ਟੈਂਡਰਾਂ ਚ, ਪੂਲ ਕਰਕੇ ਨਗਰ ਕੌਂਸਲ ਦੇ ਫੰਡਾਂ ਨੂੰ ਲਾਇਆ ਲੱਖਾਂ ਰੁਪਏ ਦਾ ਚੂਨਾ , ਸਿਰਫ 2 ਤੋਂ 3 % ਘਾਟੇ ਤੇ ਹੀ ਅਲਾਟ ਕੀਤੇ ਕਰੋੜਾਂ ਰੁਪਏ ਦੇ ਟੈਂਡਰ

Advertisement
Spread information

,, ਦੀ ਪੂਹਲਾ ਸੋਸਾਇਟੀ ਨੂੰ ਟੈਂਡਰ ਅਲਾਟ ਨਾ ਕਰਨ ਦੀ ਨੋਟਿੰਗ ਦੀਆਂ ਵੀ ਉਡਾਈਆਂ ਧੱਜੀਆਂ

ਕਾਂਗਰਸੀ ਲੀਡਰਾਂ ਦੀ ਧਾਰੀ ਚੁੱਪ ਦਾ ਮਿਲੀਭੁਗਤ ਵੱਲ ਹੀ ਇਸ਼ਾਰਾ


ਹਰਿੰਦਰ ਨਿੱਕਾ ਬਰਨਾਲਾ 5 ਅਗਸਤ 2020

                  ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਦੇ ਵੱਖ ਵੱਖ ਵਿਕਾਸ ਕੰਮਾਂ ਲਈ ਪਿਛਲੇ ਦਿਨੀਂ ਲਾਏ ਕਰੋੜਾਂ ਰੁਪਏ ਦੇ ਟੈਂਡਰ ਪੂਲ ਤਹਿਤ ਇੱਕੋ ਹੀ ਸੋਸਾਇਟੀ ਨੂੰ ਅਲਾਟ ਕਰਕੇ ਨਗਰ ਕੌਂਸਲ ਦੇ ਫੰਡਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ ਗਿਆ ਹੈ। ਗੱਲ ਇੱਥੇ ਹੀ ਖਤਮ ਨਹੀਂ ਹੋਈ, ਇਹ ਟੈਂਡਰ ਅਲਾਟ ਕਰਨ ਸਮੇਂ ਪੂਹਲਾ ਸੋਸਾਇਟੀ ਨੂੰ ਟੈਂਡਰ ਅਲਾਟ ਨਾ ਕਰਨ ਤੇ ਦਫਤਰ ਵੱਲੋਂ ਲੱਗੀ ਨੋਟਿੰਗ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਦੇ ਅਜਿਹੇ ਕੰਮ ਢੰਗ ਨਾਲ ਨਗਰ ਕੌਂਸਲ ਨੂੰ ਭਾਂਵੇ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਪਰੰਤੂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਾਂਗਰਸ ਦੇ ਕੁਝ ਲੋਕਲ ਲੀਡਰਾਂ ਨਾਲ ਮਿਲ ਕੇ ਆਪਣੀਆਂ ਜੇਬਾਂ ਜਰੂਰ ਭਰ ਲਈਆਂ ਹਨ। ਲੱਖਾਂ ਰੁਪਏ ਦੇ ਇਸ ਟੈਂਡਰ ਘੁਟਾਲੇ ਸਬੰਧੀ ਸੱਤਾਧਾਰੀ ਕਾਂਗਰਸ ਦੇ ਲੀਡਰਾਂ ਦੀ ਧਾਰੀ ਚੁੱਪ ਵੀ ਉਨਾਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰ ਰਹੀ ਹੈ। ਸ਼ਹਿਰ ਦੇ ਜਾਗਰੂਕ ਲੋਕਾਂ ਦੀ ਮੰਗ ਹੈ ਕਿ ਟੈਂਡਰ ਘੁਟਾਲੇ ਦੀ ਉੱਚ ਪੱਧਰੀ ਜਾਂਚ ਕਰਵਾਕੇ ਕੌਂਸਲ ਦੇ ਹੋਏ ਵਿੱਤੀ ਨੁਕਸਾਨ ਨੂੰ ਪੂਰਿਆ ਜਾਵੇ ਅਤੇ ਘੁਟਾਲੇ ਚ, ਸ਼ਾਮਿਲ ਅਧਿਕਾਰੀਆਂ ਤੇ ਲੀਡਰਾਂ ਦੀ ਤੜਾਮ ਕੱਸ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

Advertisement

-ਭਦੌੜ ਚ, 26 % ਤਪਾ ਚ, 19 % ਘਾਟੇ ਅਤੇ ਬਰਨਾਲਾ ,ਧਨੌਲਾ ਤੇ ਹੰਡਿਆਇਆ ਚ, ਸਿਰਫ 2 /3 % ਤੇ ਹੀ ਕਿਉਂ ਅਲਾਟ ਹੋਏ ਟੈਂਡਰ  

                    ਵਰਣਨਯੋਗ ਹੈ ਕਿ ਪਿਛਲੇ ਦਿਨੀਂ ਨਗਰ ਕੌਂਸਲ ਬਰਨਾਲਾ, ਭਦੌੜ, ਤਪਾ, ਧਨੌਲਾ ਅਤੇ ਨਗਰ ਪੰਚਾਇਤ ਹੰਡਿਆਇਆ ਵੱਲੋਂ ਵਿਕਾਸ ਕੰਮਾਂ ਲਈ ਕਰੋੜਾਂ ਰੁਪਏ ਦੇ ਟੈਂਡਰ ਅਲਾਟ ਕੀਤੇ ਗਏ। ਭਦੌੜ ਦੇ ਟੈਂਡਰ 26 % ਤਪਾ ਦੇ 19 % ਲੈਸ ਨਾਲ ਅਲਾਟ ਹੋਏ। ਜਦੋਂ ਕਿ ਨਗਰ ਕੌਂਸਲ ਬਰਨਾਲਾ ,ਧਨੌਲਾ ਤੇ ਹੰਡਿਆਇਆ ਚ, ਸਿਰਫ 2 ਤੋਂ ਲੈ ਕੇ 3 % ਤੇ ਹੀ ਟੈਂਡਰ ਅਲਾਟ ਕਰ ਦਿੱਤੇ ਗਏ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਭਦੌੜ ਅਤੇ ਤਪਾ ਦੇ ਬਹੁਤੇ ਟੈਂਡਰ ਵੀ ਉਹੀ ਠੇਕੇਦਾਰਾਂ ਨੇ ਜਿਆਦਾ ਘਾਟੇ ਤੇ ਲਏ ਹਨ। ਜਿਹੜੇ ਠੇਕੇਦਾਰਾਂ ਨੇ ਬਰਨਾਲਾ, ਧਨੌਲਾ ਅਤੇ ਹੰਡਿਆਇਆ ਦੇ ਟੈਂਡਰ ਨਿਗੂਣੇ ਘਾਟੇ ਤੇ ਹੀ ਭਰੇ ਸਨ । ਇੱਨ੍ਹਾਂ ਟੈਂਡਰਾਂ ਤੇ ਗੰਭੀਰਤਾ ਨਾਲ ਨਜ਼ਰ ਰੱਖਣ ਵਾਲਿਆਂ ਅਨੁਸਾਰ ਟੈਂਡਰ ਘੁਟਾਲੇ ਦਾ ਸਾਰਾ ਗੇਮ ਪਲਾਨ ਕਾਂਗਰਸ ਦੇ ਕੁਝ ਲੋਕਲ ਲੀਡਰਾਂ ਦੀ ਮਿਲੀਭੁਗਤ ਨਾਲ ਹੀ ਤਿਆਰ ਕੀਤਾ ਗਿਆ ਹੈ।

