ਹੌਡਾ ਸਿਟੀ ਕਾਰ ਦੀ ਮਾਲਿਕ ਨੂੰ ਅਲਾਟ ਕੀਤਾ ਟੈਂਪੂ ਦਾ ਵੀ.ਆਈ.ਪੀ. ਨੰਬਰ
ਪਹਿਲਾਂ ਅਲਾਟ ਕੀਤਾ ਨੰਬਰ, ਫਿਰ ਟੈਂਪੂ ਦੇ ਨਵੇਂ ਬਣਾਏ ਮਾਲਿਕ ਤੋਂ ਹਲਫੀਆਂ ਬਿਆਨ ਤੇ ਕਾਰਵਾਉਣ ਆਏ ਦਸਤਖਤ
ਹਰਿੰਦਰ ਨਿੱਕਾ ਬਰਨਾਲਾ 5 ਅਕਤੂਬਰ 2020
ਲੀਰਾਂ ਦੀ ਖੁੱਦੋ ‘’ਯਾਨੀ ਗੇਂਦ’’ ਦੀ ਤਰਾਂ, ਆਰ.ਟੀ.ਏ. ਦਫਤਰ ਦੀਆਂ ਫਾਈਲਾਂ ਫਰੋਲਣ ਤੇ ਲੀਰਾਂ ਹੀ ਲੀਰਾਂ ਹੋਰ ਨਿੱਕਲੀ ਜਾ ਰਹੀਆਂ ਹਨ। ਦਫਤਰ ਦੇ ਅਧਿਕਾਰੀ ਅਤੇ ਕਰਮਚਾਰੀ ਕਿਸ ਤਰਾਂ ਕਾਨੂੰਨ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਦਾ ਖੁਲਾਸਾ ਪਿਛਲੇ ਦਿਨੀਂ ਇੱਕ ਟੈਂਪੂ , ਕਾਲੇ ਭੂੰਡ ਦਾ ਵੀ.ਆਈ.ਪੀ. ਨੰਬਰ ਟੈਂਪੂ ਮਾਲਿਕ ਦੀ ਕਿਸੇ ਤਰਾਂ ਦੀ ਲਿਖਤੀ ਸਹਿਮਤੀ ਅਤੇ ਵਗੈਰ ਕਿਸੇ ਦਸਤਾਵੇਜਾਂ ਤੋਂ ਹੀ ਇੱਕ ਹੌਂਡਾ ਸਿਟੀ ਕਾਰ ਦੀ ਮਾਲਿਕ ਨੂੰ ਅਲਾਟ ਕਰ ਦੇਣ ਦੇ ਘਟਨਾਕ੍ਰਮ ਤੋਂ ਹੋਇਆ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਜਿਸ ਕਾਰ ਮਾਲਿਕ ਨੂੰ ਟੈਂਪੂ ਦਾ ਵੀ.ਆਈ.ਪੀ. ਨੰਬਰ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਚੁੱਪ ਚੁਪੀਤੇ ਅਲਾਟ ਕਰ ਦਿੱਤਾ ਗਿਆ ਹੈ, ਉਹ ਵੱਡੇ ਸਾਬ੍ਹ ਦੀ ਕਰੀਬੀ ਰਿਸ਼ਤੇਦਾਰ ਹੈ। ਟੈਂਪੂ ਮਾਲਿਕ ਨੂੰ ਇਸ ਸਾਰੀ ਘਪਲੇਬਾਜ਼ੀ ਦਾ ਪਤਾ ਉਦੋਂ ਲੱਗਿਆ, ਜਦੋਂ ਟਰਾਂਸਪੋਰਟ ਦਫਤਰ ਸੰਗਰੂਰ ਦਾ ਕਰਮਚਾਰੀ ਟੈਂਪੂ ਦਾ ਵੀ.ਆਈ.ਪੀ. ਨੰਬਰ ਹੌਂਡਾ ਸਿਟੀ ਕਾਰ ਦੀ ਮਾਲਿਕ ਨੂੰ ਅਲਾਟ ਕਰਨ ਸਬੰਧੀ ਤਿਆਰ ਇੱਕ ਟਾਈਪਸ਼ੁਦਾ ਹਲਫੀਆ ਬਿਆਨ ਦਸਤਖਤ ਕਰਵਾਉਣ ਲਈ ਲੈ ਕੇ ਗੁਰਮੇਲ ਸਿੰਘ ਪੁੱਤਰ ਚੂਹੜ ਸਿੰਘ ਦੇ ਘਰ ਪਹੁੰਚ ਗਿਆ।
ਹਲਫੀਆ ਬਿਆਨ ਤੇ ਲਿਖਿਆ ਹੈ ਕਿ ,,,
