ਅੱੱਖਰਕਾਰੀ ਮੁਹਿੰਮ ਤਹਿਤ 27 ਨਵੰਬਰ ਤੋਂ ਸ਼ੁਰੂ ਹੋਵੇਗੀ ਆਨਲਾਈਨ ਵਰਕਸ਼ਾਪ
ਰਵੀ ਸੈਣ ਬਰਨਾਲਾ,24 ਨਵੰਬਰ 2020
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਜਿੱਥੇ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਪ੍ਰਾਇਮਰੀ ਸਕੂਲਾਂ ਦੀ ਤਾਲਾਬੰਦੀ ਦੌਰਾਨ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਮੁਲਾਂਕਣ ਆਨਲਾਈਨ ਤਰੀਕੇ ਜਾਰੀ ਰੱਖਿਆ ਜਾ ਰਿਹਾ ਹੈ ਉੱਥੇ ਹੀ ਵਿਭਾਗ ਵੱਲੋਂ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਲਿਖਾਈ ਸੁੰਦਰ ਬਣਾਉਣ ਲਈ ਵੀ ਵਿਆਪਕ ਯੋਜਨਾ ਉਲੀਕੀ ਗਈ ਹੈ।ਵਿਦਿਆਰਥੀਆਂ ਦੀ ਲਿਖਾਈ ਸੁੰਦਰ ਬਣਾਉਣ ਲਈ “ਅੱਖਰਕਾਰੀ ਮੁਹਿੰਮ” ਤਹਿਤ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਨੁਕਤਿਆਂ ਤੋਂ ਜਾਣੂ ਕਰਵਾਉਣ ਲਈ 27 ਨਵੰਬਰ ਤੋਂ ਸੱਤ ਰੋਜ਼ਾ ਬਲਾਕ ਪੱਧਰੀ ਆਨਲਾਈਨ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ।
ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਜਿਲ੍ਹੇ ਦੇ ਤਿੰਨੇ ਵਿੱਦਿਅਕ ਬਲਾਕਾਂਂ ‘ਚ ਰਿਸੋਰਸ ਪਰਸਨਾਂ ਦੀਆਂ ਨਿਯੁਕਤੀਆਂ ਕਰਕੇ ਆਨਲਾਈਨ ਵਰਕਸ਼ਾਪ ਦੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ।ਉਹਨਾਂ ਕਿਹਾ ਕਿ ਬਲਾਕਾਂ ਦੀਆਂ ਵਰਕਸ਼ਾਪਾਂ ਦੇ ਸਮੁੱਚੇ ਸੰਚਾਲਨ ਦੀ ਜਿੰਮੇਵਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਹੋਵੇਗੀ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ‘ਸੁੰਦਰ ਲਿਖਾਈ ਅਧਿਆਪਕ ਵਰਕਸ਼ਾਪ’ ਦਾ ਸਮਾਂ ਰੋਜ਼ਾਨਾ 40 ਮਿੰਟ ਲਈ ਸਵੇਰੇ 11.00 ਵਜੇ ਤੋਂ ਲੈ ਕੇ 11.40 ਵਜੇ ਤੱਕ ਹੋਵੇਗਾ। ਉਹਨ੍ਹਾਂ ਦੱਸਿਆ ਕਿ ਇਸ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਹਰੇਕ ਅਧਿਆਪਕ ਦਾ ਭਾਗ ਲੈਣਾ ਜ਼ਰੂਰੀ ਹੈ। ਬਲਾਕ ਪੱਧਰ ‘ਤੇ ਸੁੰਦਰ ਲਿਖਾਈ ਦੀ ਵਰਕਸ਼ਾਪ ਦੇ ਇੱਕ ਗਰੁੱਪ ਵਿੱਚ 50 ਤੱਕ ਅਧਿਆਪਕ ਹੀ ਸ਼ਾਮਿਲ ਹੋਣਗੇ।
ਬਲਾਕ ਰਿਸੋਰਸ ਪਰਸਨ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ- ਵੱਖ ਨਮੂਨਿਆਂ ਦਾ ਅਭਿਆਸ ਕਰਵਾਉਣਗੇ। ਸ੍ਰ ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਮੈਂਬਰ ਵੀ ਬਾਕੀ ਅਧਿਆਪਕਾਂ ਦੀ ਤਰ੍ਹਾਂ ਰਿਸੋਰਸ ਪਰਸਨਾਂ ਕੋਲ ਸੁੰਦਰ ਲਿਖਾਈ ਦੀ ਵਰਕਸ਼ਾਪ ਲਗਾਉਣਗੇ। ਇਸ ਸੰਬੰਧੀ 22 ਦਸੰਬਰ ਨੂੰ ਰਾਜ ਦੇ ਸਾਰੇ ਸਕੂਲਾਂ ਅੰਦਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਦੇਖ-ਰੇਖ ਹੇਠ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਜਾਣਗੇ। ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਸੁੰਦਰ ਲਿਖਾਈ ਪ੍ਰੀਖਿਆਵਾਂ ਦੌਰਾਨ ਵਧੀਆ ਅੰਕ ਪ੍ਰਾਪਤ ਕਰਨ ਦਾ ਵੀ ਆਧਾਰ ਬਣਦੀ ਹੈ।ਸਕੂਲਾਂ ਵਿੱਚੋਂ ਫੱਟੀ ਅਤੇ ਕਲਮ ਦੇ ਅਲੋਪ ਹੋਣ ਦੌਰਾਨ ਪੈੱਨ ਅਤੇ ਪੈੱਨਸਿਲ ਨਾਲ ਸੁੰੰਦਰ ਲਿਖਾਈ ਦੀਆਂ ਤਕਨੀਕਾਂ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਉਣ ਦਾ ਵਿਭਾਗੀ ਉਪਰਾਲਾ ਵਿਦਿਆਰਥੀਆਂ ਦੀ ਲਿਖਾਈ ਸੁੰਦਰ ਬਣਾਉਣ ਲਈ ਲਾਜ਼ਮੀ ਤੌਰ ‘ਤੇ ਲਾਹੇਵੰਦ ਹੋਵੇਗਾ।
ReplyReply allForward
|