ਪੂਹਲਾ ਸੋਸਾਇਟੀ ਨੂੰ ਟੈਂਡਰ ਅਲਾਟ ਨਾ ਕਰਨ ਤੇ ਲੱਗੀ ਹੋਈ ਸੀ ਨੋਟਿੰਗ

ਨਗਰ ਕੌਂਸਲ ਦੇ ਰਿਕਾਰਡ ਮੁਤਾਬਿਕ 7 ਸਿਤੰਬਰ 2019 ਨੂੰ ਈ ਟੈਂਡਰਿੰਗ ਪ੍ਰਣਾਲੀ ਨਾਲ ਖੁੱਲ੍ਹੇ ਟੈਂਡਰਾਂ ਦੇ ਸਬੰਧ ਚ, ਈ.ਉ. ਏ.ਐਮ.ਈ. ਅਤੇ ਜੇ.ਈ. ਵੱਲੋਂ ਨੋਟਿੰਗ ਸ਼ੀਟ ਤੇ ਕਾਰਵਾਈ ਲਿਖ ਕੇ 15 ਸਿਤੰਬਰ ਨੂੰ ਨੋਟਿੰਗ ਲਾਈ ਗਈ ਕਿ ,,ਦੀ ਪੂਹਲਾ ਸੋਸਾਇਟੀ,, ਅਤੇ ਕੁਝ ਹੋਰ ਸੋਸਾਇਟੀਜ ਤੇ ਠੇਕੇਦਾਰਾਂ ਖਿਲਾਫ ਸਰਕਾਰੀ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਉਨਾਂ ਦੁਆਰਾ ਪਾਏ ਟੈਂਡਰਾਂ ਦੀ ਤਕਨੀਕੀ ਵਿਡ ਨਾ ਖੋਲ੍ਹੀ ਜਾਵੇ। ਇਹ ਨੋਟਿੰਗ ਨੂੰ ਨਜਰਅੰਦਾਜ ਕਰਕੇ ਹੁਣ ,,ਦੀ ਪੂਹਲਾ ਸੋਸਾਇਟੀ,, ਦੇ ਠੇਕੇਦਾਰਾਂ ਨੂੰ ਹੀ ਸਿਰਫ 2/3  % ਘਾਟੇ ਤੇ ਹੀ ਟੈਂਡਰ ਅਲਾਟ ਕਰ ਦਿੱਤੇ ਗਏ।

ਈ.ਉ ਨੇ ਨਹੀਂ ਚੁੱਕਿਆ ਫੋਨ , ਜੇ.ਈ. ਨਿਖਲ ਨੇ ਕਿਹਾ ਹੋਰ ਠੇਕੇਦਾਰਾਂ ਨੇ ਨਹੀਂ ਸੀ ਪਾਏ ਟੈਂਡਰ

ਨਗਰ ਕੌਂਸਲ ਬਰਨਾਲਾ ਦੇ ਈ.ਉ ਮਨਪ੍ਰੀਤ ਸਿੰਘ ਤੋਂ ਉਸ ਦਾ ਪੱਖ ਜਾਣਨ ਲਈ ਕਈ ਵਾਰ ਫੋਨ ਕੀਤਾ। ਪਰੰਤੂ ਉੱਨਾਂ ਫੋਨ ਨਹੀਂ ਚੁੱਕਿਆ। ਜਦੋਂ ਕਿ ਨਗਰ ਕੌਂਸਲ ਦੇ ਤਤਕਾਲੀ ਜੇ.ਈ. ਨਿਖਲ ਕੌਸ਼ਲ ਨੇ ਮੰਨਿਆ ਕਿ ਟੈਂਡਰ ਮਾਮੂਲੀ ਘਾਟੇ ਤੇ ਹੀ ਅਲਾਟ ਹੋਏ ਹਨ। ਉਨਾਂ ਕਿਹਾ ਕਿ ਅਜਿਹਾ ਹੋਰ ਠੇਕੇਦਾਰਾਂ ਵੱਲੋਂ ਟੈਂਡਰ ਨਾ ਪਾਉਣ ਕਰਕੇ ਹੋਇਆ ਹੈ। ਜਦੋਂ ਕਿਸੇ ਹੋਰ ਠੇਕੇਦਾਰ ਨੇ ਟੈਂਡਰ ਹੀ ਨਹੀਂ ਪਾਇਆ, ਫਿਰ ਜਿਨ੍ਹਾਂ ਨੇ ਟੈਂਡਰ ਪਾਇਆ ਸੀ, ਉਨਾਂ ਨੂੰ ਅਲਾਟ ਕਰਨਾ ਮਜਬੂਰੀ ਬਣ ਗਿਆ। ਉਨਾਂ ਨੋਟਿੰਗ ਲਿਖੇ ਹੋਣ ਬਾਰੇ ਪੁਸ਼ਟੀ ਤਾਂ ਕੀਤੀ ,ਪਰ ਨਾਲ ਇਹ ਵੀ ਕਿਹਾ ਕਿ ਨੋਟਿੰਗ ਤੋਂ ਕੁਝ ਸਮਾਂ ਬਾਅਦ ਦੀ ਪੂਹਲਾ ਸੋਸਾਇਟੀ ਦੇ ਠੇਕੇਦਾਰਾਂ ਨੇ ਨਿਯਮਾਂ ਅਨੁਸਾਰ ਕੰਮ ਸਿਰੇ ਚੜ੍ਹਾ ਦਿੱਤੇ ਸੀ। ਪੂਹਲਾ ਸੋਸਾਇਟੀ ਦੇ ਠੇਕੇਦਾਰ ਦਾ ਪੱਖ ਜਾਣਨ ਲਈ ਉਸ ਨੂੰ ਫੋਨ ਕੀਤਾ, ਪਰ ਫੋਨ ਤੇ ਨੈਟਵਰਕ ਵਿਜੀ ਹੋਣ ਦਾ ਮੈਸਜ ਹੀ ਸੁਣਨ ਨੂੰ ਮਿਲਿਆ। 

