ਦਿੱਲੀ ਧਰਨਾ: ਠਾਠਾਂ ਮਾਰਦੇ ਇਕੱਠ ਕਾਰਣ ਲਾਉਣੀਆਂ ਪਈਆਂ 6 ਸਟੇਜ਼ਾਂ

Advertisement
Spread information

ਅਸ਼ੋਕ ਵਰਮਾ ਨਵੀਂ ਦਿੱਲੀ,30ਨਵੰਬਰ2020

ਭਾਰਤੀ ਕਿਸਾਨ ਯੂਨੀਅਨ ਏਕਤਾ  ਉਗਰਾਹਾਂ ਨੂੰ ਅੱਜ ਠਾਠਾਂ ਮਾਰਦੇ ਇਕੱਠ ਅਤੇ ਕਿਸਾਨਾਂ ਦਾ ਕਾਫਲਾ ਲੰਬਾ ਹੋਣ ਕਰਕੇ ਕਿਸਾਨ ਆਗੂਆਂ ਨੂੰ ਸੰਬੋਧਨ ਲਈ ਛੇ ਸਟੇਜਾਂ ਲਾਉਣੀਆਂ ਪਈਆਂ। ਵੱਡੀ ਗੱਲ ਹੈ ਕਿ ਟਿਕਰੀ ਬਾਰਡਰ ਤੇ ਕਿਸਾਨ ਜੱਥੇਬੰਦੀ ’ਚ ਸ਼ਾਮਲ ਹੋਣ ਲਈ ਜੱਥਿਆਂ ਦਾ ਆਉਣਾ ਜਾਰੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵੀ ਜੀ ਦਾ 551 ਵਾਂ ਪ੍ਰਕਾਸ਼ ਪੁਰਬ  ਹੋਣ ਕਾਰਨ ਕਿਸਾਨ ਕਾਫਲਿਆਂ ’ਚ ਅੱਜ ਆਮ ਨਾਲੋਂ ਦੁੱਗਣਾ ਉਤਸ਼ਾਹ ਰਿਹਾ। ਕਿਸਾਨ ਆਗੂਆਂ ਨੇ ਸਟੇਜ਼ੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ। ਇਹਨਾਂ ਕਾਫਲਿਆਂ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ।  
                          ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ , ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਰਾਜਸਥਾਨ ਦੇ ਕਿਸਾਨ ਆਗੂ ਸੰਤਬੀਰ ਸਿੰਘ ਤੇ ਰਛਪਾਲ ਹਰਿਆਣਾ ਦੇ ਕਿਸਾਨ ਆਗੂ ਧਰਮਵੀਰ ਸਿੰਘ ਤੇ ਕੇਹਰ ਸਿੰਘ ਹਿਸਾਰ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਬਾਬੇ ਨਾਨਕ ਨੇ ਉਹਨਾਂ ਸਮਿਆਂ ਵਿੱਚ ਬਾਬਰ ਦਾ ਸਾਹਮਣਾ ਕਰਦਿਆਂ ਜਬਰ ਜੁਲਮ ਖਿਲਾਫ ਅਵਾਜ ਬੁਲੰਦ ਕੀਤੀ ਸੀ। ਉਹਨਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਨੇ ਮਲਕ ਭਾਗੋਆਂ ਨੂੰ ਲਲਕਾਰਿਆ ਸੀ ਅਤੇ ਅੱਜ ਵੀ ਮਲਕ ਭਾਗੋ ਦੇ ਭੇਸ ਚ ਮੋਦੀ ਵਰਗੇ ਹਾਕਮਾਂ ਵੱਲੋਂ ਭਾਈ ਲਾਲੋਆਂ ਦਾ ਖੂਨ ਚੂਸਿਆ ਜਾ ਰਿਹਾ ਹੈ  ਜਿਹਨਾਂ ਨੂੰ ਬਾਬੇ ਨਾਨਕ ਦੇ ਵਾਰਸ ਲਲਕਾਰ ਰਹੇ ਹਨ। ਸ੍ਰੀ ਉਗਰਾਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਗੱਲਬਾਤ ਦੇ ਸੱਦੇ ਦੀ ਚਰਚਾ ਬਾਰੇ ਆਖਿਆ ਕਿ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਮੰਗ ਪੱਤਰ ਸਬੰਧੀ ਆਪਣੀ ਠੋਸ ਤਜਵੀਜ ਭੇਜਣੀ ਚਾਹੀਦੀ ਹੈ।  