ਬੇਸ਼ੱਕ ਟੈਂਪੂ ਨੰਬਰ ਪੀ.ਏ.ਬੀ. 2000 ਦਾ ਅਸਲੀ ਮਾਲਿਕ ਨਿੱਕਾ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬੀਕਾ ਸੂਚ ਪੱਤੀ ਹੰਡਿਆਇਆ ਹੈ। ਪਰੰਤੂ ਆਰ.ਟੀ.ਏ. ਦਫਤਰ ਦਾ ਕਰਮਚਾਰੀ ਜਿਹੜੇ ਹਲਫੀਆ ਬਿਆਨ ਤੇ ਦਸਤਖਤ ਕਰਵਾਉਣ ਲਈ ਪਹੁੰਚਿਆ,ਉਹ ਨਵੀਂ ਆਰ.ਸੀ. ਦੇ ਮਾਲਿਕ ਗੁਰਮੇਲ ਸਿੰਘ ਪੁੱਤਰ ਚੂਹੜ ਸਿੰਘ ਨਿਵਾਸੀ ਬੀਕਾ ਸੂਚ ਪੱਤੀ ਹੰਡਿਆਇਆ ਦੀ ਤਰਫੋਂ ਲਿਖਿਆ ਹੋਇਆ ਹੈ। ਜਿਸਦੀ ਇਬਾਰਤ ਇਸ ਪ੍ਰਕਾਰ ਹੈ ,,
ਇਹ ਕਿ ਮੇਰੇ ਨਾਮ ਇੱਕ ਬਜਾਜ ਟੈਂਪੂ ,ਜਿਸ ਦਾ ਰਜਿਸਟ੍ਰੇਸ਼ਨ ਨੰਬਰ-ਪੀ.ਏ.ਬੀ. 2000 , ਚਾਸੀ ਨੰਬਰ 48916 ,ਇੰਜਣ ਨੰਬਰ 20141 ,ਮਾਡਲ 5/1984 ਹੈ।
ਇਹ ਕਿ ਮੈਂਨੇ ਉਕਤ ਟੈਂਪੂ ਦਾ ਨੰਬਰ ਪੀ.ਏ.ਬੀ. 2000 ਪਵਨਦੀਪ ਕੌਰ ਪਤਨੀ ਸ੍ਰੀ ਕੁਲਵੀਰ ਸਿੰਘ ਨਿਵਾਸੀ ਪਿੰਡ ਮੌੜਾਂ,ਤਹਿਸੀਲ ਸੁਨਾਮ ਵਾ ਜਿਲ੍ਹਾ ਸੰਗਰੂਰ ਨੂੰ ਦੇ ਦਿੱਤਾ ਹੈ। ਇਹ ਕਿ ਇਹ ਨੰਬਰ ਪਵਨਦੀਪ ਕੌਰ ਕਿਸੇ ਵੀ ਚੀਜ਼ ਤੇ ਲਗਵਾਉਣ , ਮੈਂਨੂੰ ਕੋਈ ਇਤਰਾਜ ਨਹੀਂ ਹੋਵੇਗਾ।
ਇਹ ਕਿ ਜੇਕਰ ਕੱਲ੍ਹ ਨੂੰ ਇਸ ਨੰਬਰ ਦੇ ਸਬੰਧ ਵਿੱਚ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਇਸ ਦਾ ਜਿੰਮੇਵਾਰ ਮੈਂ ਖੁਦ ਹੋਵੇਗਾ।
ਇਹ ਕਿ ਪਵਨਦੀਪ ਕੌਰ ਮੈਂਨੂੰ ਟੈਂਪੂ ਪਰ ਕੋਈ ਵੀ ਨੰਬਰ ਲਗਵਾ ਕੇ ਦੇਵੇ, ਮੈਂਨੂੰ ਕੋਈ ਵੀ ਇਤਰਾਜ ਨਹੀਂ ਹੋਵੇਗਾ।
ਗੁਰਮੇਲ ਸਿੰਘ ਕਦੇ ਵੀ ਨਹੀਂ ਰਿਹਾ ਟੈਂਪੂ ਨੰਬਰ-ਪੀ.ਏ.ਬੀ. 2000 ਦਾ ਮਾਲਿਕ
ਕੁਰਸੀ ਦੇ ਨਸ਼ੇ ‘ਚ ਮਦਹੋਸ਼ ਆਰ.ਟੀ.ਏ. ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਟੈਂਪੂ ਨੰਬਰ ਪੀ.ਏ.ਬੀ. 2000 ਦੀ ਮਾਲਕੀਅਤ ਬਦਲਣ ਅਤੇ ਪੁਰਾਣਾ ਟੈਂਪੂ ਨੰਬਰ ਪਵਨਦੀਪ ਕੌਰ ਦੀ ਹੌਂਡਾ ਸਿਟੀ ਕਾਰ ਨਾਲ ਬਦਲਣ ਲਈ ਹਲਫੀਆਂ ਤਿਆਰ ਕਰਦੇ ਸਮੇਂ ਇਹ ਵੀ ਪੜਤਾਲ ਕਰਨਾ ਜਰੂਰੀ ਨਹੀਂ ਸਮਝਿਆ ਕਿ ਜਿਸ ਗੁਰਮੇਲ ਸਿੰਘ ਦੇ ਨਾਮ ਤੇ ਟੈਂਪੂ ਮਾਲਿਕ ਨਿੱਕਾ ਸਿੰਘ ਦੀ ਰਜਿਸਟ੍ਰੇਸ਼ਨ ਕਾਪੀ ਤਬਦੀਲ ਕੀਤੀ ਗਈ ਹੈ ,ਉਹ ਕਦੇ ਵੀ ਉਕਤ ਟੈਂਪੂ ਦਾ ਮਾਲਿਕ ਨਹੀਂ ਰਿਹਾ। ਜਦੋਂ ਉਹ ਮਾਲਿਕ ਹੀ ਨਹੀਂ ਸੀ, ਤਾਂ ਉਸ ਵੱਲੋਂ ਟੈਂਪੂ ਦਾ ਨੰਬਰ ਪਵਨਦੀਪ ਕੌਰ ਨੂੰ ਦੇਣ ਦਾ ਕੋਈ ਕਾਨੂੰਨੀ ਅਧਿਕਾਰ ਹੀ ਨਹੀਂ ਹੈ। ਟੈਂਪੂ ਨੰਬਰ ਪੀ.ਏ.ਬੀ. 2000 ਨਾਲ ਗੁਰਮੇਲ ਸਿੰਘ ਦਾ ਨਾਤਾ ਸਿਰਫ ਇੱਨ੍ਹਾ ਹੀ ਹੈ ਕਿ ਜਿਸ ਦਿਨ ਉਕਤ ਟੈਂਪੂ ਦਾ ਚਲਾਨ ਕੱਟਿਆ ਗਿਆ, ਉਸ ਸਮੇਂ ਉਹ ਟੈਂਪੂ ਚਲਾ ਰਿਹਾ ਸੀ।
ਵਰਨਣਯੋਗ ਹੈ ਕਿ ਟੈਂਪੂ ਨੰਬਰ ਪੀ.ਏ.ਬੀ. 2000 ਦਾ ਰਜਿਸਟ੍ਰੇਸ਼ਨ ਨੰਬਰ ਟੈਂਪੂ ਮਾਲਿਕ ਨਿੱਕਾ ਸਿੰਘ ਦੀ ਸਹਿਮਤੀ ਅਤੇ ਕਿਸੇ ਦਸਤਾਵੇਜ ਦੇ ਹੀ ਪੀ.ਬੀ. 13 ਬੀ.ਕੇ. 3971 ਕਰਕੇ ਗੁਰਮੇਲ ਸਿੰਘ ਦੇ ਨਾਮ ਕਰਕੇ ਇਸ ਦੀ ਕਾਪੀ ਗੁਰਮੇਲ ਸਿੰਘ ਕੋਲ ਭੇਜ ਦਿੱਤੀ ਹੈ। ਜਦੋਂ ਕਿ ਟੈਂਪੂ ਦੇ ਅਸਲੀ ਮਾਲਿਕ ਨਿੱਕਾ ਸਿੰਘ ਦੇ ਨਾਮ ਵਾਲੀ ਆਰ.ਸੀ. ਆਰ.ਟੀ.ਏ. ਦਫਤਰ ਵਿਖੇ ਚਲਾਨ ਕੱਟਣ ਦੇ ਦਿਨ ਤੋਂ ਹੀ ਜਮ੍ਹਾਂ ਕੀਤੀ ਹੋਈ ਹੈ। ਟੈਂਪੂ ਮਾਲਿਕ ਨਿੱਕਾ ਸਿੰਘ ਨੇ ਕਿਹਾ ਕਿ ਮੈਂ ਹੌਂਡਾ ਸਿਟੀ ਕਾਰ ਦੀ ਮਾਲਿਕ ਪਵਨਦੀਪ ਕੌਰ ਨੂੰ ਨਹੀਂ ਜਾਣਦਾ,ਨਾ ਹੀ ਉਸ ਨੂੰ ਮੈਂ ਆਪਣੇ ਟੈਂਪੂ ਦਾ ਨੰਬਰ ਵੇਚਿਆ, ਜਾਂ ਦਿੱਤਾ ਹੈ। ਉਨਾਂ ਕਿਹਾ ਕਿ ਆਰ.ਟੀ.ਏ. ਦਫਤਰ ਸੰਗਰੂਰ ਦੀ ਇਸ ਘਪਲੇਬਾਜੀ ਸਬੰਧੀ ਉੱਚ ਪੱਧਰੀ ਜਾਂਚ ਕਰਕੇ ਉਸ ਨਾਲ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।