਟੱਲੇਵਾਲ ਦੇ ਪਿੰਡ ਰਾਮਗੜ ਦੇ ਸ਼ਰਾਬ ਦੇ ਠੇਕੇ ਤੋਂ ਸ਼ਰੇਆਮ ਲੁੱਟੀ ਕਰੀਬ 3 ਲੱਖ ਰੁਪਏ ਅਤੇ ਨਗਦੀ ਨੂੰ ਪੁਲਿਸ ਬੇਸ਼ੱਕ ਚੋਰੀ ਦੀ ਘਟਨਾ ਕਹਿ ਕੇ ਖਾਨਾਪੂਰਤੀ ਕਰ ਸਕਦੀ ਹੈ। ਪਰੰਤੂ ਜਿਸ ਤਰਾਂ ਨਾਲ ਅਣਪਛਾਤੇ ਨੌਜਵਾਨਾਂ ਨੇ ਠੇਕੇ ਦੇ ਸੇਲਜਮੈਨਾਂ ਦੀ ਹਾਜਿਰੀ ਵਿੱਚ ਉਨਾਂ ਨੂੰ ਡਰਾ ਕੇ ਸ਼ਰਾਬ ਅਤੇ ਨਗਦੀ ਲੁੱਟੀ ਹੈ, ਇਹ ਚੋਰੀ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ। ਕਿਉਂਕਿ ਕਿਸੇ ਦੀ ਗੈਰ ਹਾਜਿਰੀ ਵਿੱਚ ਕਿਸੇ ਮੁੱਲਵਾਨ ਵਸਤੂ ਲੈ ਕੇ ਜਾਣ ਨੂੰ ਹੀ ਚੋਰੀ ਕਿਹਾ ਜਾ ਸਕਦਾ ਹੈ। ਪੁਲਿਸ ਨੇ ਹਰ ਚੋਰੀ ਦੀ ਘਟਨਾ ਦੀ ਤਰਾਂ ਹੀ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਅਮਰਿੰਦਰ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਡੁੱਲਟ ਪੱਤੀ ਲੌਂਗੋਵਾਲ ਨੇ ਦੱਸਿਆ ਕਿ ਉਹ ਚੱਢਾ ਐਂਡ ਸੂਦ ਗਰੁੱਪ ਬਰਨਾਲਾ ਦੇ ਪਿੰਡ ਰਾਮਗੜ ਵਿਖੇ ਸ਼ਰਾਬ ਦੇ ਠੇਕੇ ਉੱਪਰ ਬਤੌਰ ਸੇਲਜਮੈਨ ਨੌਕਰੀ ਕਰਦਾ ਹੈ। ਉਸ ਦੇ ਨਾਲ ਇੱਕ ਹੋਰ ਨੌਜਵਾਨ ਰਾਜੀਵ ਕੁਮਾਰ ਪੁੱਤਰ ਅਜਬ ਸਿੰਘ ਵਾਸੀ ਯੂ.ਪੀ. ਵੀ ਸ਼ਰਾਬ ਦੇ ਠੇਕੇ ਤੇ ਸੇਲਜਮੈਨ ਦੇ ਤੌਰ ਤੇ ਨੌਕਰੀ ਕਰਦਾ ਹੈ। ਉਹ ਦੋਵੇਂ 22-23 ਦਸੰਬਰ ਦੀ ਰਾਤ ਕਰੀਬ 10 ਵਜੇ ਠੇਕੇ ਦੇ ਦੋਵੇਂ ਗੇਟ ਬੰਦ ਕਰਕੇ ਸੌਂ ਗਏ ਤਾਂ ਅੱਧੀ ਰਾਤ ਕਰੀਬ 12: 30 ਵਜੇ ਠੇਕੇ ਨਾਲ ਬਣੇ ਅਹਾਤੇ ਵਾਲੀ ਸਾਈਡ ਤੋਂ 2 ਦੁਬਲੇ-ਪਤਲੇ ਨੌਜਵਾਨ ਛੱਤ ਦੀਆਂ ਇੱਟਾਂ ਪੁੱਟ ਕੇ ਠੇਕੇ ਅੰਦਰ ਆ ਵੜ੍ਹੇ। ਉਨਾਂ ਠੇਕੇ ਦੇ ਗੇਟ ਨੂੰ ਅੰਦਰੋਂ ਦਾ ਲੱਗਿਆ ਕੁੰਡਾ ਖੋਲ੍ਹ ਕੇ ਆਪਣੇ 2 ਹੋਰ ਸਾਥੀਆਂ ਨੂੰ ਵੀ ਠੇਕੇ ਅੰਦਰ ਬੁਲਾ ਲਿਆ।
