- ਦੋਸ਼ੀ ਨੂੰ ਪੁਲਿਸ ਦੀ ਰਿਆਇਤ ਮੰਜੂਰ ਹੋਣਾ, ਬਣਿਆ ਗਿਰਫਤਾਰੀ ‘ਚ ਵੱਡਾ ਅੜਿੱਕਾ !
ਤਫਤੀਸ਼ ਅਧਿਕਾਰੀ ਨੇ ਕਿਹਾ, ਦੋਸ਼ੀ ਦੀ ਤਲਾਸ਼ ਜਾਰੀ,ਜਲਦ ਹੋਵੇਗੀ ਗਿਰਫਤਾਰੀ
ਹਰਿੰਦਰ ਨਿੱਕਾ ਬਰਨਾਲਾ 3 ਸਤੰਬਰ 2020
ਕਰੀਬ ਡੇਢ ਮਹੀਨਾ ਪਹਿਲਾਂ ਇੱਕ ਨਿੱਜੀ ਫਾਇਨਾਸ ਬੈਂਕ ਦੀ ਕਰਮਚਾਰੀ ਦੇ ਘਰ ਆਪਣੇ ਸਾਥੀ ਸਣੇ ਅੱਧੀ ਰਾਤੀਂ ਦਾਖਿਲ ਹੋ ਕੇ ਗੈਂਗਰੈਪ ਕਰਨ ਦੇ ਮੁੱਖ ਦੋਸ਼ੀ ਸਤਨਾਮ ਸਿੰਘ ਸੱਤੀ ਨੇ ਪਹਿਲਾਂ ਪੀੜਤਾ ਤੇ ਦਬਾਅ ਪਾ ਕੇ ਕੇਸ ਤੋਂ ਬਚਣ ਲਈ ਜਹਿਰ ਪੀ ਲਿਆ । ਪਰੰਤੂ ਜਦੋਂ 29 ਅਗਸਤ ਦੀ ਦੇਰ ਸ਼ਾਮ ਕੇਸ ਦਰਜ਼ ਹੋ ਗਿਆ ਤਾਂ ਉਹ ਸਿਵਲ ਹਸਪਤਾਲ ‘ਚੋਂ ਰੈਫਰ ਹੋ ਕੇ ਕਿੱਧਰੇ ਫੁਰਰ ਹੋ ਗਿਆ। ਹੁਣ ਉਹ ਕਿਹੜੇ ਹਸਪਤਾਲ ‘ਚ ਦਾਖਿਲ ਹੈ , ਇਸ ਦੀ ਜਾਣਕਾਰੀ ਸਿਵਲ ਹਸਪਤਾਲ ਦੇ ਸਟਾਫ ਅਤੇ ਪੁਲਿਸ ਨੂੰ ਵੀ ਨਹੀਂ ਹੈ। ਮਾਮਲੇ ਦੀ ਤਫਤੀਸ਼ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਦੀ ਤਲਾਸ਼ ਜਾਰੀ ਹੈ , ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
? ਫਲੈਸ਼ਬੈਕ- ਕਦੋਂ , ਕਿਵੇਂ ਤੇ ਕੀ ਹੋਇਆ
ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਸੱਤੀ ਨਿਵਾਸੀ ਸੇਖਾ ਰੋਡ ਗਲੀ ਨੰਬਰ-12 ਬਰਨਾਲਾ ਨੂੰ ਬੜੇ ਹੀ ਨਾਟਕੀ ਢੰਗ ਨਾਲ 29 ਅਗਸਤ ਦੀ ਦੁਪਿਹਰ 12:20 ਤੇ ਕੋਈ ਜਹਰੀਲੀ ਦਵਾਈ ਪੀ ਜਾਣ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ । ਸੱਤੀ ਦੇ ਜਹਿਰ ਪੀਣ ਦੀ ਘਟਨਾ , ਉਸ ਸਮੇਂ ਵਾਪਰੀ ਜਦੋਂ, ਸੱਤੀ ਦੇ ਪਰਿਵਾਰ ਦੇ ਕੁਝ ਮੈਂਬਰ ਗੈਂਗਰੇਪ ਪੀੜਤਾ ਦੇ ਘਰ , ਸਮਝੌਤਾ ਕਰਨ ਲਈ ਲਈ ਪਹੁੰਚੇ ਹੋਏ ਸੀ ਅਤੇ ਉਸ ਨੂੰ ਕੇਸ ਦਰਜ਼ ਨਾ ਕਰਵਾਉਣ ਲਈ ਤਰਾਂ ਤਰਾਂ ਦੀਆਂ ਗੱਲਾਂ ਕਰਕੇ ਦਬਾਅ ਪਾ ਰਹੇ ਸੀ। ਐਨ ਉਸ ਵਖਤ ਕਿਸੇ ਹੋਰ ਸ਼ਖਸ਼ ਨੇ ਸੱਤੀ ਦੇ ਪਰਿਵਾਰਿਕ ਮੈਂਬਰ ਨੂੰ ਫੋਨ ਕਰਕੇ ਸੱਤੀ ਦੇ ਸਪਰੇਅ ਪੀ ਜਾਣ ਬਾਰੇ ਸੂਚਨਾ ਦਿੱਤੀ। ਤਦ ਸਮਝੌਤਾ ਕਰਨ ਲਈ ਪੀੜਤਾ ਦੇ ਘਰ ਬੈਠੇ ਪਰਿਵਾਰਿਕ ਮੈਂਬਰ , ਪੀੜਤਾ ਨੂੰ ਇਹ ਧਮਕੀ ਦਿੰਦੇ ਉੱਠ ਕੇ ਚਲੇ ਗਏ ਕਿ ਜੇਕਰ ਸੱਤੀ ਨੂੰ ਕੁਝ ਹੋ ਗਿਆ ਤਾਂ ਉਹ ਪੀੜਤਾ ਅਤੇ ਉਸ ਦੀ ਮੱਦਦ ਕਰਨ ਵਾਲਿਆਂ ਖਿਲਾਫ ਕੇਸ ਦਰਜ਼ ਕਰਵਾਉਣਗੇ। ਇੱਥੇ ਹੀ ਬੱਸ ਨਹੀਂ, ਦੋਸ਼ੀ ਦੇ ਪਰਿਵਾਰਿਕ ਮੈਂਬਰ ਜਾਂਦੇ ਸਮੇਂ ਪੀੜਤਾ ਦੇ ਭਰਾ ਨੂੰ ਵੀ ਆਪਣੇ ਨਾਲ ਜਬਰਦਸਤੀ ਲੈ ਗਏ। ਗੱਲ ਇੱਥੇ ਹੀ ਨਹੀਂ ਰੁਕੀ, ਕੁਝ ਸਮੇਂ ਬਾਅਦ ਦੋਸ਼ੀ ਦੇ ਕੁਝ ਪਰਿਵਾਰਿਕ ਮੈਂਬਰ ਵੀ ਪੀੜਤਾ ਤੇ ਇਮੋਸ਼ਨਲ ਢੰਗ ਨਾਲ ਇਹ ਦਬਾਅ ਬਣਾਉਂਦੇ ਰਹੇ ਕਿ ਸੱਤੀ ਦੀ ਹਾਲਤ ਗੰਭੀਰ ਹੈ, ਇੱਕ ਵਾਰ ਉਹ ਉਸ ਨੂੰ ਹਸਪਤਾਲ ‘ਚ ਮਿਲਣ ਲਈ ਉਨਾਂ ਨਾਲ ਚਲੀ ਜਾਵੇ। ਪਰੰਤੂ ਪੀੜਤਾ ਨੇ ਸੱਤੀ ਦੇ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਜਾਣ ਤੋਂ ਕੋਰਾ ਜੁਆਬ ਦੇ ਦਿੱਤਾ।
ਗੈਂਗਰੇਪ ਦਾ ਕੇਸ ਦਰਜ਼ ਹੁੰਦਿਆਂ ਹੀ, ਸੱਤੀ ਰੈਫਰ
ਜਦੋਂ ਸੱਤੀ ਅਤੇ ਉਸ ਦੇ ਸਹਿਦੋਸ਼ੀ ਹੈਪੀ ਸਿੰਘ ਕਿਸ਼ਨਗੜ ਖਿਲਾਫ ਗੈਂਗਰੇਪ , ਬਲੈਕਮੇਲਿੰਗ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਜੁਰਮ ਤਹਿਤ ਥਾਣਾ ਸਿਟੀ ਬਰਨਾਲਾ ‘ਚ ਕੇਸ ਦਰਜ ਹੋ ਗਿਆ ਤਾਂ ਹਸਪਤਾਲ ਵਿਖੇ ਜੇਰ-ਏ-ਇਲਾਜ ਸੱਤੀ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਦੀ ਗਿਰਫਤਾਰੀ ਦਾ ਭੈਅ ਸਤਾਉਣ ਲੱਗਿਆ। ਸੰਭਾਵਿਤ ਗਿਰਫਤਾਰੀ ਤੋਂ ਬਚਾਉਣ ਲਈ ਸੱਤੀ ਨੂੰ ਰੈਫਰ ਕਰ ਦਿੱਤਾ ਗਿਆ। ਉੱਧਰ ਪੁਲਿਸ ਨੇ ਸੱਤੀ ਦੇ ਸਹਿਦੋਸ਼ੀ ਹੈਪੀ ਸਿੰਘ ਕਿਸ਼ਨਗੜ ਨੂੰ ਗਿਰਫਤਾਰ ਵੀ ਕਰ ਲਿਆ।
ਆਖਿਰ ਕਿਹੜੇ ਹਸਪਤਾਲ ਭਰਤੀ ਹੋਗਿਆ ਸੱਤੀ ?
ਸਿਵਲ ਹਸਪਤਾਲ ਦੇ ਰਿਕਾਰਡ ਅਨੁਸਾਰ ਸਤਨਾਮ ਸਿੰਘ ਸੱਤੀ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਡਾਕਟਰਾਂ ਅਨੁਸਾਰ ਰੈਫਰ ਹੋਣ ਤੋਂ ਬਾਅਦ ਸੱਤੀ ਦੇ ਪਰਿਵਾਰਿਕ ਮੈਂਬਰ ਉਸ ਨੂੰ ਕਿਹੜੇ ਹਸਪਤਾਲ ਲੈ ਕੇ ਚਲੇ ਗਏ। ਇਸ ਬਾਰੇ ਉਨਾਂ ਨੂੰ ਕੋਈ ਇਲਮ ਨਹੀਂ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਗਿਰਫਤਾਰੀ ਤੋਂ ਬਚਣ ਲਈ ਸੱਤੀ ਦੇ ਪਰਿਵਾਰ ਨੇ ਉਸ ਨੂੰ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਸੀ। ਹੁਣ ਤੱਕ ਉਹ ਉੱਥੇ ਹੀ ਭਰਤੀ ਹੈ, ਜਾਂ ਛੁੱਟੀ ਮਿਲ ਗਈ। ਇਸ ਸਬੰਧੀ ਕੋਈ ਜਾਣਕਾਰੀ ਹਾਲੇ ਤੱਕ ਨਿੱਕਲ ਕੇ ਸਾਹਮਣੇ ਨਹੀਂ ਆਈ।
ਕੇਸ ਦਰਜ਼ ਹੋਣ ਤੋਂ 6 ਦਿਨ ਬਾਅਦ ਵੀ ਨਹੀਂ ਹੋਈ ਗਿਰਫਤਾਰੀ
ਪੁਲਿਸ ਵੱਲੋਂ ਸੱਤੀ ਦੇ ਖਿਲਾਫ ਕੇਸ ਦਰਜ ਕੀਤਿਆਂ 6 ਦਿਨ ਬੀਤ ਚੁੱਕੇ ਹਨ। ਇੱਕ ਦੋਸ਼ੀ ਹੈਪੀ ਸਿੰਘ ਕਿਸ਼ਨਗੜ ਨੂੰ ਨਿਆਂਇਕ ਹਿਰਾਸਤ ‘ਚ ਅਦਾਲਤ ਨੇ ਜੇਲ੍ਹ ਵੀ ਭੇਜ ਦਿੱਤਾ ਹੈ। ਪਰੰਤੂ ਕੇਸ ਦਰਜ਼ ਹੋਣ ਤੋਂ 6 ਦਿਨ ਬਾਅਦ ਵੀ ਗਿਰਫਤਾਰੀ ਤਾਂ ਦੂਰ ਪੁਲਿਸ ਨੂੰ ਸੱਤੀ ਦਾ ਕੋਈ ਪਤਾ ਠਿਕਾਣਾ ਵੀ ਨਹੀਂ ਹੈ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਰਾਜਪਾਲ ਕੌਰ ਨੇ ਪੁੱਛਣ ਤੇ ਦੱਸਿਆ ਕਿ ਪੁਲਿਸ ਕੋਲ ਸੱਤੀ ਦੇ ਕੋਈ ਜਹਿਰੀਲੀ ਦਵਾਈ ਪੀ ਲੈਣ ਅਤੇ ਉਸ ਦੇ ਹਸਪਤਾਲ ‘ਚ ਦਾਖਿਲ ਹੋਣ ਸਬੰਧੀ ਕੋਈ ਸੂਚਨਾ ਨਹੀਂ ਪਹੁੰਚੀ। ਉਨਾਂ ਕਿਹਾ ਕਿ ਦੋਸ਼ੀ ਦੀ ਤਲਾਸ਼ ਜਾਰੀ ਹੈ, ਜਲਦ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਸਮਝੌਤੇ ਦੀਆਂ ਕੋਸ਼ਿਸ਼ਾਂ ਤੇਜ਼,,
ਸੱਤੀ ਦੀ ਗਿਰਫਤਾਰੀ ਨਾ ਹੋਣ ਦੀ ਵਜ੍ਹਾ , ਦਰਅਸਲ ਦੋਸ਼ੀ ਨੂੰ ਪੁਲਿਸ ਦੀ ਰਿਆਇਤ ਮੰਜੂਰ ਹੋਣਾ ਹੀ ਸਮਝਿਆ ਜਾ ਰਿਹਾ ਹੈ। ਕਿਉਂਕਿ ਪੁਲਿਸ ਨੇ ਕੇਸ ਦਰਜ਼ ਕਰਨ ਸਮੇਂ ਵੀ ਪੀੜਤਾ ਦੀ ਐਸ.ਐਸ.ਪੀ. ਦਫਤਰ ਵਿਖੇ 21 ਅਗਸਤ ਨੂੰ ਦਿੱਤੀ ਦੁਰਖਾਸਤ ਨੂੰ ਨਜਰਅੰਦਾਜ ਕਰਕੇ ਦੁਰਖਾਸਤ ‘ਚ ਸ਼ਾਮਿਲ ਇੱਕ ਮਹਿਲਾ ਪੁਲਿਸ ਮੁਲਾਜਮ ਨੂੰ ਬਚਾ ਲਿਆ ਸੀ। ਉਸੇ ਮਹਿਲਾ ਪੁਲਿਸ ਮੁਲਾਜਮ ਕਾਰਣ ਹੀ ਪੁਲਿਸ ਨੇ ਮੁੱਖ ਦੋਸ਼ੀ ਦੀ ਗਿਰਫਤਾਰੀ ਲਈ ਨਰਮ ਰੁੱਖ ਅਪਣਾਇਆ ਹੋਇਆ ਹੈ। ਹਕੀਕਤ ਇਹ ਹੈ ਕਿ ਕੁਝ ਪੁਲਿਸ ਅਧਿਕਾਰੀ , ਦੋਸ਼ੀ ਦੀ ਗਿਰਫਤਾਰੀ ਦੀ ਬਜਾਏ ਦੋਸ਼ੀ ਦੇ ਪਰਿਵਾਰ ਨੂੰ ਪੀੜਤਾ ਨਾਲ ਸਮਝੌਤਾ ਕਰਨ ਲਈ ਸਮਾਂ ਦੇ ਰਹੇ ਹਨ। ਪੀੜਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਸ਼ੀ ਦਾ ਪਰਿਵਾਰ ਤੇ ਉਸ ਦੇ ਕੁਝ ਕਰੀਬੀ ਦੋਸਤ ਵੱਖ ਵੱਖ ਢੰਗਾਂ ਨਾਲ ਉਸ ਤੇ ਸਮਝੌਤਾ ਕਰਨ ਲਈ ਦਬਾਅ ਬਣਾ ਰਹੇ ਹਨ। ਪਰੰਤੂ ਉਹ ਦੋਸ਼ੀਆਂ ਨੂੰ ਸਜਾ ਦਿਵਾ ਕੇ ਹੀ ਦਮ ਲਵੇਗੀ।