ਨਗਰ ਕੌਂਸਲ ਦੁਆਰਾ ਕਰੋੜਾਂ ਰੁਪਏ ਖਰਚ ਕੇ 6 ਮਹੀਨੇ ਪਹਿਲਾਂ ਬਣਾਈ ਸੜ੍ਹਕ ਨੂੰ ਪੁੱਟਣ ਲਈ ਚੱਲ ਰਹੀ ਜੇ.ਸੀ.ਬੀ.
ਨਗਰ ਕੌਂਸਲ ਤੇ ਸੀਵਰੇਜ ਬੋਰਡ ਅਧਿਕਾਰੀਆਂ ‘ਚ ਤਾਲਮੇਲ ਦੀ ਘਾਟ ਨਾਲ ਮਲਬੇ ਦਾ ਢੇਰ ਹੋਏ ਕਰੋੜਾਂ ਰੁਪਏ
ਹਰਿੰਦਰ ਨਿੱਕਾ ਬਰਨਾਲਾ 16 ਸਤੰਬਰ 2020
ਨਾ ਕੋਈ ਰਾਜਾ ਨਾ ਕੋਈ ਬਾਬੂ , ਸਦੀਆਂ ਪੁਰਾਣੀ ਇਹ ਕਹਾਵਤ ਦੀ ਸਮਝ ਬੀਤੇ ਕੱਲ੍ਹ ਉਦੋਂ ਪਈ, ਜਦੋਂ ਹਾਲੇ ਕਰੀਬ 6 ਮਹੀਨੇ ਪਹਿਲਾਂ ਤਰਕਸ਼ੀਲ ਚੌਂਕ ਤੋਂ ਬੱਸ ਅੱਡੇ ਤੱਕ ਨਗਰ ਕੌਂਸਲ ਦੁਆਰਾ ਕਰੋੜਾਂ ਰੁਪਏ ਖਰਚ ਕੇ ਬਣਾਈ ਨਵੀਂ ਸੜ੍ਹਕ ਨੂੰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਜੇ.ਸੀ.ਬੀ. ਨਾਲ ਪੁੱਟਣਾ ਸ਼ੁਰੂ ਕਰ ਦਿੱਤਾ। ਮਹਿਜ ਇਸ ਘਟਨਾਕ੍ਰਮ ਨੂੰ ਸਿਰਫ ਦੋ ਮਹਿਕਮਿਆਂ ਦੇ ਅਧਿਕਾਰੀਆਂ ‘ਚ ਤਾਲਮੇਲ ਦੀ ਘਾਟ ਕਹਿ ਕੇ ਅੱਖਾਂ ਬੰਦ ਕਰਕੇ ਨਹੀਂ ਦੇਖਿਆ ਜਾ ਸਕਦਾ। ਸਗੋਂ ਇਹ ਤਾਂ ਘੋਰ ਲਾਪਰਵਾਹੀ ਦਾ ਮਾਮਲਾ ਹੈ। ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਟੈਕਸਾਂ ਤੋਂ ਇਕੱਠੇ ਹੋਏ ਕਰੋੜਾਂ ਰੁਪਏ 6 ਮਹੀਨਿਆਂ ਅੰਦਰ ਹੀ ਮਿੱਟੀ ਦੇ ਢੇਰ ਵਿੱਚ ਬਦਲ ਗਏ ਹਨ । ਹੁਣ ਮੁੱਦਾ ਲੋਕਾਂ ਦੀ ਕਚਿਹਰੀ ਵਿੱਚ ਉੱਠ ਜਾਣ ਤੋਂ ਬਾਅਦ ਹਾਲਤ ਇਹ ਹੈ ਕਿ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਕਰੋੜਾਂ ਰੁਪਏ ਮਿੱਟੀ ਕਰਨ ਲਈ, ਇੱਕ ਦੂਜੇ ਸਿਰ ਦੋਸ਼ ਮੜ੍ਹ ਕੇ ਖੁਦ ਨੂੰ ਬੇਕਸੂਰ ਸਾਬਿਤ ਕਰਨ ਤੇ ਲੱਗੇ ਹੋਏ ਹਨ।
