ਬਸਪਾ ਆਗੂਆਂ ਨੇ ਘਟਨਾ ਦੀ ਕੀਤੀ ਸਖਤ ਨਿੰਦਿਆ, ਪੁਲਿਸ ਅਧਿਕਾਰੀਆਂ ਨੂੰ ਮਿਲਿਆ ਵਫਦ
ਬੀਟੀਐਨ.ਜਲਾਲਾਬਾਦ 18 ਅਕਤੂਬਰ: 2020
ਫਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਚੱਕ ਜਾਨੀਸਰ ਵਿਖੇ ਇੱਕ ਦਲਿਤ ਨੌਜਵਾਨ ਗੁਰਨਾਮ ਸਿੰਘ ਗੋਰਾ ਪੁੱਤਰ ਜਗੀਰ ਸਿੰਘ ਵਾਸੀ ਚੱਕ ਮਦਰੱਸਾ ਜ਼ਿਲਾ ਮੁਕਤਸਰ ਨੂੰ ਕੁੱਝ ਹੋਰ ਨੌਜਵਾਨਾਂ ਵੱਲੋਂ ਮਾਰਕੁੱਟ ਕਰਕੇ ਉਸ ਨੂੰ ਪਿਸ਼ਾਬ ਪਿਲਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਪੀੜਤ ਦਲਿਤ ਨੌਜਵਾਨ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਕਰਵਾਇਆ ਗਿਆ ਸੀ। ਜੋ ਹੁਣ ਪਿੰਡ ਚਕਰ ਜਾਨੀ ਸਰ ਵਿਖੇ ਆਪਣੇ ਭਰਾ ਪਾਸ ਜ਼ੇਰ ਏ ਇਲਾਜ ਹੈ। ਭਾਰੀ ਜਨਤਕ ਦਬਾਅ ਸਦਕਾ ਪੁਲਿਸ ਵੱਲੋਂ ਇਸ ਸਬੰਧੀ ਥਾਣਾ ਵੈਰੋ ਕੇ ਤਹਿਸੀਲ ਜਲਾਲਾਬਾਦ ਵਿਖੇ ਮੁਕੱਦਮਾ ਨੰ 214 ਮਿਤੀ 12 -10-2020 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਖ਼ਬਰ ਮੀਡੀਆ ਵਿਚ ਆਉਣ ਤੋਂ ਬਾਅਦ ਇਸ ਸਬੰਧੀ ਮੌਕੇ ਤੇ ਜਾਕੇ ਜਾਣਕਾਰੀ ਹਾਸਲ ਕਰਨ ਲਈ ਮਿਤੀ 14 ਅਕਤੂਬਰ ਨੂੰ ਸ: ਸੁਖਦੇਵ ਸਿੰਘ ਲੱਖੇਵਾਲੀ ਜ਼ਿਲ੍ਹਾ ਇੰਚਾਰਜ ਬਸਪਾ ਸ੍ਰੀ ਮੁਕਤਸਰ ਸਾਹਿਬ ਨੂੰ ਲੋਕਲ ਬਸਪਾ ਆਗੂਆਂ ਸਮੇਤ ਭੇਜਿਆ ਗਿਆ । ਮਿਤੀ 15 ਅਕਤੂਬਰ ਨੂੰ ਇਕ ਹੋਰ ਟੀਮ ਸ: ਬਲਦੇਵ ਸਿੰਘ ਰਾਏ ਇੰਚਾਰਜ ਲੋਕ ਸਭਾ ਫਿਰੋਜ਼ਪੁਰ ਤੇ ਸ੍ਰੀ ਰਾਜਿੰਦਰ ਸਿੰਘ ਭੱਟੀ ਪਰਧਾਨ ਬਸਪਾ ਜ਼ਿਲ੍ਹਾ ਫਾਜ਼ਿਲਕਾ ਦੀ ਅਗਵਾਈ ‘ਚ ਸਾਰੇ ਹਾਲਾਤ ਤੇ ਨਜ਼ਰ ਸਾਨੀ ਲਈ ਭੇਜਿਆ ਗਿਆ। ਉਹਨਾਂ ਵੱਲੋਂ ਭੇਜੀ ਗਈ ਦਿਲ ਕੰਬਾਊ ਜਾਣਕਾਰੀ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਸ: ਜਸਵੀਰ ਸਿੰਘ ਗੜ੍ਹੀ ਪਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ: ਲਾਲ ਸਿੰਘ ਸੁਲਹਾਣੀ ਸੂਬਾ ਜਰਨਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਅਗਵਾਈ ਵਿਚ ਇਕ ਟੀਮ ਤਿਆਰ ਕੀਤੀ ਗਈ । ਜਿਸ ਵਿਚ 3 ਐਡਵੋਕੇਟ ਅਵਤਾਰ ਕ੍ਰਿਸ਼ਨ ਮੁੱਖ ਜ਼ੋਨ ਇੰਚਾਰਜ ਲੋਕ ਸਭਾ ਫਰੀਦਕੋਟ ਐਡਵੋਕੇਟ ਜਗਦੀਸ਼ ਕੁਮਾਰ ਜਨਰਲ ਸਕੱਤਰ ਬਸਪਾ ਜ਼ਿਲ੍ਹਾ ਫਰੀਦਕੋਟ ਬਲਦੇਵ ਸਿੰਘ ਰਾਏ ਇੰਚਾਰਜ ਲੋਕ ਸਭਾ ਫਰੀਦਕੋਟ ਨੂੰ ਸ਼ਾਮਲ ਕੀਤਾ ਗਿਆ । ਇਸ ਤੋਂ ਇਲਾਵਾ ਸ: ਗੁਰਚਰਨ ਸਿੰਘ ਬਜੀਦਪੁਰ ਜ਼ਿਲ੍ਹਾ ਇੰਚਾਰਜ ਬਸਪਾ ਫਿਰੋਜ਼ਪੁਰ, ਸ੍ਰੀ ਤਾਰਾ ਸਿੰਘ ਮਾਰਸ਼ਲ ਸਕੱਤਰ ਬਸਪਾ ਫਿਰੋਜ਼ਪੁਰ, ਸ੍ਰੀ ਰਾਜਿੰਦਰ ਸਿੰਘ ਭੱਟੀ ਪਰਧਾਨ ਬਸਪਾ ਜ਼ਿਲ੍ਹਾ ਫਾਜ਼ਿਲਕਾ, ਸ੍ਰੀ ਸੁਖਦੇਵ ਸਿੰਘ ਲੱਖੇਵਾਲੀ ਜ਼ਿਲ੍ਹਾ ਇੰਚਾਰਜ ਬਸਪਾ ਸ੍ਰੀ ਮੁਕਤਸਰ ਸਾਹਿਬ ਤੇ ਸ੍ਰੀ ਬੂਟਾ ਸਿੰਘ ਪਰਧਾਨ ਬਸਪਾ ਇਕਾਈ ਚੱਕ ਮਦਰੱਸਾ ਨੂੰ ਨਾਲ ਲੈਕੇ ਮੌਕੇ ਤੇ ਜਾਕੇ ਜਾਣਕਾਰੀ ਹਾਸਲ ਕੀਤੀ ਗਈ । ਪੀੜਤ ਨੌਜੁਆਨ ਸ੍ਰੀ ਗੁਰਨਾਮ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਚੱਕ ਮਦਰਸਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਮਿਤੀ 8 ਅਕਤੂਬਰ ਰਾਤ ਨੂੰ ਕਰੀਬ 9-30 ਵਜੇ ਆਪਣੇ ਪਿੰਡ ਤੋਂ ਚੱਕ ਜਾਨੀਸਰ ਜਿੱਥੇ ਉਹਦਾ ਵਡਾ ਭਾਈ ਬੋਹੜ ਸਿੰਘ ਉਰਫ ਗਗਨ ਕਿਸੇ ਜਿਮੀਦਾਰ ਦੇ ਕੰਮ ਕਰਦਾ ਹੈ ਉਸ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਨਹਿਰ ਦੇ ਪੁਲ ਤੇ ਤਿੰਨ ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਤੇ ਉਸਦੀ ਜੇਬ ਵਿਚੋਂ 1500 ਰੁਪਏ ਕੱਢ ਲਏ ਤੇ ਉਲਟਾ ਚੋਰ ਚੋਰ ਕਹਿਕੇ ਕੁੱਟਣ ਲਗ ਪਏ । ਬੇਤਹਾਸ਼ਾ ਕੁੱਟ ਮਾਰ ਕਰਕੇ ਪਿੰਡ ਦੀ ਧਰਮ ਸ਼ਾਲ ਦਾ ਜਿੰਦਰਾ ਤੋੜ ਕੇ ਉਥੇ ਬੰਦੀ ਬਣਾ ਲਿਆ ਤੇ ਪਿੰਡ ਦੇ ਹੋਰ ਵਿਅਕਤੀ ਬਿਨਾਂ ਕੋਈ ਗੱਲ ਸੁਣਨ ਤੋਂ ਲਗਾਤਾਰ ਹਾਕੀਆਂ, ਚੱਪਲਾਂ, ਘਸੁੰਨ ਮੁੱਕੀਆਂ ਨਾਲ ਕੁੱਟਦੇ ਰਹੇ ਤੇ ਉਸਦੇ ਨਲ਼ਾਂ ਤੇ ਲੱਤਾਂ ਮਾਰਦੇ ਰਹੇ। ਕਈ ਘੰਟੇ ਇਹ ਸਿਲਸਿਲਾ ਚਲਦਾ ਰਿਹਾ ਤੇ ਉਸ ਵਲੋਂ ਪਾਣੀ ਮੰਗਣ ‘ਤੇ ਪਿਸ਼ਾਬ ਪਿਆਇਆ ਗਿਆ । ਇਹ ਬੜਾ ਗੰਭੀਰ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਦਰਿੰਦਗੀ ਭਰਿਆ ਮਸਲਾ ਹੈ। ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਨ ਸਿਮਰਨਜੀਤ ਸਿੰਘ ਉਰਫ ਕਾਲ਼ਾ ਪੁਤਰ ਗੁਰਦਿਆਲ ਸਿੰਘ, ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਹਰਚਰਨ ਸਿੰਘ, ਜਗਬੀਰ ਸਿੰਘ ਉਰਫ ਭੋਲਾ ਪੰਡਤ ਪੁੱਤਰ ਦੇਸ ਰਾਜ ਵਾਸੀਆਨ ਪਿੰਡ ਚੱਕ ਜਾਨੀਸਰ ਛੀਂਬਿਆਂ ਵਾਲੀ ਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 323/341/365/382/506/148/149 ,3(1) (ਏ) sc st act ਤਹਿਤ ਮਾਮਲਾ ਦਰਜ ਕਰ ਲਿਆ ਹੈ
ਸਾਰੀ ਜਾਣਕਾਰੀ ਹਾਸਲ ਕਰਕੇ ਸਾਡੀ ਟੀਮ ਵਲੋਂ ਐਸ ਐਚ ਓ ਥਾਣਾ ਵੈਰੋ ਕੇ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ। ਥਾਣੇ ਵਿਚ ਐਸ ਐਚ ਓ ਤਾਂ ਨਹੀਂ ਮਿਲੇ ਪਰ ਸ: ਪਲਵਿੰਦਰ ਸਿੰਘ ਸੰਧੂ ਉਪ ਪੁਲਿਸ ਕਪਤਾਨ ਜਲਾਲਾਬਾਦ ਮੌਜੂਦ ਸਨ। ਉਹਨਾਂ ਨੇ ਸਾਡੀ ਟੀਮ ਨੂੰ ਦੱਸਿਆ ਕਿ ਨਾਮਜਦ ਕੀਤੇ ਮੁੱਖ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਹੋਰ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਕਾਰਵਾਈ ਜਾਰੀ ਹੈ। ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਇਸ ਸੰਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ( SIT) ਗਠਨ ਕੀਤੀ ਗਈ ਹੈ।
ਬੇਸ਼ੱਕ ਉਕਤ ਪੁਲਿਸ ਅਫਸਰ ਨਾਲ ਗੱਲਬਾਤ ਤਸੱਲੀ ਬਖਸ਼ ਰਹੀ । ਪਰੰਤੂ ਗੁਰੂਆਂ ਦੇ ਨਾਮ ਤੇ ਜਾਣੇ ਜਾਂਦੇ ਪੰਜਾਬ ਅੰਦਰ ਇਸ ਕਿਸਮ ਦੀਆਂ ਅਣਮਨੁੱਖੀ ਵਾਰਦਾਤਾਂ ਤੇ ਗਰੀਬ ਗੁਰਬਿਆਂ ਤੇ ਤਸ਼ੱਦਦ ਦੇ ਮਾਮਲਿਆਂ ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਜੋ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਇਸ ਦੀ ਘੋਰ ਨਿੰਦਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਸੰਬੰਧਤ ਹੋਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੀੜਤ ਗੁਰਨਾਮ ਸਿੰਘ ਜਿਸ ਨੂੰ ਬੇਤਹਾਸ਼ਾ ਕੁੱਟ ਮਾਰ ਕਰਕੇ ਨਕਾਰਾ ਕਰ ਦਿੱਤਾ ਗਿਆ ਹੈ ਤੇ ਅਣਮਨੁੱਖੀ ਤਸ਼ੱਦਦ ਢਾਹਕੇ ਜ਼ਲੀਲ ਕੀਤਾ ਹੈ ਉਸਨੂੰ ਸਰਕਾਰ ਘੱਟੋ ਘੱਟ 10 ਲੱਖ ਰੁਪਏ ਮੁਆਵਜ਼ਾ ਦੇਵੇ ਤੇ ਦੋਸ਼ੀਆਂ ਨਾਲ ਕੋਈ ਢਿੱਲ ਨਾ ਵਰਤੀ ਜਾਵੇ ਤਾਂ ਕਿ ਅਜਿਹੇ ਮਾਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ ।