ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਉਤਸਵ ਅੱਜ ਸਾਂਝੇ ਸੰਘਰਸ਼ (ਰੇਲਵੇ ਸਟੇਸ਼ਨ) ਪਿੰਡ ਵਿੱਚ ਹੀ ਮਨਾਇਆ ਜਾਵੇਗਾ- ਮਾਂਗੇਵਾਲ, ਉੱਪਲੀ
ਸੀਨੀਅਰ ਸਿਟੀਜਨਾਂ ਨੇ ਸ਼ਮੂਲੀਅਤ ਕਰਕੇ ਸਾਂਝੇ ਕਿਸਾਨ ਸੰਘਰਸ਼ ਲਈ 11,000 ਰੁ. ਦੀ ਆਰਥਿਕ ਸਹਾਇਤਾ ਕੀਤੀ ਭੇਂਟ
ਰਘਵੀਰ ਹੈਪੀ ,ਬਰਨਾਲਾ 29 ਨਵੰਬਰ2020
ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਨਾਂ ’ਤੇ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ ਦੋ ਮਹੀਨੇ ਪੂਰੇ ਹੋਣ’ਤੇ ਬੁਲਾਰਿਆਂ ਨੇ ਸ਼ਾਮਲ ਹੋਣ ਵਾਲੇ ਖੇਤਾਂ ਦੇ ਰਾਖਿਆਂ(ਮਰਦ,ਔਰਤਾਂ,ਨੌਜਵਾਨਾਂ) ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ। ਸਾਂਝੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਲੋਕਾਈ ਦੇ ਸੱਭੇ ਮਿਹਨਤਕਸ਼ ਤਬਕੇ ਡਟਵੀਂ ਹਮਾਇਤ ਦੇ ਰਹੇ ਹਨ। ਅੱਜ ਸੀਨੀਅਰ ਸਿਟੀਜਨ ਆਪਣੇ ਵੱਡੇ ਕਾਫਲੇ ਸਮੇਤ ਸਾਂਝੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ 11,000 ਰੁ. ਦੀ ਵਡੇਰੀ ਆਰਥਿਕ ਮੱਦਦ ਸੰਚਾਲਨ ਕਮੇਟੀ ਨੂੰ ਸੌਂਪੀ।
ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੀ ਜੰਗ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਗੁਰਚਰਨ ਸਿੰਘ, ਪਰਮਿੰਦਰ ਸਿੰਘ ਹੰਢਿਆਇਆ, ਨਛੱਤਰ ਸਿੰਘ, ਕਰਨੈਲ ਸਿੰਘ ਗਾਂਧੀ , ਗੁਰਮੇਲ ਸ਼ਰਮਾ, ਮਾ.ਨਿਰੰਜਣ ਸਿੰਘ, ਉਜਾਗਰ ਸਿੰਘ ਬੀਹਲਾ, ਮੁਕੰਦ ਸਿੰਘ ਸੇਵਕ, ਸੁਖਦੇਵ ਸਿੰਘ ਰਾਏ, ਹਰਚਰਨ ਚੰਨਾ, ਨਿਰਭੈ ਸਿੰਘ ਆਦਿ ਨੇ ਕਿਹਾ ਕਿ ‘‘ ਸਾਂਝਾ ਕਿਸਾਨ ਮੋਰਚਾ’’ ਦੀ ਅਗਵਾਈ ਹੇਠ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਦੇ ਮਸਲੇ ਸਬੰਧੀ ਜਾਰੀ ਕੀਤਾ 1 ਕਰੋੜ ਰੁ. ਦਾ ਜੁਰਮਾਨਾ ਅਤੇ ਪੰਜ ਸਾਲ ਦੀ ਸਜਾ ਵਾਲਾ ਆਰਡੀਨੈਂਸ ਰੱਦ ਕਰਾਉਣ ਲਈ ਲੰਬੇ ਦਾਅ ਵਾਲਾ ਵਿਸ਼ਾਲ ਸੰਘਰਸ਼ ਲੜਿਆ ਜਾ ਰਿਹਾ ਹੈ।
ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਉਤਸਵ ਸੰਘਰਸ਼ੀ ਪਿੰਡ (ਰੇਲਵੇ ਸਟੇਸ਼ਨ) ਵਿਖੇ ਹੀ ਉਨ੍ਹਾਂ ਦੇ ਅਸਲ ਵਾਰਸਾਂ ਭਾਈ ਲਾਲੋਆਂ ਵੱਲੋਂ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ। ਸਾਂਝੇ ਸੰਘਰਸ਼ ਪਿੰਡ ਵਿੱਚ ਹੀ ਬਰਨਾਲਾ ਜਿਲ੍ਹੇ ਵਿੱਚੋਂ ਹਜਾਰਾਂ ਦੀ ਤਾਦਾਦ ਵਿੱਚ ਸੰਘਰਸ਼ਸ਼ੀਲ ਕਿਸਾਨ ਮਰਦ ਔਰਤਾਂ ਕਾਫਲਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਲੀਆਂ ਟਰੈਕਟਰਾਂ ਰਾਸ਼ਨ, ਪਾਣੀ, ਦਵਾਈਆਂ, ਸੌਣ ਵਗੈਰਾ ਦਾ ਸਮੁੱਚਾ ਪ੍ਰਬੰਧ ਕਰਕੇ ਖੱਟਰ ਹਕੂਮਤ ਵੱਲੋਂ ਲਾਈਆਂ ਸਾਰੀਆਂ ਰੋਕਾਂ ਨੂੰ ਤੋੜਦਿਆਂ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾਂ ਕਰਦਿਆਂ ਦਿੱਲੀ ਪਹੁੰਚੇ ਆਪਣੇ ਵੱਡੇ ਭਰਾਵਾਂ ਨੂੰ ਹਰਿਆਣਾ ਦੇ ਕਿਸਾਨ ਕਿਸੇ ਵੀ ਕਿਸਮ ਦੀ ਤੋਟ ਨਹੀਂ ਆਉਣ ਨਹੀਂ ਦੇ ਰਹੇ। ਵੱਡੀ ਗਿਣਤੀ ਵਿੱਚ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋਂ ਕਿਸਾਨ ਕਾਫਲਿਆਂ ਨੇ ਦਿੱਲੀ ਘੇਰਨ ਲਈ ਚਾਲੇ ਪਾਕੇ ਦਿੱਲੀ ਦੀ ਘੇਰਾਬੰਦੀ ਮਜਬੂਤ ਕਰ ਲਈ ਹੈ। ਕਿਸਾਨਾਂ ਨੇ ਆਪਣੇ ਲਗਾਤਾਰ ਸ਼ੁਰੂ ਕੀਤੇ ਪੜਾਅਵਾਰ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਦਿੱਲੀ ਹਕੂਮਤ ਦੀ ਸਾਹ ਰਗ ਨੂੰ ਹੱਥ ਪਾ ਲਿਆ ਹੈ। ਦਿੱਲੀ ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਜੋਸ਼ ਭਰਪੂਰ ਗੁੰਜਾਊ ਨਾਹਰੇ ਗੁੰਜਾਕੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਦਾ ਐਲਾਨ ਕੀਤਾ। ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਭਾਗ ਸਿੰਘ ਕੁਰੜ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀੜਾਲ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਬਲਦੇਵ ਸਿੰਘ, ਸੋਹਣ ਸਿੰਘ, ਨਰਿੰਦਰਪਾਲ, ਪਰਮਜੀਤ ਕੌਰ, ਲਾਲ ਸਿੰਘ ਧਨੌਲਾ, ਮੇਲਾ ਸਿੰਘ ਕੱਟੂ,ਸ਼ੇਰ ਸਿੰਘ ਫਰਵਾਹੀ, ਹੇਮ ਰਾਜ ਠੁੱਲੀਵਾਲ ਆਦਿ ਆਗੂਆਂ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਕੱਲ੍ਹ ਦਿੱਲੀ ਵੱਲ ਰਵਾਨਾ ਹੋਏ ਕਾਫਲਿਆਂ ਨੇ ਦਿੱਲੀ ਦੇ ਬਾਰਡਰ ਉੱਪਰ ਪਹੁੰਚਕੇ ਦਿੱਲੀ ਹਕੂਮਤ ਦੀ ਧੌਣ ਤੇ ਗੋਡਾ ਧਰਕੇ ਪੱਕੇ ਡੇਰੇ ਜਮਾ ਲਏ ਹਨ। ਵੱਡੀ ਗਿਣਤੀ ਵਿੱਚ ਕਿਸਾਨ ਆਗੂ ਕਾਫਲਿਆਂ ਦੇ ਦਿੱਲੀ ਵੱਲ ਕੂਚ ਕਰ ਜਾਣ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਰੋਹਲੀ ਗਰਜ ਬੁਲੰਦ ਕਰਨਾ ਉਤਸ਼ਾਹਜਨਕ ਵਰਤਾਰਾ ਹੈ। ਇਸ ਸੰਘਰਸ਼ ਨੂੰ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਗੁੱਸਾ ਮੱਠਾ ਹੋਣ ਦੀ ਬਜਾਏ ਲੋਕ ਮਨਾਂ ਅੰਦਰ ਮੋਦੀ ਸਰਕਾਰ ਦੀਆਂ ਅੰਬਾਨੀਆਂ,ਅਡਾਨੀਆਂ ਪੱਖੀ ਲੋਕ ਵਿਰੋਧੀ ਨੀਤੀਆਂ ਖਿਲਾਫ ਹੋਰ ਵਧੇਰੇ ਉਬਾਲੇ ਖਾ ਰਿਹਾ ਗੁੱਸਾ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕਰੇਗਾ।