“ਰੋਹਲੀ ਗਰਜ਼ ਕੋਨੇ ਕੋਨੇ ਚ ਫੈਲਾਅ ਦਿਓ” ਹੈਡਿੰਗ ਵਾਲਾ ਹੱਥ ਪਰਚਾ ਵੰਡਿਆ
ਹਰਿੰਦਰ ਨਿੱਕਾ ਬਰਨਾਲਾ : 7 ਅਕਤੂਬਰ 2020
ਇਨਕਲਾਬੀ ਕੇਂਦਰ ਪੰਜਾਬ ਨੇ ਵੀ ਮੋਦੀ ਹਕੂਮਤ ਵੱਲੋਂ 5 ਜੂਨ ਨੂੰ ਜ਼ਬਰੀ ਪਾਸ ਕੀਤੇ ਆਰਡੀਨੈਂਸ (ਹੁਣ ਕਾਨੂੰਨ) ਅਤੇ ਬਿਜਲੀ ਸੋਧ ਬਿੱਲ 2020 ਖਿਲਾਫ ਪੰਜਾਬ ਦੀਆਂ 31 ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਆਪਣੀ ਮੁਹਿੰਮ ਵਿੱਢੀ ਹੋਈ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸਮੁੱਚੇ ਮਾਲਵਾ, ਮਾਝਾ, ਦੁਆਬਾ ਖੇਤਰ ਚ ਤੀਹ ਹਜ਼ਾਰ ਦੀ ਗਿਣਤੀ ਚ ਲੋਕਾਂ ਦੀ “ਰੋਹਲੀ ਗਰਜ਼ ਕੋਨੇ ਕੋਨੇ ਚ ਫੈਲਾਅ ਦਿਓ” ਹੈਡਿੰਗ ਵਾਲਾ ਹੱਥ ਪਰਚਾ ਵੰਡ ਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਪੈਣ ਦਾ ਹੋਕਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਇਹ ਪਰਚੇ ਮੋਗਾ, ਬਰਨਾਲਾ, ਜਗਰਾਉਂ, ਲੁਧਿਆਣਾ, ਮਾਨਸਾ, ਫਰੀਦਕੋਟ ਆਦਿ ਜ਼ਿਲਿਆਂ ਚ ਵੰਡੇ ਜਾ ਰਹੇ ਹਨ। ਦੋਵਾਂ ਸਾਥੀਆਂ ਨੇ ਕਿਹਾ ਫ਼ਾਸ਼ੀਵਾਦੀ ਮੋਦੀ ਹਕੂਮਤ ਵੱਲੋਂ ਮੁਲਕ ਦੇ ਖੇਤੀ ਅਰਥਚਾਰੇ ਨੂੰ ਬਰਬਾਦ ਕਰਨ ਲਈ ਤਿੰਨ ਕਾਨੂੰਨਾਂ ਖਿਲਾਫ ਪ੍ਰਚੰਡ ਹੋਈ ਲੋਕ ਰੋਹ ਦੀ ਆਵਾਜ਼ ਨੂੰ ਇਨਕਲਾਬੀ ਸਹਾਰਾ ਦੇਣ ਦੀ ਲੋੜ ਹੈ । ਉਨ੍ਹਾਂ ਦੱਸਿਆ ਕਰੋਨਾ ਦੀ ਆੜ ਹੇਠ ਇਕੱਠੇ ਹੋਣ ਤੇ ਲਾਈਆਂ ਪਾਬੰਦੀਆਂ ਨੂੰ ਮਿੱਟੀ ਚ ਮਿਲਾਕੇ ਪਈ ਸੰਘਰਸ਼ੀ ਧਮਕ ਨੇ ਪੰਜਾਬ ਹੀ ਨਹੀਂ ਸਗੋਂ ਸਰਹੱਦ ਟੱਪ ਕੇ ਕੇਂਦਰੀ ਸਰਕਾਰ ਦੀਆਂ ਵੀ ਚੂਲਾਂ ਹਿਲਾ ਦਿੱਤੀਆਂ ।
ਉਨ੍ਹਾਂ ਕਿਹਾ ਕਿ ਤਿੰਨ ਬਿਲਾਂ ਰਾਂਹੀ 1947 ਤੋਂ ਬਾਅਦ ਪਹਿਲੀ ਵਾਰ ਖੇਤੀ ਤੇ ਸੱਭ ਤੋਂ ਵੱਡਾ ਕਿਸਾਨ ਦੋਖੀ ਹਮਲਾ ਹੋਇਆ।