ਬੱਸ ਸਟੈਂਡ ਲਈ ਐਸਟੀਮੇਟ ਬਣਿਆ, ਟੈਂਡਰ ਲਾਉਣ ਦੀ ਪ੍ਰਕਿਰਿਆ ਸ਼ੁਰੂ
ਹਰਿੰਦਰ ਨਿੱਕਾ ਬਰਨਾਲਾ 17 ਅਗਸਤ 2020
ਸ਼ਹਿਰ ਅਤੇ ਇਲਾਕਾ ਵਾਸੀਆ ਲਈ ਇੰਮਪਰੂਵਮੈਂਟ ਟਰੱਸਟ ਛੇਤੀ ਹੀ ਖੁਸ਼ਖਬਰੀ ਦੇਣ ਜਾ ਰਿਹਾ ਹੈ। ਟਰੱਸਟ ਨੇ ਸ਼ਹਿਰੀਆਂ ਦੀ ਸਹੂਲਤ ਨੂੰ ਧਿਆਨ ਚ, ਰੱਖਦਿਆਂ ਨਵਾਂ ਮਿੰਨੀ ਬੱਸ ਸਟੈਂਡ ਬਣਾਉਣ ਦਾ ਫੈਸਲਾ ਕੀਤਾ ਹੈ। ਬੱਸ ਸਟੈਂਡ ਲਈ ਆਈਟੀਆਈ ਚੌਂਕ ਦੇ ਨੇੜੇ ਟਰੱਸਟ ਦੀ ਕਲੋਨੀ ਅਗਰਸੈਨ ਇਨਕਲੇਵ ਦੇ ਮੁੱਖ ਗੇਟ ਦੀ ਨੁੱਕਰ ਤੇ ਟ੍ਰੀਟਮੈਂਟ ਪਲਾਂਟ ਲਈ ਰੱਖੀ ਜਗ੍ਹਾ ਦੀ ਚੋਣ ਵੀ ਕਰ ਲਈ ਹੈ। ਟਰੱਸਟ ਦੇ ਸੂਤਰ ਇਹ ਵੀ ਦੱਸਦੇ ਹਨ ਕਿ ਟਰੱਸਟ ਵੱਲੋਂ ਉਕਤ ਜਗ੍ਹਾ ਤੇ ਬੱਸ ਸਟੈਂਡ ਬਣਾਉਣ ਲਈ ਬਕਾਇਦਾ ਐਸਟੀਮੇਟ ਵੀ ਬਣਾ ਲਿਆ ਹੈ। ਜਲਦ ਹੀ ਮਿੰਨੀ ਬੱਸ ਸਟੈਂਡ ਬਣਾਉਣ ਲਈ ਟੈਡਰ ਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਉਵਰਬ੍ਰਿਜ ਦੀ ਭੇਂਟ ਚੜ੍ਹਿਆ ਪੁਰਾਣਾ ਮਿੰਨੀ ਬੱਸ ਸਟੈਂਡ
ਵਰਨਣਯੋਗ ਹੈ ਕਿ ਕਚਹਿਰੀ ਚੌਂਕ ਚ, ਟਰੱਸਟ ਵੱਲੋਂ ਬਣਾਇਆ ਮਿੰਨੀ ਬੱਸ ਸਟੈਂਡ ਬਰਨਾਲਾ-ਬਾਜਾਖਾਨਾ ਰੋਡ ਤੇ ਬਣੇ ਉਵਰਬ੍ਰਿਜ ਦੀ ਭੇਂਟ ਚੜ੍ਹ ਗਿਆ। ਹੁਣ ਬੱਸਾਂ ਰੁਕਣ ਲਈ ਕੋਈ ਥਾਂ ਹੀ ਨਹੀਂ ਰਹੀ। ਬੱਸ ਡਰਾਈਵਰ ਨਾਨਕਸਰ ਠਾਠ ਅਤੇ ਵੈਸਟਸਿਟੀ ਕਲੋਨੀ ਦੇ ਸਾਹਮਣੇ ਜਿੱਥੇ ਥਾਂ ਮਿਲਦਾ ਹੈ,ਬੱਸਾਂ ਖੜ੍ਹੀਆਂ ਕਰ ਲੈਂਦੇ ਹਨ। ਇਸ ਨਾਲ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਬੱਸਾ ਦੀ ਇੰਤਜ਼ਾਰ ਕਰਦੀਆਂ ਸਵਾਰੀਆਂ ਦੇ ਬੈਠਣ ਲਈ ਦੋਵਾਂ ਸਥਾਨਾਂ ਤੇ ਨਾ ਕੋਈ ਬੈਂਚ ਹੈ ਤੇ ਨਾ ਹੀ ਧੁੱਪ ਤੇ ਮੀਂਹ ਤੋਂ ਬਚਣ ਲਈ ਕੋਈ ਸ਼ੈਡ । ਜਿਸ ਕਾਰਣ ਸਵਾਰੀਆਂ ਕੜਾਕੇ ਦੀ ਧੁੱਪ ਤੇ ਬਾਰਿਸ਼ ਚ, ਮੁਸ਼ਕਿਲਾਂ ਦਾ ਸਾਹਮਣਾ ਕਰਨ ਨੂੰ ਮਜਬੂਰ ਹਨ।
ਰਿਕਸ਼ਾ ਤੇ ਆਟੋ ਵਾਲਿਆਂ ਨੂੰ ਵੀ ਮਿਲੂਗਾ ਰੋਜਗਾਰ
ਅਗਰਸੈਨ ਇਨਕਲੇਵ ਦੀ ਨੁੱਕਰ ਤੇ ਪ੍ਰਸਤਾਵਿਤ ਬੱਸ ਸਟੈਂਡ ਨਾਲ ਜਿੱਥੇ ਯਾਤਰੀਆਂ ਨੂੰ ਸੁਵਿਧਾਵਾਂ ਦਾ ਲਾਭ ਮਿਲੂਗਾ, ਉੱਥੇ ਹੀ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਨੂੰ ਰੋਜਗਾਰ ਦਾ ਫਾਇਦਾ ਹੋਵੇਗਾ।
–ਫੇਲ੍ਹ ਹੋਈ ਕਲੋਨੀ ਦੇ ਫਿਰ ਜਾਗੇ ਭਾਗ
ਕਰੀਬ 10 ਕੁ ਵਰ੍ਹੇ ਪਹਿਲਾਂ ਟਰੱਸਟ ਵੱਲੋਂ ਡਿਵੈਲਪ ਕੀਤੀ ਅਗਰਸੈਨ ਇਨਕਲੇਵ ਸਹੂਲਤਾਂ ਦੀ ਘਾਟ ਕਾਰਣ ਲੱਗਭਗ ਫੇਲ੍ਹ ਹੀ ਹੋ ਗਈ ਸੀ। ਸੀਵਰੇਜ ਅਤੇ ਪਾਣੀ ਨਿਕਾਸੀ ਦੀ ਕੋਈ ਵਿਵਸਥਾ ਨਾ ਹੋਣ ਕਾਰਣ ਮਹਿੰਗੇ ਭਾਅ ਪਲਾਟ ਖਰੀਦਣ ਵਾਲਿਆਂ ਨੇ ਕੰਸਟਰੈਕਸ਼ਨ ਕਰਨ ਤੋਂ ਹੱਥ ਪਿੱਛੇ ਖਿੱਚਿਆ ਹੋਇਆ ਸੀ। ਜਿਸ ਦੇ ਚੱਲਦਿਆਂ ਕਲੋਨੀ ਚ, ਪਲਾਟਾਂ ਦੇ ਭਾਅ ਕਾਫੀ ਘੱਟ ਗਏ ਸਨ। ਪਰੰਤੂ ਹੁਣ ਮਿੰਨੀ ਬੱਸ ਸਟੈਂਡ ਦੀ ਟਰੱਸਟ ਦੀ ਨਵੀਂ ਪ੍ਰਪੋਜਲ ਨਾਲ ਕਲੋਨੀ ਦੇ 10 ਵਰ੍ਹਿਆਂ ਤੋਂ ਸੁੱਤੇ ਭਾਗ ਜਾਗ ਪਏ ਹਨ।
ਪਲਾਟਾਂ ਦੇ ਭਾਅ ਫਿਰ ਅਸਮਾਨੀ ਚੜ੍ਹਨ ਲੱਗੇ
