ਐਫ.ਆਈ.ਆਰ. ਦਰਜ਼ ਕਰਵਾਕੇ ਝਾੜਿਆ ਪੱਲਾ, ਮਹੇਸ਼ ਲੋਟਾ ਬੋਲਿਆ , ਹੁਣ ਇਹ ਨਹੀਂ ਚੱਲਣੀਆਂ ਗੱਲਾਂ
ਮੈਂ ਆਉਣ ਵਾਲੇ ਦਿਨਾਂ ਚ, ਰਿਕਾਰਡਿੰਗ ਤੇ ਹੋਰ ਸਬੂਤਾਂ ਦੇ ਅਧਾਰ ਤੇ ਕੁਝ ਲੀਡਰਾਂ ਦੇ ਚਿਹਰਿਆਂ ਤੋਂ ਨਕਾਬ ਵੀ ਉਤਾਰ ਦਿਆਂਗਾ-ਮਹੇਸ਼ ਲੋਟਾ
ਹਰਿੰਦਰ ਨਿੱਕਾ ਬਰਨਾਲਾ 6 ਅਗਸਤ 2020
ਸ਼ਹਿਰ ਦੇ ਵਿਕਾਸ ਕੰਮਾਂ ਲਈ ਨਗਰ ਕੌਂਸਲ ਨੂੰ ਪ੍ਰਾਪਤ ਕਰੋੜਾਂ ਰੁਪਏ ਦੇ ਫੰਡਾਂ ਚ, ਹੋਏ ਘੁਟਾਲਿਆਂ ਤੇ ਪਰਦਾ ਪਾਉਣ ਲਈ ਕੁਝ ਕੌਂਸਲ ਅਧਿਕਾਰੀਆਂ ਤੇ ਕਰਮਚਾਰੀਆਂ ਨੇ 2 ਮਈਅਰਮੈਂਟ ਬੁੱਕਾਂ 333 ਅਤੇ 335 ਨੰਬਰ ਖੁਰਦ ਬੁਰਦ ਕਰ ਦਿੱਤੀਆਂ ਹਨ । ਤਾਂਕਿ ਫੰਡਾਂ ਚ, ਹੋਏ ਘਪਲਿਆਂ ਅਤੇ ਬੇਨਿਯਮੀਆਂ ਦੀ ਹੋਣ ਵਾਲੀ ਕਿਸੇ ਸੰਭਾਵਿਤ ਜਾਂਚ ਤੋਂ ਬਚਿਆ ਜਾ ਸਕੇ। ਕੌਂਸਲ ਅਧਿਕਾਰੀਆਂ ਨੇ ਐਮ.ਬੀ. ਗੁੰਮ ਹੋਣ ਸਬੰਧੀ ਕਿਸੇ ਦੀ ਜਿੰਮੇਵਾਰੀ ਨਿਰਧਾਰਿਤ ਕਰਕੇ ਜੁੰਮੇਵਾਰ ਕਰਮਚਾਰੀ ਜਾਂ ਅਧਿਕਾਰੀ ਖਿਲਾਫ ਕੋਈ ਵਿਭਾਗੀ ਜਾਂ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਜਾਏ, ਖਾਨਾਪੂਰਤੀ ਲਈ ਥਾਣੇ ਚ, ਅਣਪਛਾਤਿਆਂ ਖਿਲਾਫ ਚੁੱਪ-ਗੜੁੱਪ ਢੰਗ ਨਾਲ ਐਫਆਈਆਰ ਦਰਜ਼ ਕਰਵਾ ਕੇ ਹੀ ਆਪਣਾ ਫਰਜ਼ ਪੂਰਾ ਕਰ ਦਿੱਤਾ ਗਿਆ। ਹੁਣ ਇਸ ਗੱਲ ਦੀ ਭਿਣਕ ਦਫਤਰ ਤੋਂ ਬਾਹਰ ਪਈ ਤਾਂ, ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਗੁੱਸੇ ਚ, ਕਿਹਾ ਕਿ ਕੌਂਸਲ ਅਧਿਕਾਰੀਆਂ ਵੱਲੋਂ ਐਮ.ਬੀ ਗੁੰਮ ਦਿਖਾ ਕੇ ਕੀਤੇ ਕਰੋੜਾਂ ਰੁਪਏ ਦੇ ਘਪਲਿਆਂ ਉੱਤੇ ਪਰਦਾ ਪਾਉਣ ਦੇ ਯਤਨਾਂ ਖਿਲਾਫ ਉਹ ਮੈਦਾਨ ਏ ਜੰਗ ਚ, ਉਤਰ ਆਏ ਹਨ। ਇਹ ਗੱਲਾਂ ਹੁਣ ਨਹੀਂ ਚੱਲ ਸਕਣਗੀਆਂ। ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਦੇ ਫੰਡਾਂ ਚੋਂ ਫਰਜ਼ੀ ਬਿਲਾਂ ਦੇ ਅਧਾਰ ਦੇ ਕੀਤੀਆਂ ਅਦਾਇਗੀਆਂ ਦੀ ਚਰਚਾ ਚੱਲੀ ਸੀ। ਜਿਸ ਤੇ ਕੋਈ ਕਾਰਵਾਈ ਹੋਣ ਦੇ ਡਰ ਤੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਗਹਿਰੀ ਸਾਜਿਸ਼ ਰਚ ਕੇ 2 ਐਮ.ਬੀ. ਬੁੱਕਾਂ ਨੰਬਰ 333 ਅਤੇ 335 ਦਾ ਮੁੱਦਾ ਹੀ ਗਾਇਬ ਕਰ ਦਿੱਤਾ, ਤਾਂਕਿ ਨਾ ਬਾਂਸ ਰਹੂਗਾ ਤੇ ਨਾ ਹੀ ਬੰਸਰੀ ਵੱਜੂਗੀ। ਇਸ ਸਬੰਧ ਚ, ਈ.ਉ ਮਨਪ੍ਰੀਤ ਸਿੰਘ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਤਾਂ ਉਨਾਂ ਆਪਣੇ ਸੁਭਾਅ ਮੁਤਾਬਿਕ ਫੋਨ ਰਿਸੀਵ ਕਰਨਾ ਮੁਨਾਸਿਬ ਨਹੀਂ ਸਮਝਿਆ।
ਕੌਂਸਲ ਫੰਡਾਂ ਚ, ਕੀਤੀ ਜਾ ਰਹੀ ਅੱਨ੍ਹੀ ਲੁੱਟ ਬਰਦਾਸ਼ਤ ਤੋਂ ਬਾਹਰ- ਲੋਟਾ
ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਨਗਰ ਕੌਂਸਲ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੁਝ ਕਾਂਗਰਸੀ ਆਗੂਆਂ ਨਾਲ ਮਿਲ ਕੇ ਲੁੱਟ-ਖਸੁੱਟ ਲਈ ਕਾਇਮ ਕੀਤੇ ਨਾਪਾਕ ਗੱਠਜੋੜ ਨੂੰ ਹੁਣ ਉਹ ਬੇਨਕਾਬ ਕਰਕੇ ਹੀ ਰਹਿਣਗੇ। ਉਨਾਂ ਕਿਹਾ ਕਿ ਹਲਕਾ ਇੰਚਾਰਜ ਤੇ ਸਾਬਕਾ ਐਮਐਲਏ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਨਾਲ ਕਰੋੜਾਂ ਰੁਪਏ ਦੇ ਫੰਡ ਸ਼ਹਿਰ ਦੀ ਡਿਵੈਲਪਮੈਂਟ ਲਈ ਦਿੱਤੇ ਗਏ ਹਨ। ਪਰੰਤੂ ਕਰੋੜਾਂ ਰੁਪਏ ਦੇ ਪ੍ਰਾਪਤ ਫੰਡਾਂ ਨੂੰ ਲੀਡਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦਾ ਗੱਠਜੋੜ ਖੁਦ ਡਕਾਰ ਰਿਹਾ ਹੈ। ਜਿਸ ਨੂੰ ਚੁੱਪ-ਚਾਪ ਸਹਿਣ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਜਿਹੜੀ ਲੁੱਟ-ਖਸੁੱਟ ਹੁਣ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਈ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ।
ਐਮ.ਬੀ. ਗੁੰਮ ਹੋਈ ਨਹੀਂ, ਜਾਣਬੁੱਝ ਕੇ ਕੀਤੀ ਗਈ ਹੈ,,?
ਮਹੇਸ਼ ਲੋਟਾ ਨੇ ਕਿਹਾ ਕਿ ਐਮ.ਬੀ. ਚ, ਕੌਂਸਲ ਦੇ ਪੂਰੇ ਲੇਖੇ ਜੋਖੇ ਦਾ ਰਿਕਾਰਡ ਹੁੰਦਾ ਹੈ। ਅਜਿਹੇ ਸਭ ਤੋਂ ਅਹਿਮ ਦਸਤਾਵੇਜ ਦਾ ਗੁੰਮ ਹੋਣਾ ਕਿੰਨ੍ਹੀ ਸ਼ਰਮਨਾਕ ਤੇ ਢੀਠਤਾਈ ਦੀ ਗੱਲ ਹੈ। ਉਨਾਂ ਕਿਹਾ ਕਿ ਮੈਂ ਇਸ ਸਬੰਧੀ ਆਰਟੀਆਈ ਵੀ ਪਾ ਰਿਹਾ ਹਾਂ, ਤਾਂਕਿ ਇਹ ਪਤਾ ਲੱਗ ਸਕੇ ਕਿ ਇਹ ਐਮ.ਬੀ. ਕਿਸ ਅਧਿਕਾਰੀ ਦੇ ਕਬਜ਼ੇ ਚ, ਸੀ, , ਜਿਸ ਵੱਲੋਂ ਇਹ ਗੁੰਮ ਕੀਤੀ ਗਈ ਹੈ। ਉਨਾਂ ਕਿਹਾ ਕਿ ਐਮ.ਬੀ. ਨੂੰ ਸੰਭਾਲ ਕੇ ਰੱਖਣਾ ਵੀ ਸਬੰਧਿਤ ਅਧਿਕਾਰੀ ਦੀ ਹੀ ਜਿੰਮੇਵਾਰੀ ਸੀ। ਉਨਾਂ ਕਿਹਾ ਕਿ ਆਰਟੀਆਈ ਤਹਿਤ ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਨਗਰ ਕੌਂਸਲ ਦੇ ਫੰਡਾਂ ਚ, ਕੀਤੇ ਘੁਟਾਲਿਆਂ ਦੇ ਹੋਰ ਖੁਲਾਸੇ ਵੀ ਜਲਦ ਹੀ ਕੀਤੇ ਜਾਣਗੇ। ਤਾਂ ਜੋ ਕਮੇਟੀ ਫੰਡਾਂ ਚ, ਕੀਤੇ ਘੁਟਾਲਿਆਂ ਬਾਰੇ ਲੋਕਾਂ ਸਾਹਮਣੇ ਸਚਾਈ ਆ ਸਕੇ। ਉਨਾਂ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ ਚ, ਰਿਕਾਰਡਿੰਗ ਤੇ ਹੋਰ ਸਬੂਤਾ ਦੇ ਅਧਾਰ ਦੇ ਕੁਝ ਲੀਡਰਾਂ ਦੇ ਚਿਹਰਿਆਂ ਤੋਂ ਨਕਾਬ ਵੀ ਉਤਾਰ ਦਿਆਂਗਾ।