ਮੁੱਖ ਮੰਤਰੀ ਨੇ ‘‘ਕੈਪਟਨ ਨੂੰ ਸਵਾਲ’’ ਸੈਸ਼ਨ ਦੌਰਾਨ ਹਰਦੀਪ ਸਿੰਘ ਸਵੈਚ ਦੇ ਸਵਾਲ ਦਾ ਦਿੱਤਾ ਜਵਾਬ
ਹਰਿੰਦਰ ਨਿੱਕਾ ਬਰਨਾਲਾ, 8 ਅਗਸਤ 2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਲਾਈਵ ਸੈਸ਼ਨ ‘‘ਕੈਪਟਨ ਨੂੰ ਸਵਾਲ’’ ਦੌਰਾਨ ਬਰਨਾਲਾ ਦੇ ਹਰਦੀਪ ਸਿੰਘ ਸਵੈਚ ਨੂੰ ਭਰੋਸਾ ਦਿਵਾਇਆ ਕਿ ਉਹ ਚਾਵਾ-ਸਮਰਾਲਾ ਸੜਕ ਦੇ ਨਿਰਮਾਣ ਸਬੰਧੀ ਫੌਰੀ ਜਾਂਚ ਕਰਾਉਣਗੇ।
ਫੇਸਬੁਕ ਲਾਈਵ ਸੈਸ਼ਨ ‘‘ਕੈਪਟਨ ਨੂੰ ਸਵਾਲ’’ ਦੌਰਾਨ ਬਰਨਾਲਾ ਦੇ ਹਰਦੀਪ ਸਿੰਘ ਸਵੈਚ ਨੇ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਕਿ ਚਾਵਾ-ਸਮਰਾਲਾ ਸੜਕ 15 ਸਾਲ ਬਾਅਦ ਬਣਾਈ ਗਈ ਸੀ। 9 ਕਰੋੜ ਦੀ ਲਾਗਤ ਨਾਲ ਬਣਾਈ ਗਈ 13 ਕਿਲੋਮੀਟਰ ਲੰਬੀ ਸੜਕ 15 ਦਿਨ ਵਿੱਚ ਹੀ ਟੁੱਟ ਗਈ। ਇਸ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖਿਆ ਕਿ ਉਹ ਤੁਰੰਤ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ।
ਉਨ੍ਹਾਂ ਆਖਿਆ ਕਿ ਉਹ ਤਕਨੀਕੀ ਸਲਾਹਕਾਰ ਆਰ ਐਸ ਸੰਧੂ ਨੂੰ ਹੁਕਮ ਦੇਣਗੇ ਕਿ ਉਹ ਮਾਮਲੇ ਦੀ ਪੂਰੀ ਜਾਂਚ ਕਰਨ ਤਾਂ ਜੋ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਣ ਲਈ ਜ਼ਰੂਰੀ ਇਹਤਿਆਤਾਂ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨ।
ਉਨ੍ਹਾਂ ਆਖਿਆ ਕਿ ਮਾਹਿਰਾਂ ਅਨੁਸਾਰ ਮਾਸਕ ਪਾਉਣ ਨਾਲ ਕਰੋਨਾ ਤੋਂ ਕਾਫੀ ਬਚਾਅ ਹੋ ਸਕਦਾ, ਇਸ ਲਈ ਹਰ ਵਿਅਕਤੀ ਆਪਣੀ, ਆਪਣੇ ਪਰਿਵਾਰ ਤੇ ਸੂਬੇ ਦੀ ਸੁਰੱਖਿਆ ਦੀ ਨੈਤਿਕ ਜ਼ਿੰਮੇਵਾਰ ਸਮਝਦਾ ਹੋਇਆ ਮਾਸਕ ਜ਼ਰੂਰ ਪਾਵੇ।