ਉਨ੍ਹਾਂ ਦੱਸਿਆ ਕਿ ਮੁਲਕ ਦੇ ਬਿਜਲੀ ਬੋਰਡ, ਏਅਰਪੋਰਟ ,ਤੇਲ ਕੰਪਨੀਆਂ, ਕੋਇਲਾ ਖਾਣਾਂ, ਏਅਰਲਾਈਨਜ਼ ,ਬੰਦਰਗਾਹਾਂ, ਰੇਲਵੇ ਸੜਕਾਂ ,ਟੈਲੀਫੋਨ ਮਹਿਕਮਾ, ਬੀਮਾ ਕੰਪਨੀਆਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਕੇ ਵੱਡੀਆਂ ਕੰਪਨੀਆਂ ਦੇ ਮਾਲ ਪਲਾਜੇ, ਪ੍ਰੋਜੈਕਟ ਕਾਰਖਾਨੇ ,ਦਫ਼ਤਰ ਦੇਸ਼ ਭਰ ਚ ਖੋਲ੍ਹਣ ਉਪਰੰਤ ਹੁਣ ਸਾਡੀ ਜੀਵਨ ਰੇਖਾ ਖੇਤੀ ਦੀ ਵਾਰੀ ਹੈ।
ਆਗੂਆਂ ਕਿਹਾ ਕਿ ਇੰਨਾ ਕਾਲੇ ਕਾਨੂੰਨਾ ਦੇ ਪਾਸ ਹੋਣ ਦੀਆਂ ਜੜ੍ਹਾਂ ਨਰਸਿੰਮਾ ਰਾਓ -ਮਨਮੋਹਣ ਸਿੰਘ ਜੋੜੀ ਵਿਸ਼ਵ ਵਪਾਰ ਸੰਸਥਾ( ਗੈੱਟ ਸਮਝੌਤਾ) ਵਿੱਚ ਸਮੋਈਆਂ ਹੋਈਆਂ ਹਨ ਜੋ ਸਾਮਰਾਜੀ ਮੁਲਕਾਂ ਨੇ ਗਰੀਬ ਮੁਲਕਾਂ ਦੀ ਹਕੂਮਤ ਦੀ ਬਾਂਹ ਮਰੋੜ ਕੇ ਲਾਗੂ ਕਰਵਾਈਆਂ। ਆਗੂਆਂ ਕਿਹਾ ਕਿ ਖੇਤੀ ਖੇਤਰ ਦਾ ਉਜਾੜਾ ਸਿਰਫ਼ ਕਿਸਾਨੀ ਦਾ ਹੀ ਉਜਾੜਾ ਨਹੀਂ ਸਗੋਂ ਆੜ੍ਹਤੀਏ, ਹਰ ਤਰ੍ਹਾਂ ਦੇ ਦੁਕਾਨਦਾਰ ਅਤੇ ਕਿਰਤੀ ਕਾਮੇ ਪ੍ਰਭਾਵਿਤ ਹੋਣਗੇ।ਆਗੂਆਂ ਨੇ ਸੱਦਾ ਦਿੱਤਾ ਕਿ ਸਮੇਂ ਦੀ ਮੰਗ ਨੂੰ ਦੇਖਦਿਆਂ ਧਨਾਢ ਘਰਾਣਿਆਂ ਦੀ ਗੁਲਾਮ ਬਣਾਉਣ ਤੁਰੀ ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਜਿੱਤ ਹਾਸਲ ਕਰੀਏ। ਉਨ੍ਹਾਂ ਯਾਦ ਦਿਵਾਇਆ ਕਿ ਇਸ ਵਕਤ ਲਈ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ “ਮਨੁੱਖ ਹੱਥੋਂ ਮਨੁੱਖ ਦੀ ਲੁੱਟ” ਖਤਮ ਕਰਨ ਦੇ ਅਧੂਰੇ ਕਾਰਜ ਨੂੰ ਅੱਗੇ ਤੋਰਨ ਦਾ ਪ੍ਰਣ ਕਰਨ ਦੀ ਲੋੜ ਹੈ ਤਾਂ ਹੀ ਨਵੇਂ ਜਮਹੂਰੀ ਇਨਕਲਾਬ ਰਾਹੀਂ ਨਵੇਂ ਭਾਰਤ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੁਹਿੰਮ ਰਾਹੀਂ ਅੱਜ ਡਾ਼ ਰਾਜਿੰਦਰ ਪਾਲ ਦੀ ਅਗਵਾਈ ਚ ਪਿੰਡ ਕੁਰੜ, ਛਾਪਾ, ਹਰਦਾਸਪੁਰਾ, ਮਹਿਲਕਲਾਂ ਵਿਖੇ ਹੱਥ ਪਰਚੇ ਵੰਡੇ ਗਏ । ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ । ਸੁਖਵਿੰਦਰ ਸਿੰਘ, ਖੁਸ਼ਮਿੰਦਰ ਪਾਲ, ਜਸਪਾਲ ਸਿੰਘ , ਅਮਰਜੀਤ ਕੌਰ ਅਤੇ ਪਰੇਮਪਾਲ ਕੌਰ ਟੀਮ ਵਿੱਚ ਸ਼ਾਮਿਲ ਰਹੇ।