ਪੀ.ਆਈ.ਐਲ. ਦੀ ਤਿਆਰੀ ਸ਼ੁਰੂ –ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਕੋ-ਆਪਟਿਡ ਮੈਂਬਰ ਐਡਵੋਕੇਟ ਕੁਲਵਿਜੇ ਸਿੰਘ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਅਰਸ਼ੀ ਨੇ ਕਿਹਾ ਕਿ ਉਹ ਕਰੋੜਾਂ ਰੁਪਏ ਮਿੱਟੀ ਚ, ਮਿਲਾਉਣ ਲਈ ਜਿੰਮੇਵਾਰ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਦਸਤਾਵੇਜ ਇਕੱਠੇ ਕਰ ਰਹੇ ਹਨ। ਉਨਾਂ ਕਿਹਾ ਕਿ ਜਲਦ ਹੀ ਉਹ ਇਸ ਸਬੰਧੀ ਹਾਈਕੋਰਟ ਵਿੱਚ ਪੀ.ਆਈ.ਐਲ. ਦਾਇਰ ਕਰਨਗੇ।
1 ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੀ ਸੜ੍ਹਕ
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 6 ਕੁ ਮਹੀਨੇ ਪਹਿਲਾਂ ਤਰਕਸ਼ੀਲ ਚੌਂਕ ਤੋਂ ਸ਼ੁਰੂ ਹੋ ਕੇ ਬੱਸ ਅੱਡਾ ਬਰਨਾਲਾ ਤੱਕ ਪ੍ਰੀਮਿਕਸ ਪਾ ਕੇ ਬਣਾਈ ਇਹ ਸੜ੍ਹਕ ਤੇ 1 ਕਰੋੜ 78 ਲੱਖ ਰੁਪਏ ਦੀ ਲਾਗਤ ਆਈ ਦੱਸੀ ਜਾ ਰਹੀ ਹੈ। ਪਤਾ ਇਹ ਵੀ ਲੱਗਿਆ ਹੈ ਕਿ ਹਾਲੇ ਅਗਸਤ ਮਹੀਨੇ ਦੇ ਅੰਤਲੇ ਦਿਨਾਂ ਵਿੱਚ ਹੀ 10 ਪ੍ਰਤੀਸ਼ਤ ਅਮਾਨਤੀ ਰਕਮ ਨੂੰ ਛੱਡ ਕੇ ਠੇਕੇਦਾਰ ਨੂੰ ਪੇਮੈਂਟ ਕੀਤੀ ਗਈ ਹੈ। ਯਾਨੀ ਇਹ ਸਮਝੋ ਕਿ ਕਰੋੜਾਂ ਰੁਪਏ ਦੇ ਜਾਰੀ ਪੇਮੈਂਟ ਦੇ ਚੈਕਾਂ ਅਤੇ ਕੌਂਸਲ ਦੀ ਵਰਕਸ ਸ਼ਾਖਾ ਦੇ ਰਿਕਾਰਡ ਦੀ ਸਿਆਹੀ ਵੀ ਹਾਲੇ ਪੂਰੀ ਤਰਾਂ ਸੁੱਕੀ ਨਹੀਂ ਹੋਵੇਗੀ ਕਿ ਤਾਜ਼ੀ ਸੜ੍ਹਕ ਨੂੰ ਪੁੱਟ ਕੇ ਸੀਵਰੇਜ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ। ਬੇਕਰਿਕ ਢੰਗ ਨਾਲ ਜੇ.ਸੀ.ਬੀ. ਦਾ ਪੀਲਾ ਪੰਜਾਂ ਕਰੋੜਾਂ ਰੁਪਏ ਖਰਚ ਕੇ ਬਣਾਈ ਸੜ੍ਹਕ ਨੂੰ ਮਲਬੇ ਦੇ ਢੇਰ ‘ਚ ਬਦਲਣ ਲਈ ਕਾਹਲਾ ਹੋਇਆ ਪਿਆ ਹੈ।
ਫਿਰ ਵੱਧ ਸਕਦੀਆਂ ਨੇ ਲੋਕਾਂ ਦੀਆਂ ਮੁਸੀਬਤਾਂ
ਵਰਣਨਯੋਗ ਹੈ ਕਿ ਨਵੀਂ ਸੜ੍ਹਕ ਦੇ ਨਿਰਮਾਣ ਤੋਂ 18 ਮਹੀਨਿਆਂ ਤੱਕ ਸੜ੍ਹਕ ਪੁੱਟਣ ਦੀ ਮੰਜੂਰੀ ਹੀ ਨਹੀਂ ਦਿੱਤੀ ਜਾ ਸਕਦੀ। ਇੱਥੇ ਹੀ ਬੱਸ ਨਹੀਂ ਨਿਰਮਾਣ ਨਿਯਮਾਂ ਅਨੁਸਾਰ 3 ਸਾਲ ਤੋਂ ਪਹਿਲਾਂ ਨਵੀਂ ਬਣੀ ਸੜ੍ਹਕ ਦਾ ਫਿਰ ਕੰਮ ਵੀ ਨਹੀਂ ਕਰਵਾਇਆ ਜਾ ਸਕਦਾ। ਇਸ ਤੋਂ ਸਾਫ ਹੋ ਗਿਆ ਹੈ ਕਿ ਇਲਾਕੇ ਦੇ ਲੋਕਾਂ ਨੂੰ ਸੀਵਰੇਜ ਪਾਉਣ ਲਈ ਪੁੱਟੀ ਸੜ੍ਹਕ ਦੀਆਂ ਮੁਸ਼ਕਿਲਾਂ ਦਾ 3 ਸਾਲ ਤੱਕ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਨਗਰ ਕੌਂਸਲ ਵੱਲੋਂ ਇੱਕੋ ਹੀ ਸੜ੍ਹਕ ਦੇ ਦੂਜੀ ਵਾਰ ਫਿਰ ਕਰੋੜਾਂ ਰੁਪਏ ਖਰਚ ਕਰਨੇ ਪੈਣਗੇ।
ਨਗਰ ਕੌਂਸਲ ਦਾ ਈ.ਉ. ਬੋਲਿਆ, ਅੱਜ ਭੇਜ ਰਹੇ ਹਾਂ ਸੀਵਰੇਜ ਬੋਰਡ ਨੂੰ ਨੋਟਿਸ
ਨਗਰ ਕੌਂਸਲ ਈ.ਉ.ਮਨਪ੍ਰੀਤ ਸਿੰਘ ਸਿੱਧੂ ਨੇ ਪੁੱਛਣ ਤੇ ਕਿਹਾ ਕਿ ਬਰਨਾਲਾ ਟੂਡੇ ਨੇ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਂਦਾ ਹੈ। ਅੱਜ ਦਫਤਰ ਪਹੁੰਚਦਿਆਂ ਹੀ ਉਹ ਨਗਰ ਕੌਂਸਲ ਦੀ ਮੰਜੂਰੀ ਤੋਂ ਬਿਨਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਸੜ੍ਹਕ ਨੂੰ ਪੁੱਟਣ ਲਈ ਕਾਨੂੰਨੀ ਕਾਰਵਾਈ ਦਾ ਮੁੱਢ ਬੰਨ੍ਹ ਕੇ ਨੋਟਿਸ ਜਾਰੀ ਕਰਨਗੇ। ਉਨਾਂ ਮੰਨਿਆ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਸੜ੍ਹਕ ਬਣਾਉਣ ਵਾਲੇ ਠੇਕੇਦਾਰ ਨੂੰ ਪੇਮੈਂਟ ਕੀਤੀ ਗਈ ਹੈ।
ਜੇ.ਈ. ਨਿਖਲ ਨੂੰ ਸੜ੍ਹਕ ਨਿਰਮਾਣ ਤੋਂ ਪਹਿਲਾਂ ਸੀਵਰੇਜ ਪਾਉਣ ਬਾਰੇ ਦੱਸਿਆ-ਐਸ.ਡੀ.ਉ.