ਪੂਹਲਾ ਸੋਸਾਇਟੀ ਵਾਲਿਆਂ ਨੂੰ ਕਿਵੇਂ ਭਵਿੱਖਬਾਣੀ ਹੋਈ ਬਈ ਕਿਸੇ ਹੋਰ ਨੇ ਟੈਂਡਰ ਨਹੀਂ ਪਾਉਣੇ,,

ਇਹ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਆਖਿਰ ਹੋਰ ਕਿਸੇ ਠੇਕੇਦਾਰ ਨੇ 8 ਕਰੋੜ ਦੇ ਕਰੀਬ ਵਿਕਾਸ ਕੰਮਾਂ ਦੇ ਟੈਂਡਰ ਪਾਉਣ ਚ, ਰੁਚੀ ਕਿਉਂ ਨਹੀਂ ਲਈ ? ਇੱਥੇ ਹੀ ਬੱਸ ਨਹੀਂ, ਕਿ ਭਦੌੜ ਚ, 26  % ਅਤੇ ਤਪਾ ਚ, 19  % ਘਾਟੇ ਤੇ ਟੈਂਡਰ ਪਾਉਣ ਵਾਲੀ ਸੁਸਾਇਟੀ ਦੇ ਠੇਕੇਦਾਰਾਂ ਨੂੰ ਇਹ ਪਹਿਲਾਂ ਹੀ ਕਿਵੇਂ ਪਤਾ ਲੱਗ ਗਿਆ ਕਿ ਕਿਸੇ ਹੋਰ ਠੇਕੇਦਾਰ ਜਾਂ ਸੋਸਾਇਟੀ ਨੇ ਟੈਂਡਰ ਨਹੀਂ ਪਾਉਣੇ। ਦਰਅਸਲ ਸਚਾਈ ਇਹੋ ਹੈ ਕਿ ਇਹ ਸਾਰੀ ਟੈਂਡਰ ਘੁਟਾਲੇ ਦੀ ਖੇਡ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਲਈ ਅਤੇ ਆਪਣੀਆਂ ਜੇਬਾਂ ਭਰਨ ਲਈ ਗਿਣੀ ਮਿੱਥੀ ਸਾਜਿਸ਼ ਤਹਿਤ ਖੇਡੀ ਗਈ ਹੈ।