ਅਗਰਸੈਨ ਇਨਕਲੇਵ ਕਲੋਨੀ ਚ, ਮਿੱਟੀ ਦੇ ਭਾਅ ਵਿਕਦੇ ਪਲਾਟਾਂ ਦੇ ਭਾਅ ਸੋਨਾ ਬਣਕੇ ਫਿਰ ਅਸਮਾਨੀ ਚੜ੍ਹਨਾ ਸ਼ੁਰੂ ਹੋ ਗਏ ਹਨ। ਹੁਣ ਕੁੱਝ ਦਿਨਾਂ ਤੋਂ ਮਿੰਨੀ ਬੱਸ ਸਟੈਂਡ ਬਣਨ ਦੀਆਂ ਕਨਸੋਆਂ ਨਾਲ ਕਲੋਨੀ ਚ, ਪਲਾਟ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਗਈ ਤੇ ਕਿਸੇ ਵੀ ਭਾਅ ਪਲਾਟ ਵੇਚਣ ਤੇ ਉਤਾਰੂ ਲੋਕ ਹੁਣ ਪਲਾਟ ਵੇਚਣ ਤੋਂ ਕੰਨੀ ਕਤਰਾਉਣ ਲੱਗੇ ਹਨ।
ਚੇਅਰਮੈਨ ਸ਼ਰਮਾ ਨੇ ਕਿਹਾ ਬੜੀ ਛੇਤੀ ਬਣ ਕੇ ਤਿਆਰ ਹੋਊ ਮਿੰਨੀ ਬੱਸ ਸਟੈਂਡ
ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਪੁੱਛਣ ਤੇ ਮਿੰਨੀ ਬੱਸ ਸਟੈਂਡ ਦੇ ਅਗਰਸੈਨ ਇਨਕਲੇਵ ਦੀ ਨੁੱਕਰ ਤੇ ਬਣਾਉਣ ਦੀ ਪੁਸ਼ਟੀ ਕੀਤੀ ਹੈ। ਚੇਅਰਮੈਨ ਸ਼ਰਮਾ ਨੇ ਮੰਨਿਆ ਕਿ ਮਿੰਨੀ ਬੱਸ ਸਟੈਂਡ ਦਾ ਪ੍ਰਸਤਾਵਿਤ ਐਸਟੀਮੇਟ ਬਣ ਚੁੱਕਾ ਹੈ, ਛੇਤੀ ਹੀ ਟੈਂਡਰ ਲਾਉਣ ਦੀ ਤਿਆਰੀ ਹੈ। ਟੈਂਡਰ ਅਲਾਟਮੈਂਟ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਚਾਲੂ ਸਾਲ ਦੇ ਅੰਤ ਯਾਨੀ ਦਿਸੰਬਰ ਮਹੀਨੇ ਦੇ ਪਹਿਲੇ ਜਾਂ ਦੂਸਰੇ ਹਫਤੇ ਤੱਕ ਮਿੰਨੀ ਬੱਸ ਸਟੈਂਡ ਲੋਕ ਅਰਪਣ ਕਰ ਦਿੱਤਾ ਜਾਵੇਗਾ। ਜਿਸ ਨਾਲ ਸ਼ਹਿਰੀਆਂ ਤੇ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਚੋਂ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।