ਉਹਨਾਂ ਆਖਿਆ ਕਿ ਮੋਦੀ ਸਰਕਾਰ ਪੰਜਾਬ ਸਮੇਤ ਦੇਸ਼ ਦੇ ਸਮੁੱਚੇ ਕਿਸਾਨਾਂ ਅਤੇ ਸਮੂਹ ਲੋਕਾਂ ਨਾਲ ਦੁਸ਼ਮਣੀ ਕਮਾ ਰਹੀ ਹੈ। ਉਹਨਾਂ ਆਖਿਆ ਕਿ ਹਰਿਆਣਾ ਦੇ ਕਿਸਾਨਾਂ ਤੇ ਆਮ ਲੋਕ ਉਹਨਾਂ ਨੂੰ ਨਾ ਸਿਰਫ ਖਾਣ ਪੀਣ ਦੀਆਂ ਵਸਤੂਆਂ ਹੀ ਮਹੱਈਆ ਕਰਵਾ ਰਹੇ ਹਨ ਬਲਕਿ ਹਜਾਰਾਂ ਦੀ ਤਦਾਦ ਵਿੱਚ ਇਸ ਮੋਰਚੇ ’ਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਹ ਕਿਸਾਨ  ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਉਸ ਬਿਆਨ ਦਾ ਮੂੰਹ ਚਿੜਾਉਂਦੇ ਹਨ ਜਿਸ ਵਿੱਚ ਉਹਨਾਂ ਨੇ ਇਸ ਮੋਰਚੇ ‘ਚ ਹਰਿਆਣਾ ਦੇ ਕਿਸਾਨਾਂ ਦੇ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ। ਕਿਸਾਨ ਆਗੂ ਨੇ ਆਖਿਆ ਕਿ ਇਹ ਸਮੂਹ ਲੋਕਾਂ ਦਾ ਸੰਘਰਸ਼ ਹੈ ਜਿਸਦੀ ਮੋਦੀ ਸਰਕਾਰ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।
                      ਉਹਨਾਂ ਆਖਿਆ ਕਿ ਇਹ ਲੜਾਈ ਇੱਕ ਦੋ ਦਿਨ ਦੀ ਨਹੀਂ ਬਲਕਿ ਲੰਮਾਂ ਸੰਘਰਸ਼ ਹੈ ਜਿਸਦੀ ਉਹ ਪੂਰੀ ਤਿਆਰੀ ਕਰਕੇ ਆਏ ਹਨ। ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਭਾਜਪਾ ਹਕੂਮਤ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਥਾਂ ਕਿਸਾਨਾਂ ਨਾਲ ਵਿਦੇਸ਼ੀ ਧਾੜਵੀ ਹਕੂਮਤ ਵਾਂਗ ਵਿਹਾਰ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਵਿੱਚ ਹੀ ਪ੍ਰਦਰਸ਼ਨ ਕਰਨ ਦੇ ਹੱਕ ਤੋਂ ਵੀ ਵਾਂਝੇ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਉਹ ਤਿੰਨੇ ਖੇਤੀ ਕਾਨੂੰਨਾਂ ,ਬਿਜਲੀ ਸੋਧ ਬਿੱਲ , ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਾਉਣ , ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਨ, ਮੁਲਕ ਦੇ ਸਾਰੇ ਸੂਬਿਆਂ ‘ਚ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਸੰਵਿਧਾਨਕ ਹੱਕ ਬਨਾਉਣ ਤੋਂ ਇਲਾਵਾ ਜੇਹਲਾਂ ’ਚ ਬੰਦ ਕੀਤੇ ਬੁੱਧੀਜੀਵੀਆਂ ਤੇ ਵਿਦਿਆਰਥੀਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ‘ਤੇ ਉੱਤਰੇ ਹਨ।

Advertisement

Advertisement
Advertisement
Advertisement
Advertisement
Advertisement
error: Content is protected !!