ਸਾਬਕਾ ਮੀਤ ਪ੍ਰਧਾਨ ਲੋਟਾ ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

ਨਗਰ ਕੌਂਸਲ ਦੇ ਸਭ ਤੋਂ ਵੱਧ ਵਾਰ ਮੈਂਬਰ ਰਹੇ ਅਤੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਆਪਣਾ ਤਜੁਰਬਾ ਸਾਂਝਾ ਕਰਦਿਆਂ ਕਿਹਾ ਕਿ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਬਿਨਾਂ ਪੂਲ ਤੋਂ ਕੋਈ ਵੀ ਠੇਕੇਦਾਰ 2 ਜਾਂ 3  % ਦੇ ਘਾਟੇ ਤੇ ਟੈਂਡਰ ਕਦੇ ਵੀ ਨਹੀਂ ਪਾਉਂਦਾ। ਇਹ ਸਿਰਫ ਉਦੋਂ ਹੀ ਹੁੰਦਾ ਹੈ, ਜਦੋਂ ਬਾਕੀ ਠੇਕੇਦਾਰਾਂ ਨਾਲ ਪੂਲ ਯਾਨੀ ਟੈਂਡਰ ਸਬੰਧੀ ਆਪਸੀ ਸਮਝੌਤਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਹ ਪੂਲ ਨਾਲ ਨਗਰ ਕੌਂਸਲ ਦੇ ਫੰਡਾਂ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਿਆ ਹੈ। ਇਸ ਮਾਮਲੇ ਦੀ ਜਲਦ ਹੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਤਾਂਕਿ ਘੱਟ ਘਾਟੇ ਤੇ ਟੈੱਡਰ ਅਲਾਟ ਕਰਨ ਵਾਲੇ ਕੌਂਸਲ ਅਧਿਕਾਰੀਆਂ ਦਾ ਚਿਹਰਾ ਬੇਨਕਾਬ ਹੋ ਸਕੇ। ਉਨਾਂ ਕਿਹਾ ਕਿ ਉਹ ਇਹ ਮਾਮਲਾ ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਧਿਆਨ ਚ, ਵੀ ਲਿਆਉਣਗੇ ਅਤੇ ਆਲ੍ਹਾ ਅਧਿਕਾਰੀਆਂ ਨੂੰ ਲਿਖਤ ਸ਼ਕਾਇਤ ਵੀ ਕਰਨਗੇ। 

ਸਭ ਗੋਲਮਾਲ ਹੈ ਬਈ ਸਭ ਗੋਲਮਾਲ ਹੈ,,

ਕਾਂਗਰਸ ਦੇ ਲੋਕਲ ਆਗੂਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਇਸ ਸਾਰੇ ਘੁਟਾਲੇ ਚ, 20 ਤੋਂ ਲੈ ਕੇ 25 ਲੱਖ ਰੁਪਏ ਦਾ ਭ੍ਰਿਸਟਾਚਾਰ ਹੋਇਆ ਹੈ। ਪਰ ਇਸ ਖੇਡ ਚ, ਕਿਹੜਾ ਆਗੂ ਸ਼ਾਮਿਲ ਹੈ, ਇਸ ਨੂੰ ਲੈ ਕੇ ਕਾਂਗਰਸੀ ਆਗੂ ਇੱਕ ਦੂਸਰੇ ਵੱਲ ਹੀ ਉਂਗਲ ਕਰ ਰਹੇ ਹਨ। ਇੱਕ ਗੱਲ ਤੇ ਦੋਵੇਂ ਕਾਂਗਰਸੀ ਗੁੱਟਾਂ ਦੇ ਆਗੂ ਇੱਕਮੱਤ ਹਨ ਕਿ ਇਲਾਕੇ ਦੇ ਇੱਕ ਚੁਣੇ ਹੋਏ ਕਾਂਗਰਸੀ ਨੁਮਾਇੰਦੇ ਨੇ ਹੀ ਟੈਂਡਰ ਘੁਟਾਲੇ ਚ, ਅਹਿਮ ਭੂਮਿਕਾ ਅਦਾ ਕੀਤੀ ਹੈ। ਉਸ ਆਗੂ ਨੇ ਹੀ ਅਧਿਕਾਰੀਆਂ ਤੇ ਕਾਂਗਰਸੀ ਆਗੂਆਂ ਚ, ਲੱਖਾਂ ਰੁਪਏ ਦੀ ਵੰਡ ਪਾਈ ਹੈ। ਕਿਹੜੇ ਅਧਿਕਾਰੀ ਕੋਲ ਤੇ ਨੇਤਾ ਕੋਲ ਕਿੰਨ੍ਹੇ ਲੱਖ ਰੁਪੱਈਆ ਪਹੁੰਚਿਆ ਇਸ ਦੀ ਰਿਕਾਰਡਿੰਗ ਵੀ ਬਰਨਾਲਾ ਟੂਡੇ ਕੋਲ ਮੌਜੂਦ ਹੈ।

Advertisement
Advertisement
Advertisement
Advertisement
Advertisement
error: Content is protected !!