ਸੀਵਰੇਜ ਬੋਰਡ ਦੇ ਐਸ.ਡੀ.ਉ. ਰਜਿੰਦਰ ਕੁਮਾਰ ਗਰਗ ਨੇ ਕਿਹਾ ਕਿ ਸੜ੍ਹਕ ਨਿਰਮਾਣ ਤੋਂ ਪਹਿਲਾਂ ਸੀਵਰੇਜ ਬੋਰਡ ਦੇ ਜੇ.ਈ. ਤਰੁਣ ਕੁਮਾਰ ਨੇ ਕੌਂਸਲ ਦੇ ਤਤਕਾਲੀ ਜੇ.ਈ. ਨਿਖਿਲ ਕੌਸ਼ਲ ਨੂੰ ਇਸ ਖੇਤਰ ਵਿੱਚ ਸੀਵਰੇਜ ਪਾਉਣ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਰੰਤੂ ਉਨਾਂ ਸੀਵਰੇਜ ਦੀ ਪ੍ਰਸਤਾਵਿਤ ਤੇ ਪ੍ਰਵਾਨ ਹੋ ਚੁੱਕੀ ਯੋਜਨਾ ਦੇ ਤਹਿਤ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸੜ੍ਹਕ ਨਿਰਮਾਣ ਕਰਵਾ ਦਿੱਤਾ। ਉਨਾਂ ਕੌਂਸਲ ਦੇ ਈ.ਉ. ਵੱਲੋਂ ਨੋਟਿਸ ਭੇਜਣ ਸਬੰਧੀ ਪੁੱਛਣ ਤੇ ਕਿਹਾ ਕਿ ਕੋਈ ਗੱਲ ਨਹੀਂ ਆ ਲੈਣ ਦਿਉ ਨੋਟਿਸ, ਫਿਰ ਦਿਆਂਗੇ ਜੁਆਬ।
ਜੇ.ਈ. ਨਿਖਿਲ ਭੜ੍ਹਕਿਆ , ਕਹਿੰਦਾ ਝੂਠ ਬੋਲ ਰਿਹਾ ਐਸ.ਡੀ.ਉ ਗਰਗ
ਨਗਰ ਕੌਂਸਲ ਦੇ ਤਤਕਾਲੀ ਜੇ.ਈ. ਨਿਖਿਲ ਕੌਸ਼ਲ ਨੇ ਐਸ.ਡੀ.ਉ. ਰਜਿੰਦਰ ਗਰਗ ਨੂੰ ਕਰਾਰਾ ਜੁਆਬ ਦਿੰਦਿਆਂ ਕਿਹਾ ਕਿ ਐਸ.ਡੀ.ਉ. ਝੂਠ ਬੋਲ ਰਿਹਾ ਹੈ। ਮੈਂਨੂੰ ਸੀਵਰੇਜ ਬੋਰਡ ਦੇ ਜੇ.ਈ. ਤਰੁਣ ਕੁਮਾਰ ਨੇ ਕਦੇ ਵੀ ਸੜ੍ਹਕ ਨਿਰਮਾਣ ਦੇ ਖੇਤਰ ‘ਚ ਸੀਵਰੇਜ ਦੀ ਕੋਈ ਯੋਜਨਾ ਬਾਰੇ ਨਹੀਂ ਦੱਸਿਆ। ਉਨਾਂ ਚੈਲੰਜ ਕੀਤਾ ਕਿ ਜੇਕਰ ਨਗਰ ਕੌਂਸਲ ਨੂੰ ਅਜਿਹੀ ਸੂਚਨਾ ਸਬੰਧੀ ਕੋਈ ਪੱਤਰ ਸੀਵਰੇਜ ਬੋਰਡ ਵੱਲੋਂ ਭੇਜਿਆ ਗਿਆ, ਉਹ ਜਨਤਕ ਕਰ ਦੇਣ, ਸਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ।