ਹਾਦਸੇ ਦਾ ਦੋਸ਼ੀ ਸਕਾਰਪਿਉ ਚਾਲਕ ਗੱਡੀ ਛੱਡ ਕੇ 1 ਲੜਕੀ ਸਮੇਤ ਹੋਇਆ ਫਰਾਰ
ਭੜ੍ਹਕੇ ਲੋਕਾਂ ਨੇ ਹਾਦਸੇ ਵਾਲੀ ਥਾਂ ਤੇ ਲਾਇਆ ਧਰਨਾ, ਦੋਸ਼ੀ ਖਿਲਾਫ ਕਤਲ ਕੇਸ ਦਰਜ ਕਰਨ ਦੀ ਮੰਗ
ਰਘਵੀਰ ਹੈਪੀ/ ਰਵੀ ਸੈਣ ਬਰਨਾਲਾ 7 ਨਵੰਬਰ 2020
ਸ਼ਹਿਰ ਦੇ ਧਨੌਲਾ ਰੋਡ ਤੇ ਪੈਂਦੀ ਆਸਥਾ ਕਲੋਨੀ ਦੇ ਨੇੜੇ ਸ਼ੁਕਰਵਾਰ ਰਾਤ ਕਰੀਬ 9 ਵਜੇ ਨਸ਼ੇ ‘ਚ ਧੁੱਤ ਇੱਕ ਤੇਜ ਰਫਤਾਰ ਸਕਾਰਪਿਉ ਦੇ ਡਰਾਈਵਰ ਨੇ ਸੜ੍ਹਕ ਕਿਨਾਰੇ ਖੜ੍ਹੀ ਰੇਹੜੀ ਵਾਲੇ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਸਕਾਰਪਿਉ ਇੱਨੀ ਤੇਜ ਰਫਤਾਰ ਸੀ ਕਿ ਪਹਿਲਾਂ ਬਿਜਲੀ ਦੇ ਖੰਭੇ ਨੂੰ ਤੋੜਦੀ ਹੋਈ ਰੇਹੜੀ ਵਿੱਚ ਵੱਜੀ। ਭਿਆਣਕ ਹਾਦਸੇ ‘ਚ ਰੇਹੜੀ ਤੇ ਰੋਟੀ ਖਾਣ ਲਈ ਖੜਾ ਰਣਜੀਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਦੀ ਦੌਰਾਨ ਏ ਇਲਾਜ ਮੌਤ ਹੋ ਗਈ। ਸਕਾਰਪਿਉ ਦਾ ਡਰਾਈਵਰ ਗੱਡੀ ਛੱਡ ਕੇ ਆਪਣੇ ਇੱਕ ਸਾਥੀ ਅਤੇ ਇੱਕ ਲੜਕੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉੱਧਰ ਹਾਦਸੇ ਵਿੱਚ ਰੇਹੜੀ ਮਾਲਿਕ ਬੁੱਧ ਰਾਮ ਦੇ ਬੇਟਾ ਗੌਰਵ ਅਤੇ ਉਸ ਦੀ ਪਤਨੀ ਕ੍ਰਿਸ਼ਨਾ ਦੇਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਰੇਹੜੀ ਮਾਲਿਕ ਬੁੱਧ ਰਾਮ ਦੇ ਬੇਟੇ ਦੀ ਹਾਲਤ ਵੀ ਹਾਲੇ ਵੀ ਨਾਜੁਕ ਬਣੀ ਹੋਈ ਹੈ। ਭੜਕੇ ਲੋਕਾਂ ਨੇ ਸਵੇਰੇ ਹੀ ਹਾਦਸੇ ਵਾਲੀ ਜਗ੍ਹਾ ਤੇ ਰੋਸ ਧਰਨਾ ਸ਼ੁਰੂ ਕਰਕੇ ਦੋਸ਼ੀਆਂ ਖਿਲਾਫ ਕਤਲ ਦਾ ਕੇਸ ਦਰਜ਼ ਕਰਨ ਅਤੇ ਉਨਾਂ ਨੂੰ ਗਿਰਫਤਾਰ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਸਕਾਰਪਿਉ ਗੱਡੀ ਨੰਬਰ ਪੀ.ਬੀ. 31 ਐਫ- 0045 ਦਾ ਅਣਪਛਾਤਾ ਨਸ਼ੇ ਵਿੱਚ ਧੁੱਤ ਡਰਾਇਵਰ ਬਹੁਤ ਤੇਜ ਰਫਤਾਰ ਨਾਲ ਆਈਟੀਆਈ ਚੌਂਕ ਵੱਲੋਂ ਸ਼ਹਿਰ ਵੱਲ ਜਾ ਰਿਹਾ ਸੀ। ਉਸ ਦੀ ਲਾਪਰਵਾਹੀ ਕਰਕੇ ਹਾਦਸਾ ਹੋਇਆ ਹੈ। ਗੰਭੀਰ ਜਖਮੀ ਰਣਜੀਤ ਉਮਰ ਕਰੀਬ 32 ਸਾਲ ਨਿਵਾਸੀ ਬਰਨਾਲਾ ਅਤੇ ਬੁੱਧ ਰਾਮ ਦੇ ਬੇਟੇ ਗੌਰਵ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ, ਪਰੰਤੂ ਨਾਜੁਕ ਹਾਲਤ ਦੇ ਚੱਲਦਿਆਂ ਡਾਕਟਰਾਂ ਨੇ ਦੋਵਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਰਣਜੀਤ ਸਿੰਘ ਦੀ ਰਜਿੰਦਰਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਸਤੇ ਵਿੱਚ ਮੌਤ ਹੋ ਗਈ। ਜਦੋਂ ਕਿ ਗੌਰਵ ਦੀ ਹਾਲਤ ਹਾਲੇ ਗਭੀਰ ਬਣੀ ਹੋਈ ਹੈ। ਬੁੱਧ ਰਾਮ ਦੇ ਜੁਆਈ ਮਨੋਜ ਕੁ੍ਮਾਰ ਨੇ ਕਿਹਾ ਕਿ ਦੋਸ਼ੀ ਸਕਾਰਪਿਉ ਡਰਾਇਵਰ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਗਿਰਫਤਾਰ ਕੀਤਾ ਜਾਵੇ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣਾ ਸਿਟੀ 2 ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਦੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਦੋਸ਼ੀ ਦੀ ਸਕਾਰਪਿਉ ਗੱਡੀ ਕਬਜੇ ਵਿੱਚ ਲੈ ਲਈ ਹੈ। ਉੱਧਰ ਰੇਹੜੀ ਯੂਨੀਅਨ ਦੇ ਆਗੂ ਤੇ ਆਰਟੀਆਈ ਐਕਟੀਵਿਸਟ ਭੋਲੀ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਜੋਰਦਾਰ ਸੰਘਰਸ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਕਾਰਪਿਉ ਗੱਡੀ ਦਾ ਮਾਲਿਕ ਇੱਕ ਕਾਂਗਰਸੀ ਆਗੂ ਦਾ ਬੇਟਾ ਹੈ, ਇਸੇ ਕਰਕੇ ਪੁਲਿਸ ਦੋਸ਼ੀ ਵਿਰੁੱਧ ਕਾਰਵਾਈ ਕਰਨ ਲਈ ਟਾਲਮਟੋਲ ਕਰ ਰਹੀ ਹੈ।