ਮੰਜੇ ਤੋਂ ਉੱਠੇ ਤਾਂ ਤੁਹਾਨੂੰ ਮਾਰ ਦਿਆਂਗੇ,,,
ਸੇਲਜਮੈਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਠੇਕੇ ਅੰਦਰ ਜਬਰਦਸਤੀ ਦਾਖਿਲ ਹੋਏ ਵਿਅਕਤੀਆਂ ਨੇ ਉਨਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਮੰਜੇ ਤੋਂ ਉੱਠੇ ਤਾਂ ਉਹ ਉਨਾਂ ਨੂੰ ਮਾਰ ਦੇਣਗੇ। ਡਰ ਕਾਰਣ ਉਹ ਦੋਵੇਂ ਮੰਜੇ ਉਪਰ ਹੀ ਪਏ ਰਹੇ। ਉਨਾਂ ਦੇ ਦੇਖਦੇ ਦੇਖਦੇ ਹੀ 2 ਨੌਜਵਾਨ ਗੱਡੀ ਵਿੱਚ ਸ਼ਰਾਬ ਲੱਦ ਕੇ ਚਲੇ ਗਏ। ਜਦੋਂ ਕਿ ਦੂਸਰੇ 2 ਨੇ ਠੇਕੇ ਅੰਦਰ ਫਰੋਲਾ-ਫਰਾਲੀ ਕਰਨ ਲੱਗ ਪਏ। ਉਨਾਂ ਦੱਸਿਆ ਕਿ ਦੋਸ਼ੀਆਂ ਨੇ ਸੇਲਜਮੈਨ ਰਾਜੀਵ ਦਾ ਮੋਬਾਇਲ ਖੋਹ ਲਿਆ ਅਤੇ ਉਸਦੀ ਤਨਖਾਹ ਦੇ ਮਿਲੇ 6 ਹਜਾਰ ਰੁਪਏ ਅਤੇ ਗੱਲੇ ਵਿੱਚ ਸ਼ਰਾਬ ਦੀ ਵਿਕਰੀ ਦੇ ਪਏ 3 ਹਜਾਰ ਰੁਪਏ ਲੈ ਕੇ ਫਰਾਰ ਹੋ ਗਏ। ਦੋਸ਼ੀਆਂ ਦੇ ਉੱਥੋਂ ਚਲੇ ਜਾਣ ਤੋਂ ਤੁਰੰਤ ਬਾਅਦ ਉਨਾਂ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬਾਅਦ ਵਿੱਚ ਮਾਲਕਾਂ ਨੂੰ ਵੀ ਫੋਨ ਕਰਕੇ ਠੇਕੇ ਤੇ ਬੁਲਾਇਆ। ਠੇਕੇਦਾਰ ਅੰਕਿਤ ਸੂਦ ਨੇ ਦੱਸਿਆ ਕਿ ਠੇਕੇ ਤੋਂ ਚੋਰੀ ਹੋਈ ਸ਼ਰਾਬ ਦੀ ਕੀਮਤ ਕਰੀਬ 3 ਲੱਖ ਰੁਪਏ ਹੈ। ਉੱਧਰ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਠੇਕੇ ਦੇ ਸੇਲਜਮੈਨ ਅਮਰਿੰਦਰ ਸਿੰਘ ਦੇ ਬਿਆਨ ਤੇ 4 ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।